ਚੋਰ ਦੀ ਮਾਂ ਤੇ ਕੋਠੀ ‘ਚ ਮੂੰਹ.! ਪਹਿਲਾਂ ਰੱਖਿਆ ਪਰਦਾ ਤੇ ਫਿਰ ਦੋਸ਼ੀ ਫੜ੍ਹਿਆ ਜਾਣ ਤੋਂ ਬਾਅਦ ਖੁੱਲ੍ਹਿਆ ਭੇਦ, ਆਖਿਰ ਡੀਐਸਪੀ ਨੇ ਤੋੜੀ ਚੁੱਪ..
ਹਰਿੰਦਰ ਨਿੱਕਾ, ਬਰਨਾਲਾ 12 ਨਵੰਬਰ 2025
ਲੋਕ ਤਾਂ ਐਂਵੇ ਹੀ, ਥਾਣੇ ਦੇ ਨੇੜੇ ਜਾਂ ਸ਼ਹਿਰ ਅੰਦਰ ਹੁੰਦੀਆਂ ਚੋਰੀਆਂ ਅਤੇ ਚੋਰੀਆਂ ਤੋਂ ਬਾਅਦ ਵੀ ਚੋਰਾਂ ਦੇ ਨਾ ਫੜ੍ਹੇ ਜਾਣ ਦਾ ਰੋਸ ਪੁਲਿਸ ਤੇ ਕਰੀ ਜਾਂਦੇ ਹਨ। ਪੁਲਿਸ ਨੂੰ ਤਾਂ ਥਾਣਾ ਸਿਟੀ 1 ਬਰਨਾਲਾ ਦੇ ਅੰਦਰ ਮਾਲ ਖਾਨੇ ਵਿੱਚੋਂ ਹੋਈ ਚੋਰੀ ਦਾ ਪਤਾ ਵੀ ਚੋਰੀ ਦੀ ਵਾਰਦਾਤ ਤੋਂ ਦੋ ਮਹੀਨਿਆਂ ਬਾਅਦ ਹੀ ਲੱਗਿਆ। ਇੱਥੇ ਹੀ ਵੱਸ ਨਹੀਂ, ਥਾਣੇ ਦੇ ਮਾਲਖਾਨੇ ਵਿੱਚ ਪਏ ਲੱਖਾਂ ਰੁਪਏ ਵੇਖ ਕੇ ਬੇਈਮਾਨ ਹੋਏ ਪੁਲਿਸ ਮੁਲਾਜਮ ਨੂੰ ਕੇਸ ਦਰਜ ਹੋਣ ਤੋਂ ਕਰੀਬ ਚਾਰ ਮਹੀਨਿਆਂ ਬਾਅਦ ਫੜ੍ਹਿਆ ਗਿਆ। ਜੀ ਹਾਂ, ਇਹ; ਘਟਨਾਕ੍ਰਮ ਤੋਂ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ,ਪੁਲਿਸ ਨੇ ਬਕਾਇਦਾ, ਇਹ ਸਭ ਗੱਲਾਂ ਦਾ ਜਿਕਰ, 1 ਅਗਸਤ 2025 ਨੂੰ ਥਾਣਾ ਸਿਟੀ 1 ਬਰਨਾਲਾ ਵਿਖੇ ਦਰਜ ਐਫਆਈਆਰ ਵਿੱਚ ਬਹੁਤ ਹੀ ਡਿਟੇਲ ਨਾਲ ਕੀਤਾ ਗਿਆ ਹੈ।
ਮਾਲਖਾਨੇ ਵਿੱਚੋਂ ਚੋਰੀ ਹੋਇਆ ਮਾਲ ਇੱਕ ਦੋ ਲੱਖ ਨਹੀਂ, ਪੂਰੇ 55 ਲੱਖ 48 ਹਜਾਰ 50 ਰੁਪਏ ਦੀ ਨਗਦੀ ਅਤੇ 146.350 ਗ੍ਰਾਮ ਸੋਨਾ ਸ਼ਾਮਿਲ ਹੈ। ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਪੁਲਿਸ ਨੇ ਇੱਨ੍ਹੀਂ ਵੱਡੀ ਚੋਰੀ ਤੇ ਉਦੋਂ ਤੱਕ ਪਰਦਾ ਹੀ ਪਾਈ ਰੱਖਿਆ, ਜਦੋਂ ਲੱਖਾਂ ਰੁਪਏ ਦੀ ਚੋਰੀ ਕਰਨ ਦੇ ਜੁਰਮ ਵਿੱਚ ਪੁਲਿਸ ਨੇ ਸਿਪਾਹੀ ਹਰਪ੍ਰੀਤ ਸਿੰਘ ਨੂੰ ਗਿਰਫਤਾਰ ਕਰ ਲਿਆ। ਮਾਲਖਾਨੇ ਵਿੱਚੋਂ ਜੋ ਸਮਾਨ ਅਤੇ ਨਗਦੀ ਚੋਰੀ ਹੋਈ ਹੈ, ਇਹ 13 ਮੁਕੱਦਮਿਆਂ ਦਾ ਮਾਲ ਮੁਕੱਦਮਾਂ ਹੈ। ਇਹ ਸਾਰੇ ਮੁਕੱਦਮੇ ਸਾਲ 2020 ਤੋਂ 2023 ਤੱਕ ਦਰਜ ਹੋਏ ਹਨ।
ਕੀ ਹੈ ਪੂਰਾ ਮਾਮਲਾ ਤੇ ਕਿਵੇਂ ਪੁਲਿਸ ਨੂੰ ਪਤਾ ਲੱਗਿਆ..
ਥਾਣਾ ਸਿਟੀ 1 ਬਰਨਾਲਾ ਵਿਖੇ ਮਿਤੀ 1/8/2025 ਨੂੰ ਦਰਜ ਐਫਆਈਆਰ ਅਨੁਸਾਰ, ਅਫਸਰ ਇਚਾਰਜ ਥਾਣਾ ਸਿਟੀ 1 ਬਰਨਾਲਾ ਅਤੇ ਸ:ਥ ਅਵਤਾਰ ਸਿੰਘ ,ਹਰਪ੍ਰੀਤ ਸਿੰਘ ,ਮਹਿਲਾ ਸੀਨੀ: ਸਿਪਾਹੀ: ਹਰਦੀਪ ਕੌਰ ਅਤੇ ਸਿਪਾਹੀ ਗੁਰਸੇਵਕ ਸਿੰਘ ਦੇ ਹਾਜਰ ਥਾਣਾ ਸੀ ਤਾਂ ਸ:ਥਾਣੇਦਾਰ ਰਣਜੀਤ ਸਿੰਘ ਇੰਚਾਰਜ ਮਾਲਖਾਨਾ ਥਾਣਾ ਸਿਟੀ ਬਰਨਾਲਾ ਰਾਂਹੀ ਥਾਣੇ ਦੇ ਮਾਲਖਾਨਾ ਦੀ ਚੈਕਿੰਗ ਕੀਤੀ ਗਈ, ਜੋ ਚੈਕਿੰਗ ਕਰਨ ਤੋਂ 13 ਕੇਸਾਂ ਵਿੱਚ ਮਾਲ ਮੁਕੱਦਮਾ ਘੱਟ ਹੋਣਾ ਪਾਇਆ ਗਿਆ। ਸਭ ਤੋਂ ਜਿਆਦਾ ਨਗਦੀ ਐਫਆਈਆਰ ਨੰਬਰ 344/2020 ਦੇ ਮਾਲ ਮੁਕੱਦਮਾਂ ਵਿੱਚ 35,68,300 ਰੁਪਏ ਸ਼ਾਮਿਲ ਹੈ। ਇੱਨ੍ਹਾਂ ਕੇਸਾਂ ਵਿੱਚ ਮਾਲ ਮੁਕੱਦਮਾਂ ਦਾ ਵੇਰਵਾ ਹੇਠ ਲਿਖੇ ਮੁਤਾਬਿਕ ਹੈ:-
ਦਰਜ ਮੁਕੱਦਮਾਂ ਮੁਤਾਬਿਕ ਚੈਕਿੰਗ ਤੋਂ ਕੁੱਲ ਮਾਲ ਮੁਕੱਦਮਾ ਨਗਦੀ 55,48,050 ਰੁਪਏ ਅਤੇ ਸੋਨਾ ਵਜਨੀ 146.350 ਗ੍ਰਾਮ ਬਣਦਾ ਹੈ, ਜੋ ਕਿ ਮਾਲਖਾਨਾ ਥਾਣਾ ਸਿਟੀ ਬਰਨਾਲਾ ਵਿਚ ਚੋਰੀ ਹੋਣਾ ਪਾਇਆ ਗਿਆ ਹੈ। SI/SHO ਵੱਲੋਂ ਕੀਤੀ ਗਈ ਪੜਤਾਲ ਤੋਂ ਪਾਇਆ ਗਿਆ ਕਿ ਇਸ ਚੋਰੀ ਦੀ ਵਾਰਦਾਤ ਨੂੰ ਸਿਪਾਹੀ ਹਰਪ੍ਰੀਤ ਸਿੰਘ 278/ਬਰਨਾਲਾ CCTNS ਓਪ੍ਰੇਟਰ ਥਾਣਾ ਸਿਟੀ ਬਰਨਾਲਾ ਪੁੱਤਰ ਰਾਜੂ ਗਿੱਲ ਵਾਸੀ ਤਲਵੰਡੀ ਰੋਡ ਭਦੌੜ ਜਿਲ੍ਹਾ ਬਰਨਾਲਾ ਵੱਲੋਂ ਮਿਤੀ 4/5 ਜੂਨ 2025 ਦੀ ਦਰਮਿਆਨੀ ਰਾਤ ਨੂੰ ਡੁਪਲੀਕੇਟ ਚਾਬੀਆਂ ਦੀ ਵਰਤੋਂ ਕਰਕੇ ਮਾਲਖਾਨਾ ਦਾ ਜਿੰਦਾ ਗਲਤ ਤਰੀਕੇ ਨਾਲ ਖੋਲ ਕੇ ਉਸ ਵਿੱਚ ਨਗਦੀ ਅਤੇ ਸੋਨਾ ਚੋਰੀ ਕਰਕੇ ਅੰਜਾਮ ਦਿੱਤਾ ਗਿਆ ਹੈ। ਪੁਲਿਸ ਨੇ ਨਾਮਜ਼ਦ ਦੋਸ਼ੀ ਪੁਲਿਸ ਮੁਲਾਜਮ ਸਿਪਾਹੀ ਹਰਪ੍ਰੀਤ ਸਿੰਘ ਦੇ ਖਿਲਾਫ ਅਧੀਨ ਜੁਰਮ 331(4), 306 BNS ਦੇ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਤਫਤੀਸ਼ ਐਸਆਈ ਮਨਪ੍ਰੀਤ ਕੌਰ ਨੂੰ ਸੌਪੀ ਗਈ ਹੈ।
ਡੀਐਸਪੀ ਬੈਂਸ ਨੇ ਕਿਹਾ..
ਡੀਐਸਪੀ ਸਤਵੀਰ ਸਿੰਘ ਬੈਂਸ ਨੇ ਚੋਰੀ ਦੀ ਵਾਰਦਾਤ ਤੋਂ 6 ਮਹੀਨਿਆਂ ਬਾਅਦ, ਕੇਸ ਦਰਜ ਹੋਣ ਤੋਂ ਦੋ ਮਹੀਨਿਆਂ ਬਾਅਦ ਅਤੇ ਦੋਸ਼ੀ ਹਰਪ੍ਰੀਤ ਸਿੰਘ ਦੇ ਗਿਰਫਤਾਰੀ ਹੋ ਜਾਣ ਤੋਂ ਬਾਅਦ ਮੀਡੀਆ ਨੂੰ ਇੱਕ ਵੀਡੀਓ ਕਲਿਪ ਰਾਹੀਂ ਦੱਸਿਆ ਗਿਆ ਹੈ ਕਿ ਦੋਸ਼ੀ ਫੜ੍ਹਿਆ ਗਿਆ ਹੈ, ਉਸ ਦਾ 14 ਨਵੰਬਰ ਤੱਕ ਪੁਲਿਸ ਰਿਮਾਂਡ ਵੀ ਮਿਲਿਆ ਹੈ। ਬੇਸ਼ੱਕ ਉਕਤ ਐਫ ਆਈ ਆਰ ਵਿੱਚ ਚੋਰੀ ਕੀਤੀ ਨਗਦੀ ਅਤੇ ਲੱਖਾਂ ਰੁਪਏ ਦੇ ਸੋਨੇ ਦਾ ਜ਼ਿਕਰ ਕੀਤਾ ਗਿਆ ਹੈ, ਪਰੰਤੂ ਡੀਐਸਪੀ ਬੈਂਸ ਨੇ ਇਹ ਦੱਸਣ ਤੋਂ ਇਹ ਕਹਿ ਕੇ ਸੰਕੋਚ ਹੀ ਕੀਤਾ ਹੈ ਕਿ ਹਾਲੇ ਚੋਰੀ ਦੀ ਸਹੀ ਫਿਗਰ ਦਾ ਰਜਿਸਟਰ ਨਾਲ ਮਿਲਾਉਣ ਕਰਨਾ ਬਾਕੀ ਹੈ। ਬੈਂਸ ਨੇ ਇਹ ਜ਼ਰੂਰ ਕਿਹਾ ਹੈ ਕਿ ਦੋਸ਼ੀ ਸਿਪਾਹੀ ਕਰੀਬ ਅੱਠ ਸਾਲ ਤੋਂ ਮਹਿਕਮਾ ਪੁਲਿਸ ਵਿਚ ਡਿਊਟੀ ਕਰ ਰਿਹਾ ਸੀ। ਘਟਨਾ ਸਾਹਮਣੇ ਆਉਣ ਤੋਂ ਬਾਅਦ ਉਹ ਫ਼ਰਾਰ ਹੋ ਗਿਆ ਅਤੇ ਡਿਊਟੀ ਤੋਂ ਗੈਰਹਾਜ਼ਰ ਚੱਲ ਰਿਹਾ ਸੀ। ਮਹਿਕਮਾ ਵੱਲੋਂ ਉਸ ਦੀ ਤਨਖਾਹ ਵੀ, ਉਸ ਦੇ ਫ਼ਰਾਰ ਹੋਣ ਤੋਂ ਬਾਅਦ ਬੰਦ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਵੱਲੋਂ ਕੁੱਲ ਕਿੰਨ੍ਹੇ ਰੁਪਏ ਦੀ ਨਗਦੀ ਅਤੇ ਸੋਨਾ ਚੋਰੀ ਕੀਤੇ ਗਏ ਹਨ, ਇਸ ਦੀ ਪੜਤਾਲ ਹਾਲੇ ਜ਼ਾਰੀ ਹੈ।







