ਨਾਰੀਅਲ ਤੇ ਨਿਆਜ਼ ਦੇ ਨਾਲ ਹੀ, ਓਸ ਨੇ ਆਪਣੀ ਪ੍ਰੇਮਿਕਾ, ਉਹ ਦੇ ਧੀ ਤੇ ਪੁੱਤ ਨੂੰ ਵੀ ਨਹਿਰ ‘ਚ ਰੋੜਿਆ
ਹਰਿੰਦਰ ਨਿੱਕਾ, ਬਰਨਾਲਾ 5 ਨਵੰਬਰ 2025
ਆਪਣੇ ਪਿੰਡ ਦੀ ਵਿਧਵਾ ਔਰਤ ਨਾਲ ਨਜਾਇਜ ਰਿਸ਼ਤਾ ਬਣਾ ਕੇ, ਉਸ ਦੀ ਜਮੀਨ ਅਤੇ ਲੱਖਾਂ ਰੁਪਏ ਹੜੱਪ ਕਰਕੇ ਔਰਤ ਤੇ ਉਸ ਦੇ ਦੋ ਜੁਆਨ ਬੱਚਿਆ ਸਣੇ ਨਹਿਰ ਵਿੱਚ ਧੱਕਾ ਦੇ ਕੇ,ਮੌਤ ਦੇ ਘਾਟ ਉਤਾਰ ਦੇਣ ਦੇ ਹੌਲਨਾਕ ਮਾਮਲੇ ‘ਚ ਪੁਲਿਸ ਨੇ ਦੋਸ਼ੀ ਨੂੰ ਗਿਰਫਤਾਰ ਕਰਕੇ,ਮਾਂ ਅਤੇ ਧੀ ਦੀ ਲਾਸ਼ ਵੀ ਬਰਾਮਦ ਕਰ ਲਈ ਹੈ, ਜਦੋਂਕਿ ਇੱਕ ਲਾਸ਼ ਦੀ ਹਾਲੇ ਤਲਾਸ਼ ਜ਼ਾਰੀ ਹੈ। ਇਹ ਮਾਮਲਾ ਥਾਣਾ ਸਦਰ ਬਰਨਾਲਾ ਦੇ ਪਿੰਡ ਸੇਖਾ ਦਾ ਹੈ। ਦੋਸ਼ੀ ਨੇ ਪੂਰੇ ਮਾਮਲੇ ਤੋਂ ਧਿਆਨ ਭਟਕਾਉਣ ਲਈ, ਕੁੱਝ ਦਿਨ ਪਹਿਲਾਂ ਫੇਸਬੁੱਕ ਤੇ ਵੀਡੀਓ ਪਾ ਕੇ, ਖੁਦ ਨੂੰ ਬੇਕਸੂਰ ਦੱਸਦਿਆਂ ਨਹਿਰ ‘ਚ ਛਾਲ ਮਾ ਕੇ, ਖੁਦਕਸ਼ੀ ਕਰਨ ਦਾ ਡਰਾਮਾ ਵੀ ਰਚਿਆ ਸੀ। ਪਰੰਤੂ ਪੁਲਿਸ ਨੇ ਉਸ ਨੂੰ ਬਦੋਚ ਕੇ, ਪੂਰੇ ਘਟਨਾਕ੍ਰਮ ਤੋਂ ਪਰਦਾ ਚੱਕ ਦਿੱਤਾ।
ਮੀਡੀਆ ਨੂੰ ਮੁਖਾਤਿਬ ਹੁੰਦਿਆਂ ਐਸਐਸਪੀ ਮੁਹੰਮਦ ਸਰਫ਼ਰਾਜ ਆਲਮ ਅਤੇ ਸੋਹਨ ਲਾਲ PPS SP (H) ਬਰਨਾਲਾ ਨੇ ਦੱਸਿਆ ਕਿ ਮਿਤੀ 26.10.2025 ਨੂੰ ਪਿੰਡ ਸੇਖਾ ਥਾਣਾ ਸਦਰ ਬਰਨਾਲਾ ਦੇ ਰਹਿਣ ਵਾਲੇ ਇੱਕੋ ਘਰ ਦੇ 3 ਮੈਂਬਰ ਕਿਰਨਜੀਤ ਕੌਰ (45 ਸਾਲ) ਪਤਨੀ ਸਤਪਾਲ ਸਿੰਘ, ਉਸ ਦੀ ਪੁੱਤਰੀ ਸੁਖਚੈਨਪ੍ਰੀਤ ਕੌਰ (25 ਸਾਲ) ਅਤੇ ਪੁੱਤਰ ਹਰਮਨਜੀਤ ਸਿੰਘ (22 ਸਾਲ) ਦੀ ਸ਼ੱਕੀ ਹਾਲਤ ਵਿੱਚ ਲਾਪਤਾ ਹੋ ਜਾਣ ਦੀ ਸ਼ਿਕਾਇਤ ਪੁਲਿਸ ਨੂੰ ਮਿਲੀ ਸੀ।
ਇਸੇ ਦੌਰਾਨ ਪੁਲਿਸ ਨੂੰ ਮਨੁੱਖੀ ਅਤੇ ਤਕਨੀਕੀ ਖੁਫੀਆ ਜਾਣਕਾਰੀ ਅਨੁਸਾਰ ਪਿੰਡ ਸੇਖਾ ਦੇ ਰਹਿਣ ਵਾਲੇ ਕੁਲਵੰਤ ਸਿੰਘ ਕਾਂਤੀ ਦੀ ਸ਼ੱਕੀ ਭੂਮਿਕਾ ਸਾਹਮਣੇ ਆਈ ਜੋ ਕਿ ਲਾਪਤਾ ਪਰਿਵਾਰ ਦੇ ਬਹੁਤ ਨੇੜੇ ਸੀ। ਪੁਲਿਸ ਨੇ ਸਤਵੀਰ ਸਿੰਘ ਬੈਂਸ PPS ਉਪ ਕਪਤਾਨ ਪੁਲਿਸ ਬਰਨਾਲਾ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਜਗਜੀਤ ਸਿੰਘ ਮੁੱਖ ਅਫਸਰ ਥਾਣਾ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਦੋਸ਼ੀ ਕੁਲਵੰਤ ਸਿੰਘ ਖਿਲਾਫ ਐਫ.ਆਈ.ਆਰ. ਨੰਬਰ 181 ਮਿਤੀ 4.11.2025 ਧਾਰਾ 140(1), 127(2) ਬੀਐਨਐਸ ਥਾਣਾ ਸਦਰ ਬਰਨਾਲਾ ਦਰਜ ਕਰਵਾ ਕੇ ਉਸ ਨੂੰ ਕਾਬੂ ਕਰ ਲਿਆ । ਦੌਰਾਨੇ ਤਫਤੀਸ਼ ਇੰਕਸ਼ਾਫ ਹੋਇਆ ਕਿ ਦੋਸ਼ੀ ਕਾਂਤੀ ਨੇ ਪਟਿਆਲਾ ਨੇੜੇ ਭਾਖੜਾ ਨਹਿਰ ਵਿੱਚ ਧੱਕਾ ਦੇ ਕੇ ਉਕਤ ਜਿਕਰਯੋਗ ਤਿੰਨੋਂ ਜਣਿਆ ਦਾ ਕਤਲ ਕਰ ਦਿੱਤਾ ਹੈ।
ਦੌਰਾਨ ਏ ਤਹਿਕੀਕਾਤ ਪੁਲਿਸ ਦੇ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਕੁਲਵੰਤ ਸਿੰਘ ਕਾਂਤੀ ਦੇ ਵਿਧਵਾ ਕਿਰਨਜੀਤ ਕੌਰ ਲੰਬੇ ਸਮੇਂ ਤੋਂ ਦੋਸਤਾਨਾ ਸਬੰਧ ਸਨ। ਜਿਸ ਨੇ ਕਿਰਨਜੀਤ ਕੌਰ ਉਕਤ ਦੀ ਜ਼ਮੀਨ ਵੇਚਣ ਤੋਂ ਬਾਅਦ ਪ੍ਰਾਪਤ ਹੋਏ ਲਗਭਗ 20 ਲੱਖ ਰੁਪਏ ਦੀ ਹੇਰਾਫੇਰੀ ਕੀਤੀ ਸੀ। ਜਿਸ ਸਬੰਧੀ ਕਿਰਨਜੀਤ ਕੌਰ ਕੁਝ ਸਮੇਂ ਤੋਂ ਅਪਣੇ ਪੈਸਿਆ ਦੀ ਮੰਗ ਕਰ ਰਹੀ ਸੀ। ਜਿਸ ਦੇ ਚਲਦਿਆਂ ਦੋਸ਼ੀ ਕੁਲਵੰਤ ਸਿੰਘ ਆਪਣੀ ਕਾਰ ਵਿੱਚ 26.10.2025 ਦੀ ਰਾਤ ਨੂੰ ਮਾਤਾ ਨੈਣਾ ਦੇਵੀ ਦੀ ਯਾਤਰਾ ਦੇ ਬਹਾਨੇ ਪੂਰੇ ਪਰਿਵਾਰ ਨੂੰ ਆਪਣੇ ਨਾਲ ਲੈ ਕੇ ਗਿਆ ਸੀ। ਜਿਸ ਨੇ ਵਾਪਸ ਆਉਂਦੇ ਸਮੇਂ ਪਟਿਆਲਾ ਨੇੜੇ ਭਾਖੜਾ ਨਹਿਰ ਵਿੱਚ ਨਾਰੀਅਲ ਅਤੇ ਨਿਆਜ (ਮਿੱਠੇ ਚੌਲ) ਚੜ੍ਹਾਉਣ ਦਾ ਬਹਾਨਾ ਬਣਾ ਕੇ ਕਿਰਨਜੀਤ ਕੌਰ , ਸੁਖਚੈਨਪ੍ਰੀਤ ਕੌਰ ਅਤੇ ਹਰਮਨਜੀਤ ਸਿੰਘ ਸੇਖਾ ਨੂੰ ਨਹਿਰ ਵਿੱਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮੁਕੱਦਮਾ ਹਜਾ ਸਬੰਧੀ ਹੋਰ ਡੂੰਘਾਈ ਨਾਲ ਜਾਂਚ ਜਾਰੀ ਹੈ। ਦੋਸੀ ਉਕਤ ਨੂੰ ਮਾਨਯੋਗ ਅਦਾਲਤਾਂ ਵਿਖੇ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਜਾਂਚ-ਪੜਤਾਲ ਕੀਤੀ ਜਾਵੇਗੀ।
ਇੱਕ ਗੱਲ ਹੋਰ ਵੀ ਆਈ ਸਾਹਮਣੇ,,
ਸੇਖਾ ਪਿੰਡ ਦੇ ਮੋਹਤਬਰ ਵਿਅਕਤੀਆਂ ਤੋਂ ਪਤਾ ਲੱਗਿਆ ਕਿ ਕਰੀਬ 8 ਕੁ ਸਾਲ ਪਹਿਲਾਂ ਕਿਰਨਜੀਤ ਕੌਰ ਦੇ ਪਤੀ ਸੱਤਪਾਲ ਸਿੰਘ ਦੀ ਮੌਤ ਹੋ ਗਈ ਸੀ। ਕਿਰਨਜੀਤ ਕੌਰ ਦੇ ਪਰਿਵਾਰ ਕੋਲ 6 ਕਿੱਲੇ ਜਮੀਨ ਵੀ ਸੀ। ਜਿਸ ਤੋਂ ਕਰੀਬ ਸਾਲ ਕੁ ਬਾਅਦ ਹੀ ਦੋਸ਼ੀ ਕੁਲਵੰਤ ਸਿੰਘ ਕਾਂਤੀ ਨੇ ਕਿਰਨਜੀਤ ਕੌਰ ਨਾਲ ਕਰੀਬੀ ਰਿਸ਼ਤਾ ਕਾਇਮ ਕਰ ਲਿਆ। ਕੁਲਵੰਤ ਸਿੰਘ ਦੀ ਆਪਣੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਸੀ, ਉਸ ਨੇ ਕਿਰਨਜੀਤ ਕੌਰ ਨਾਲ ਨਜਦੀਕੀਆਂ ਬਣਾ ਕੇ, ਉਸ ਨੂੰ ਭਰੋਸੇ ਵਿੱਚ ਲੈ ਕੇ, ਉਸ ਦੀ ਜਮੀਨ ਵਿਕਵਾ ਦਿੱਤੀ। ਜਮੀਨ ਬਦਲੇ ਹੋਰ ਜਮੀਨ ਲੈ ਕੇ, ਦੇਣ ਦੀ ਥਾਂ, ਉਸ ਨੇ ਵੇਚੀ ਹੋਈ ਜਮੀਨ ਦੇ ਪੈਸੇ ਆਪਣੇ ਕੋਲ ਰੱਖ ਕੇ, ਕੁੱਝ ਕਿੱਲੇ ਜਮੀਨ , ਮੁੱਲ ਲੈ ਕੇ ਦੇਣ ਦੀ ਥਾਂ ਗਹਿਣੇ ਲੈ ਦਿੱਤੀ। ਦੋਸ਼ੀ ਨੇ ਕਿਰਨਜੀਤ ਦੇ ਸਿਰੋਂ ਹੀ ਕੋਠੀ ਵੀ ਬਣਾ ਲਈ, ਨਵੀਂ ਸਵਿਫਟ ਕਾਰ ਲੈ ਲਈ ਅਤੇ ਆਪਣੇ ਪੁੱਤ ਨੂੰ ਬਾਹਰ ਭੇਜਣ ਲਈ, ਕੁੰਭੜਵਾਲ ਦੀ ਕੁੜੀ ਨਾਲ ਵਿਆਹ ਕਰਕੇ, ਉਸ ਨੂੰ ਵਿਦੇਸ਼ ਭੇਜਣ ਲਈ, ਕਰੀਬ 30 ਲੱਖ ਰੁਪਏ ਵੀ ਖਰਚ ਕੀਤਾ।
ਚੋਰਾਂ ਨੂੰ ਪੈ ਗਏ ਮੋਰ..
ਜਿਵੇਂ ਕੁਲਵੰਤ ਸਿੰਘ ਕਾਂਤੀ ਨੇ ਕਿਰਨਜੀਤ ਕੌਰ ਨਾਲ ਉਸ ਦੀ ਜਮੀਨ ਵਿਕਵਾ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ , ਉਸ ਨਾਲ ਵੀ ਅੱਗੋਂ ਮੁੰਡੇ ਨੂੰ ਵਿਦੇਸ਼ ਭੇਜਣ ਦੇ ਲਾਲਚ ਵਿੱਚ ਕਥਿਤ ਤੌਰ ਤੇ ਠੱਗੀ ਵੱਜ ਗਈ। ਜਿਸ ਦਾ ਖੁਲਾਸਾ, ਉਸ ਨੇ ਪੁਲਿਸ ਦੀ ਗ੍ਰਿਫਤ ਵਿੱਚ ਆਉਣ ਤੋਂ ਪਹਿਲਾਂ ਅਤੇ ਤਿੰਨ ਜਣਿਆਂ ਨੂੰ ਮੌਤ ਦੇ ਘਾਟ ਉਤਾਰ ਦੇਣ ਤੋਂ ਵਾਅਦ ਇੱਕ ਵੀਡੀਓ ਫੇਸਬੁੱਕ ਤੇ ਪੋਸਟ ਕਰਕੇ ਕੀਤਾ ਕਿ ਉਸ ਨਾਲ ਵੀ ਠੱਗੀ ਵੱਜ ਗਈ ਹੈ। ਪਿੰਡ ਦੇ ਮੋਹਤਬਰਾਂ ਦਾ ਕਹਿਣਾ ਹੈ ਕਿ ਹਾਲੇ ਮਹੀਨਾ ਕੁ ਪਹਿਲਾਂ ਹੀ ਕੁਲਵੰਤ ਸਿੰਘ ਦਾ ਉਸ ਦੇ ਮੁੰਡੇ ਨੂੰ ਵਿਆਹ ਦੇ ਅਧਾਰ ਤੇ ਵਿਦੇਸ਼ ਭੇਜਣ ਵਾਲੇ ਏਜੰਟ ਅਤੇ ਉਸ ਦੇ ਪੁੱਤ ਦੇ ਸੌਹਰਿਆਂ ਨਾਲ 12 ਲੱਖ ਰੁਪਏ ਵਿੱਚ ਪੰਚਾਇਤੀ ਸਮਝੌਤਾ ਹੋਇਆ ਹੈ।







