ਹਰਿੰਦਰ ਨਿੱਕਾ, ਪਟਿਆਲਾ 13 ਅਗਸਤ 2025
ਥਾਣਾ ਤ੍ਰਿਪੜੀ ਖੇਤਰ ‘ਚ ਪੈਂਦੀ ਇੱਕ ਬੈਂਕ ਵਿੱਚ ਰਕਮ ਟਰਾਂਸਫਰ ਕਰਨ ਲਈ ਪਹੁੰਚੀ ਮਹਿਲਾ ਪੰਚਾਇਤ ਸੈਕਟਰੀ ਤੋਂ ਇੱਕ ਪਿੰਡ ਦਾ ਸਰਪੰਚ ਚੈੱਕ ਬੁੱਕ ਖੋਹ ਕੇ ਆਪਣੇ ਸਾਥੀਆਂ ਸਣੇ ਫਰਾਰ ਹੋ ਗਿਆ। ਪੰਚਾਇਤ ਸੈਕਟਰੀ ਨੇ ਨਾਮਜ਼ਦ ਦੋਸ਼ੀ ਸਰਪੰਚ, ਇੱਕ ਪੰਚਾਇਤ ਮੈਂਬਰ ਸਣੇ,ਉਸ ਦੇ ਸਾਥੀ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਵਾ ਦਿੱਤਾ ਤੇ ਹੁਣ ਪੁਲਿਸ, ਨਾਮਜ਼ਦ ਦੋਸ਼ੀਆਂ ਨੂੰ ਲੱਭਣ ਲਈ ਪੱਬਾਂ ਭਾਰ ਹੋਈ ਫਿਰਦੀ ਹੈ।
ਕੀ ਹੈ ਪੂਰਾ ਮਾਮਲਾ ਤੇ ਕਿਵੇਂ ਖੋਹੀ ਚੈਕ ਬੁੱਕ…
ਪੁਲਿਸ ਨੂੰ ਦਿੱਤੇ ਬਿਆਨ ‘ਚ ਪੰਚਾਇਤ ਸੈਕਟਰੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ ਸਰਹੰਦੀ ਗੇਟ ਪਟਿਆਲਾ ਇਲਾਕੇ ਦੀ ਰਹਿਣ ਵਾਲੀ ਹੈ ਅਤੇ ਮਹਿਕਮਾ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਬਤੌਰ ਪੰਚਾਇਤ ਸੈਕਟਰੀ ਨੌਕਰੀ ਕਰਦੀ ਹੈ। ਓਹ ਪਿੰਡ ਬਾਰਨ ਦੀ ਗ੍ਰਾਮ ਪੰਚਾਇਤ ਵਿਖੇ ਬਤੌਰ ਸਕੱਤਰ ਦੀ ਡਿਊਟੀ ਕਰ ਰਹੀ ਹੈ। 12 ਅਗਸਤ ਨੂੰ ਬੀ.ਡੀ.ਪੀ.ਓ. ਨੇ ਉਸ ਨੂੰ ਚੈਕ ਬੁੱਕ ਦੇ ਕੇ ਪਿੰਡ ਬਾਰਨ ਅਤੇ ਨਵਾਂ ਬਾਰਨ ਦੇ ਬੈਂਕ ਖਾਤਿਆ ਵਿੱਚ ਰਕਮ ਟਰਾਸਫਰ ਕਰਨ ਲਈ ਐਚ.ਡੀ.ਐਫ.ਸੀ. ਬੈਂਕ ਦੀ ਡੀ.ਐਲ.ਐਫ. ਕਲੋਨੀ ਤ੍ਰਿਪੜੀ ਸਥਿਤ ਬਰਾਂਚ ਵਿਖੇ ਭੇਜਿਆ ਸੀ। ਉਹ ਬੈਂਕ ਵਿੱਚ ਬੈਠੀ ਬੀ.ਡੀ.ਪੀ.ਓ. ਦਾ ਇੰਤਜਾਰ ਕਰ ਰਹੀ ਸੀ। ਇਸੇ ਦੌਰਾਨ ਉਸ ਦੇ ਫੋਨ ਪਰ ਪਿੰਡ ਬਾਰਨ ਦੇ ਸਰਪੰਚ ਗੁਰਤੇਜ ਸਿੰਘ ਨੇ ਫੋਨ ਕੀਤਾ ਅਤੇ ਚੈਕ ਬੁੱਕ ਬਾਰੇ ਪਤਾ ਕਰਨ ਲੱਗਿਆ ਅਤੇ ਚੈਕ ਬੁੱਕ ਦੀ ਮੰਗ ਕਰਨ ਲੱਗ ਪਿਆ। ਇੱਥੇ ਹੀ ਬੱਸ ਨੇ ਫਿਰ ਉਹ ਕੁੱਝ ਸਮੇਂ ਬਾਅਦ ਆਪਣੀ ਸਾਥੀ ਪੰਚਾਇਤ ਮੈਂਬਰ ਦਰਸ਼ਨ ਸਿੰਘ, ਪਿੰਡ ਬਾਰਨ ਦੇ ਹੀ ਸਾਬਕਾ ਸਰਪੰਚ ਹਰਚੰਦ ਸਿੰਘ ਅਤੇ 2/3 ਹੋਰ ਅਣਪਛਾਤੇ ਦੋਸ਼ੀਆਂ ਸਣੇ ਬੈਂਕ ਅੰਦਰ ਆ ਗਏ। ਉਹ, ਉਸ ਨੂੰ ਮਾਰੂ ਹਥਿਆਰ ਨਾਲ ਡਰਾ-ਧਮਕਾ ਕੇ ਚੈਕਬੁੱਕ ਦੀ ਮੰਗ ਕਰਨ ਲੱਗ ਪਏ। ਮੁਦਈ ਨੇ ਘਬਰਾ ਕੇ ਚੈਕਬੁੱਕ ਆਪਣੇ ਜਾਣਕਾਰ ਵਿਕਰਾਂਤ ਸਿੰਘ ਨੂੰ ਦੇ ਦਿੱਤੀ ਤਾ ਉਕਤ ਸਾਰੇ ਜਣਿਆਂ ਨੇ ਵਿਕਰਾਂਤ ਸਿੰਘ ਨਾਲ ਹੱਥੋਪਾਈ ਕੀਤੀ ਤੇ ਚੈਕਬੁੱਕ ਖੋਹ ਕੇ ਫਰਾਰ ਗਏ। ਪੁਲਿਸ ਨੇ ਪੰਚਾਇਤ ਸੈਕਟਰੀ ਜਸਪ੍ਰੀਤ ਕੌਰ ਦੇ ਬਿਆਨ ਪਰ, ਨਾਮਜ਼ਦ ਦੋਸ਼ੀਆਂ ਖਿਲਾਫ U/S 118(1), 115(2),126(2),191(3), 190,351(3) BNS ਤਹਿਤ ਥਾਣਾ ਤ੍ਰਿਪੜੀ ਵਿਖੇ ਐਫਆਈਆਰ ਦਰਜ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।







