ਕਰੋੜਾਂ ਦੇ ਟੈਂਡਰ ਰੱਦ,ਭ੍ਰਿਸ਼ਟਾਚਾਰ ਦੀ ਬੂ.. ‘ਤੇ ਕਹਿੰਦੇ ਵਿੱਚੇ ਸੁਣੀਂਦਾ ਤੂੰ…!

Advertisement
Spread information

ਕਈ ਦਿਨ ਤੋਂ ਚੱਲ ਰਹੀ ਸੀ ਘੈਂਸ-ਘੈਂਸ, 2.60 ਕਰੋੜ ‘ਚ ਹੋ ਗਿਆ ਸੀ ਪੂਲ..!

ਹਰਿੰਦਰ ਨਿੱਕਾ, ਬਰਨਾਲਾ 17 ਜੁਲਾਈ 2025 

     ਨਗਰ ਕੌਂਸਲ ਬਰਨਾਲਾ ਵੱਲੋਂ ਸ਼ਹਿਰ ਦੇ ਵਿਕਾਸ ਕੰਮਾਂ ਲਈ ਅਪ੍ਰੈਲ ਮਹੀਨੇ ਲਾਏ ਗਏ ਕਰੋੜਾਂ ਰੁਪਏ ਦੇ ਟੈਂਡਰ ਕਈ ਦਿਨਾਂ ਤੋਂ ਚੱਲ ਰਹੀ ਘੈਂਸ ਘੈਂਸ ਦੇ ਦਰਮਿਆਨ ਅੱਜ ਚੁੱਪ ਚਪੀਤੇ ਰੱਦ ਕਰ ਦਿੱਤੇ ਗਏ ਹਨ ! ਸ਼ਹਿਰ ਅੰਦਰ ਕਈ ਦਿਨਾਂ ਤੋਂ ਟੈਂਡਰ ਖੋਲ੍ਹਣ ਸਮੇਂ ਹੋਏ ਕਥਿਤ ਭ੍ਰਿਸ਼ਟਾਚਾਰ ਦੀ ਚੱਲ ਰਹੀ ਘੁਸਰ-ਮੁਸਰ ਨੂੰ ਹੀ ਟੈਂਡਰ ਰੱਦ ਹੋਣ ਦੀ ਵਜ੍ਹਾ ਮੰਨਿਆ ਜਾ ਰਿਹਾ ਹੈ। ਕਨਸੋਅ ਇਹ ਵੀ ਨਿੱਕਲ ਕੇ ਸਾਹਮਣੇ ਆ ਰਹੀ ਹੈ ਕਿ ਟੈਂਡਰ ਖੋਲ੍ਹਣ ਤੋਂ ਪਹਿਲਾਂ ਕੌਂਸਲ ਦੇ ਦੋ ਅਧਿਕਾਰੀਆਂ ਨੇ ਠੇਕੇਦਾਰਾਂ ਦਾ ਪੂਲ ਕਰੀਬ 2 ਕਰੋੜ 60 ਲੱਖ ਰੁਪਏ ਵਿੱਚ ਕਰਵਾ ਦਿੱਤਾ ਸੀ ਅਤੇ ਆਖਿਰ ਪੂਲ ਦੀ ਰਾਸ਼ੀ ਵੰਡਣ ਦੇ ਨਾਂ ਤੇ ਕੀਤੀ ਜਾ ਰਹੀ ਹਿੱਸਿਆਂ ਦੀ ਬਾਂਦਰ ਵੰਡ ਦਾ ਰੌਲਾ ਅਜਿਹਾ ਸ਼ੁਰੂ ਹੋਇਆ ਕਿ ਆਖਿਰ ਟੈਂਡਰ ਹੀ ਰੱਦ ਕਰਨਾ ਪੈ ਗਿਆ। ਟੈਂਡਰ ਰੱਦ ਕੀਤੇ ਜਾਣ ਦੀ ਪੁਸ਼ਟੀ ਕਰਨ ਲਈ ਨਗਰ ਕੌਂਸਲ ਦੇ ਈ.ਓ ਨੂੰ ਫੋਨ ਕੀਤਾ ਗਿਆ, ਪਰ ਉਨ੍ਹਾਂ ਫੋਨ ਰਿਸੀਵ ਕਰਨਾ ਉਚਿਤ ਨਹੀਂ ਸਮਝਿਆ।

       ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵਿਕਾਸ ਕੰਮਾਂ ਸਬੰਧੀ ਕਰੋੜਾਂ ਰੁਪਏ ਦੇ ਟੈਂਡਰ ਅਪ੍ਰੈਲ ਮਹੀਨੇ ਵਿੱਚ ਮੰਗੇ ਗਏ ਸਨ। ਪ੍ਰਤੂੰ ਪਹਿਲਾਂ ਦੋ ਤਿੰਨ ਵਾਰ ਤਾਂ ਟੈਂਡਰਾਂ ਦੀ ਰਾਸ਼ੀ ਹੀ ਘਟਾਈ ਵਧਾਈ ਜਾਂਦੀ ਰਹੀ । ਆਖਿਰ ਕਰੀਬ 23 ਕਰੋੜ ਰੁਪਏ ਦੇ ਟੈਂਡਰ ਲਾਉਣ ਦਾ ਫੈਸਲਾ ਹੋ ਹੀ ਗਿਆ। ਬੇਸ਼ੱਕ ਟੈਂਡਰ ਖੋਲ੍ਹਣ ਦਾ ਸਮਾਂ 12 ਜੂਨ ਰੱਖਿਆ ਗਿਆ ਸੀ। ਪ੍ਰੰਤੂ ਠੇਕੇਦਾਰਾਂ ਵਿੱਚ ਪੂਲ ਕਰਵਾਉਣ ਦਾ ਰਚਿਆ ਜਾ ਰਿਹਾ ਚੱਕਰਵਿਊ ਕਾਫੀ ਉਲਝਿਆ ਹੀ ਰਿਹਾ। ਇੱਕ ਠੇਕੇਦਾਰ ਨੂੰ ਸਹਿਮਤ ਕੀਤਾ ਜਾਂਦਾ ਤਾਂ ਡੱਡੂਆਂ ਦੀ ਪੰਸੇਰੀ ਤੋਲਣ ਵਾਂਗ ਕੋਈ ਦੂਜਾ ਠੇਕੇਦਾਰ ਛਾਲ ਮਾਰੀ ਜਾਂਦਾ ਰਿਹਾ। ਆਖਿਰ ਕੌਂਸਲ ਦੇ ਦੋ ਅਧਿਕਾਰੀਆਂ ਨੇ ਠੇਕੇਦਾਰਾਂ ਨਾਲ ਦਿਨ ਰਾਤ ਵੱਖ ਵੱਖ ਥਾਂਵਾਂ ਤੇ ਕੀਤੀਆਂ ਮੀਟਿੰਗਾਂ ਦੇ ਦੌਰ ਤੋਂ ਬਾਅਦ ਪੂਲ 2 ਕਰੋੜ 60 ਲੱਖ ਰੁਪਏ ਵਿੱਚ ਤੈਅ ਹੋ ਗਿਆ ਤੇ ਕੁਝ ਟੈਂਡਰ 7 ਜੁਲਾਈ ਨੂੰ ਖੋਲ੍ਹ ਵੀ ਦਿੱਤੇ ਗਏ। ਜਦੋਂ ਕਿ ਬਕਾਇਆ ਟੈਂਡਰ ਲੰਘੀ ਕੱਲ੍ਹ ਖੋਲ੍ਹੇ ਜਾਣਗੇ ਸਨ।  ਰੱਦ ਕੀਤੇ ਗਏ ਟੈਂਡਰਾਂ ਦੀ ਬੇਸ਼ੱਕ ਕੋਈ ਅਧਿਕਾਰਿਤ ਜਾਣਕਾਰੀ ਤਾਂ ਸਾਹਮਣੇ ਨਹੀਂ ਆਈ, ਪਰੰਤੂ ਪਤਾ ਲੱਗਿਆ ਕਿ ਜਿੰਨ੍ਹਾਂ ਠੇਕੇਦਾਰਾਂ ਨੂੰ ਟੈਂਡਰ ਅਲਾਟ ਕੀਤੇ ਗਏ, ਉਹ ਸਿਰਫ 4 ਤੋਂ 10 ਪ੍ਰਤੀਸ਼ਤ ਘਾਟੇ ਵਿੱਚ ਹੀ ਸਨ। ਜਦੋਂਕਿ ਇਸ ਤੋਂ ਪਹਿਲਾਂ ਕਦੇ ਵੀ ਇੱਨ੍ਹੇਂ ਘੱਟ ਰੇਟਾਂ ਤੇ ਟੈਂਡਰ ਅਲਾਟ ਨਹੀਂ ਕੀਤੇ ਗਏ ਸਨ।  ਜਿਵੇਂ ਕਿਵੇਂ ਪੂਲ ਸਿਰੇ ਚੜ੍ਹ ਜਾਣ ਉਪਰੰਤ ਟੈਂਡਰ ਖੋਲ੍ਹ ਦਿੱਤੇ ਗਏ, ਇੱਨ੍ਹਾਂ ਟੈਂਡਰਾਂ ਵਿੱਚੋਂ ਬਹੁਤਾ ਹਿੱਸਾ ਸੱਤਾਧਾਰੀ ਧਿਰ ਦੇ ਇੱਕ ਆਗੂ ਦੀ ਰਹਿਨੁਮਾਈ ਵਿੱਚ ਚੱਲ ਰਹੀ ਇੱਕ ਫਰਮ ਦੇ ਹਿੱਸੇ ਹੀ ਆਇਆ। ਕਿਉਂਕਿ ਉਹ ਬਾਈ ਜੀ ਦੀ ਸਭ ਤੋਂ ਭਰੋਸੇਯੋਗ ਬੰਦਿਆਂ ਵਿੱਚ ਗਿਣਿਆ ਜਾਂਦਾ ਹੈ।

  ਫਿਰ 2 ਕਰੋੜ 60 ਲੱਖ ਰੁਪਏ ਪੂਲ ਦੀ ਕੁੱਝ ਅਧਿਕਾਰੀਆਂ, ਠੇਕੇਦਾਰਾਂ ਤੇ ਸੱਤਾਧਾਰੀ ਧਿਰ ਦੇ ਅਹੁਦੇਦਾਰਾਂ ਵਿੱਚ ਵੰਡੀ ਜਾਣ ਵਾਲੀ ਰਾਸ਼ੀ ਦੀ ਗੱਲ ਵੀ ਬਾਹਰ ਆਉਣੀ ਸ਼ੁਰੂ ਹੋ ਗਈ।                                         

      ਦੱਸਿਆ ਜਾ ਰਿਹਾ ਹੈ ਕਿ ਪੂਲ ਸਿਰੇ ਚੜ੍ਹ ਜਾਣ ਦੀ ਭਿਣਕ ਬਾਈ ਜੀ ਦੇ ਕੰਨੀਂ ਵੀ ਜਾ ਪਈ। ਤੇ ਕਈ ਦਿਨਾਂ ਦੀ ਘੈਂਸ-ਘੈਂਸ ਤੋਂ ਬਾਅਦ ਟੈਂਡਰ ਰੱਦ ਕਰ ਦੇਣ ਦਾ ਫੁਰਮਾਨ ਚੁਪਕੇ ਜਿਹੇ ਸੁਣਾ ਦਿੱਤਾ ਗਿਆ ਹੈ । ਨਗਰ ਕੋਂਸਲ ਦਫਤਰ ਵਿੱਚ ਕਈ ਦਿਨਾਂ ਤੋਂ ਕੌਂਸਲ ਕਰਮਚਾਰੀ, ਪੰਜਾਬੀ ਦੀ ਇੱਕ ਕਹਾਵਤ, ਵੇ ਜੈ ਵੱਢੀ ਦਿਆ ਵਿੱਚੇ ਸੁਣੀਂਦਾ ਤੂੰ.. ਇੱਕ ਦੂਜੇ ਕੋਲ ਖੜ੍ਹ ਕੇ ਸੁਣਾਉਂਦੇ ਸੁਣੇ ਗਏ। ਕੁੱਝ ਕਰਮਚਾਰੀ ਇਹ ਵੀ ਦੱਸ ਰਹੇ ਹਨ ਕਿ ਜਦੋਂ ਗੱਲ ਬਾਈ ਜੀ ਤੱਕ ਪਹੁੰਚ ਗਈ ਤਾਂ ਪੂਲ ਕਰਵਾਉਣ ਵਿੱਚ ਸ਼ਾਮਿਲ ਰਿਹਾ ਇੱਕ ਅਧਿਕਾਰੀ ਖੁਦ ਨੂੰ ਸੱਚਾ-ਸੁੱਚਾ ਸਾਬਿਤ ਕਰਨ ਲਈ ਬਾਈ ਜੀ ਦੇ ਕੋਲ ਪੂਲ ਹੋ ਜਾਣ ਦੀ ਗੱਲ ਵੀ ਦੱਬੇ ਪੈਰੀਂ ਕਹਿ ਆਇਆ ਸੀ। ਪੂਰੇ ਟੈਂਡਰ ਘੋਟਾਲੇ ਦਾ ਸੱਚ ਕੀ ਹੈ, ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਸਾਹਮਣੇ ਆਵੇਗਾ। ਪਰੰਤੂ ਇੱਕ ਗੱਲ ਪੱਕੀ ਹੈ ਕਿ ਸ਼ਹਿਰ ਦੇ ਵਿਕਾਸ ਕੰਮਾਂ ਦੀ ਰਫਤਾਰ ਨੂੰ ਇੱਕ ਵਾਰ ਫਿਰ ਬਰੇਕ ਲੱਗ ਗਈ ਹੈ। ਟੈਂਡਰ ਰੱਦ ਹੋਣ ਦੀ ਪੁਸ਼ਟੀ ਕਰਨ ਲਈ ਨਗਰ ਕੋਂਸਲ ਦੇ ਈਓ ਵਿਸ਼ਾਲਦੀਪ ਬਾਂਸਲ ਨੂੰ ਫੋਨ ਕੀਤਾ, ਪਰੰਤੂ ਉਨਾਂ ਫੋਨ ਰਿਸੀਵ ਨਹੀਂ ਕੀਤਾ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੱਖਣ ਸ਼ਰਮਾ ਨੇ ਕਿਹਾ ਕਿ ਟੈਂਡਰ ਲੇਟ ਖੋਲ੍ਹਣ , ਰੱਦ ਕਰਨ ਅਤੇ ਪੂਲ ਹੋਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਤਾਂ ਸੱਤਾਧਾਰੀ ਧਿਰ ਨੂੰ ਕਰਵਾਉਣੀ ਹੀ ਚਾਹੀਂਦੀ ਹੈ। ਜੇਕਰ ਸੱਤਾਧਾਰੀ ਇਹ ਜਾਂਚ ਨਹੀਂ ਕਰਵਾਉਣਗੇ ਤਾਂ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਨਗਰ ਕੋਂਸਲ ਦੇ ਵਿਕਾਸ ਕੰਮਾਂ ਵਿੱਚ ਹੋ ਰਹੇ ਘੁਟਾਲਿਆਂ ਅਤੇ ਇਮਾਨਦਾਰੀ ਦੀ ਦੁਹਾਈ ਦੇਣ ਵਾਲਿਆਂ ਦੀ ਭੂਮਿਕਾ ਬਾਰੇ ਜਾਂਚ ਉਹ ਜਰੂਰ ਕਰਵਾਈ ਜਾਵੇਗੀ। ਮੱਖਣ ਸ਼ਰਮਾ ਨੇ ਕਿਹਾ ਕਿ ਸਿਰੂ ਟੈਂਡਰ ਰੱਦ ਕਰਨਾ ਹੀ ਕਾਫੀ ਨਹੀਂ ਹੈ, ਸਰਕਾਰ ਨੂੰ ਉਨ੍ਹਾਂ ਅਧਿਕਾਰੀਆਂ ਅਤੇ ਅਹੁਦੇਦਾਰਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕਰਨੀ ਚਾਹੀਦੀ ਹੈ। ਤਾਂ ਕਿ ਲੋਕਾਂ ਦੇ ਖੂਨ ਪਸੀਨੇ ਦੀ ਟੈਕਸਾਂ ਰਾਹੀਂ ਇਕੱਠੀ ਹੋਣ ਵਾਲੀ ਕਮਾਈ ਨੂੰ ਲੁੱਟਣ ਵਾਲਿਆਂ ਦੇ ਚਿਹਰੇ ਬੇਨਕਾਬ ਹੋ ਸਕਣ। 

Advertisement
Advertisement
Advertisement
Advertisement
error: Content is protected !!