ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਅਧਿਆਪਕਾਂ ਦੀ ਦੋ ਰੋਜ਼ਾ ਟ੍ਰੇਨਿੰਗ ਦੀ ਸ਼ੁਰੂਆਤ
ਰਘਵੀਰ ਹੈਪੀ, ਬਰਨਾਲਾ 16 ਜੁਲਾਈ 2025
ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਤਹਿਤ ਜਿਲਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ, ਉਪ ਜਿਲ੍ਹਾ ਸਿੱਖਿਆ ਅਫ਼ਸਰ ਡਾਕਟਰ ਬਰਿਜੰਦਰਪਾਲ ਸਿੰਘ, ਡਾਇਟ ਪ੍ਰਿੰਸੀਪਲ ਡਾਕਟਰ ਮੋਹਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਹੇਠ ਜਿਲ੍ਹਾ ਨੋਡਲ ਅਫ਼ਸਰ ਰਣਜੀਤ ਸਿੰਘ ਜੰਡੂ ਅਤੇ ਜਿਲਾ ਰੀਸੋਰਸ ਕੋਆਰਡੀਨੇਟਰ ਕਮਲਦੀਪ ਦੀ ਅਗਵਾਈ ਵਿੱਚ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਅਧਿਆਪਕਾਂ ਦੀ ਦੋ ਰੋਜ਼ਾ ਟ੍ਰੇਨਿੰਗ ਦੀ ਸ਼ੁਰੂਆਤ ਸਕੂਲ ਆਫ ਐਮੀਨੈਂਸ ਬਰਨਾਲਾ ਵਿਖੇ ਕੀਤੀ ਗਈ। ਜਿਸ ਵਿੱਚ ਥਾਣਾ ਸਿਟੀ 1 ਦੇ ਐਸਐਚਓ ਲਖਵਿੰਦਰ ਸਿੰਘ, ਏਐਸਆਈ ਅਵਤਾਰ ਸਿੰਘ, ਪੰਜਾਬ ਟੂਡੇ ਅਤੇ ਟੂਡੇ ਨਿਊਜ਼ ਦੇ ਸੰਪਾਦਕ ਹਰਿੰਦਰ ਨਿੱਕਾ ਅਤੇ ਟੂਡੇ ਨਿਊਜ਼ ਗਰੁੱਪ ਦੇ ਮਾਲਵਾ ਹੈਡ ਰਘਵੀਰ ਹੈਪੀ, ਰੋਜਾਨਾ ਸਪੋਕਸਮੈਨ ਟੀਵੀ ਚੈਨਲ ਦੇ ਰਿਪੋਟਰ ਅਮਨਦੀਪ ਰਾਠੌਰ ਵਿਸ਼ੇਸ਼ ਰੂਪ ਵਿੱਚ ਪਹੁੰਚੇ। ਇਸ ਮੌਕੇ ਪ੍ਰੋਗਰਾਮ ਦੇ ਕੋਆਰਡੀਨੇਟਰ ਹਰਵਿੰਦਰ ਸਿੰਘ ਰੋਮੀ ਅਤੇ ਸਮੂਹ ਅਧਿਆਪਕਾਂ ਵੱਲੋ ਉਨ੍ਹਾਂ ਨੂੰ ਜੀ ਆਇਆ ਆਖਿਆ ਗਿਆ । 

ਸਟਿੰਗ ਪੀਣ ਵਾਲੇ ਵਿਦਿਆਰਥੀਆਂ ਤੇ ਪੈਣੀ ਨਜ਼ਰ ਰੱਖਣ-ਐਸਐਚਓ ਲਖਵਿੰਦਰ ਸਿੰਘ
ਅਧਿਆਪਕਾਂ ਦੇ ਇਸ ਸੈਮੀਨਾਰ ਨੂੰ ਸੰਬੋਧਨ ਕਰਿਦਆਂ ਐਸਐਚਓ ਲਖਵਿੰਦਰ ਸਿੰਘ ਅਤੇ ਏਐਸਆਈ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆ ਖਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ, ਕਿਸੇ ਵੀ ਨਸ਼ਾ ਤਸਕਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਨਸ਼ੇ ਦੀ ਲਤ ਦਾ ਸ਼ਿਕਾਰ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਲਿਜਾ ਕੇ,ਉਨਾਂ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਆਏ ਦਿਨ ਨਸ਼ਾਂ ਤਸਕਰਾਂ ਨੂੰ ਦਬੋਚਕੇ ਉਨਾਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਉਨਾਂ ਕਿਹਾ ਕਿ ਇਸ ਸੈਮੀਨਾਰ ਵਿੱਚ ਪਹੁੰਚਕੇ ਸਾਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਬੱਚੇ ਦਾ ਸਭ ਤੋਂ ਪਹਿਲਾ ਗੁਰੂ ਉਸ ਦਾ ਅਧਿਆਪਕ ਹੀ ਹੁੰਦਾ ਹੈ। ਅਧਿਆਪਕ ਹੀ ਬੱਚੇ ਦਾ ਮਾਰਗ ਦਰਸ਼ਨ ਕਰਦੇ ਹਨ। ਅਧਿਆਪਕ ਇਸ ਸੈਮੀਨਾਰ ਵਿਚ ਬੱਚੇ ਨੂੰ ਨਸ਼ੇ ਤੋ ਕਿਵੇ ਦੂਰ ਰੱਖਣਾ ਹੈ ਬਾਰੇ ਬਾਰੀਕੀਆਂ ਸਿੱਖਣਗੇ ਅਤੇ ਫਿਰ ਬੱਚਿਆਂ ਨੂੰ ਨਸ਼ਿਆ ਤੋ ਦੂਰ ਰੱਖਣ ਲਈ ਉਨਾਂ ਨੂੰ ਪ੍ਰੇਰਿਤ ਕਰਨਗੇ। ਐਸ.ਐਚ.ਓ. ਲਖਵਿੰਦਰ ਸਿੰਘ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਸਟਿੰਗ ਪੀਣ ਵਾਲੇ ਵਿਦਿਆਰਥੀਆਂ ਤੇ ਪੈਣੀ ਨਜ਼ਰ ਰੱਖਣ, ਕਿਉਂਕਿ ਸਿਗਨੇਚਰ ਕੈਪਸੂਲ ਖਾਣ ਤੋਂ ਬਾਅਦ ਅਕਸਰ ਹੀ ਨਸ਼ਾ ਕਰਨ ਵਾਲੇ ਸਟਿੰਗ ਕੋਲ ਡਰਿੰਕ ਪੀਂਦੇ ਹਨ।
ਅਧਿਆਪਕ ਵਰਗ ਦੇ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦਾ ਨਸ਼ਿਆ ਵਿਰੁੱਧ ਯੁੱਧ-
ਪੰਜਾਬ ਟੂਡੇ ਅਤੇ ਟੂਡੇ ਨਿਊਜ਼ ਦੇ ਸੰਪਾਦਕ ਹਰਿੰਦਰ ਨਿੱਕਾ ਨੇ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧਿਆਪਕ ਵਰਗ ਦੇ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦੀ। ਹੁਣ ਦੇਰ ਨਾਲ ਹੀ ਸਹੀ, ਸਰਕਾਰ ਨੇ ਅਧਿਆਪਕਾਂ ਦੇ ਮੋਢਿਆਂ ਤੇ ਇਹ ਜੁੰਮੇਵਾਰੀ ਦੇ ਕੇ,ਸਹੀ ਕਦਮ ਚੁੱਕਿਆ ਹੈ। ਕਿਉਂਕਿ ਬੱਚੇ ਆਪਣੇ ਮਾਪਿਆਂ ਤੋਂ ਵਧੇਰੇ ਅਧਿਆਪਕਾਂ ਦੀ ਗੱਲ ਤੇ ਅਮਲ ਕਰਦੇ ਹਨ। ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕਰਦਿਆਂ ਨਿੱਕਾ ਨੇ ਕਿਹਾ ਕਿ ਜਦੋਂ ਅਸੀਂ ਸਕੂਲ ਵਿੱਚ ਪੜ੍ਹਦੇ ਸੀ ਤਾਂ ਮਾਪੇ ਆਪਣੇ ਬੱਚਿਆਂ ਨੂੰ ਦਾਖਿਲ ਕਰਵਾਉਣ ਸਮੇਂ ਆਪਣੇ ਬੱਚਿਆਂ ਨੂੰ ਇਹ ਕਹਿ ਕੇ ਅਧਿਆਪਕਾਂ ਦੇ ਸਪੁਰਦ ਕਰ ਆਉਂਦੇ ਸਨ ਕਿ ਇਸ ਨੂੰ ਚੰਡ ਕੇ ਪੜ੍ਹਾਉਣਾ, ਅਸੀਂ ਕੋਈ ਉਲਾਭਾਂ ਦੇਣ ਨਹੀਂ ਆਉਂਦੇ, ਜੇਕਰ ਕੋਈ ਵਿਦਿਆਰਥੀ ਸਕੂਲ ਅਧਿਆਪਕ ਵੱਲੋਂ ਪਈ ਕੁੱਟ ਬਾਰੇ ਘਰਦਿਆਂ ਨੂੰ ਦੱਸਦਾ ਤਾਂ ਘਰੋਂ ਫਿਰ ਕੁੱਟ ਪੈਂਦੀ ਸੀ ਕਿ ਤੂੰ ਕੋਈ ਗਲਤੀ ਕੀਤੀ ਹੋਓ ਤਾਂਹੀਓਂ ਉਨਾਂਂ ਕੁੱਟਿਆ ਹੋਣੈ, ਉਦੋਂ ਬੱਚੇ ਪੜ੍ਹਦੇ ਵੀ ਸਨ। ਪਰ ਹੁਣ ਸਮਾਂ ਬਦਲਿਆ ਹੈ, ਮਾਪੇ ਬੱਚਿਆਂ ਨੂੰ ਘੂਰ ਦੇਣ ਦਾ ਉਲਾਭਾਂ ਵੀ ਅਧਿਆਪਕਾਂ ਨੂੰ ਦੇਣ ਤੁਰ ਪੈਂਦੇ ਹਨ, ਨਤੀਜਾ ਵੀ ਇਹੋ ਜਿਹਾ ਹੀ ਆ ਰਿਹਾ।
ਹਰਿੰਦਰ ਨਿੱਕਾ ਨੇ ਕਿਹਾ ਕਿ ਨੌਜਵਾਨਾਂ ਦਾ ਨਸ਼ੇ ਦੀ ਦਲਦਲ ਵਿੱਚ ਫਸ ਜਾਣ ਦਾ ਪਤਾ ਪਹਿਲਾਂ ਪਰਿਵਾਰ, ਫਿਰ ਅਧਿਆਪਕਾਂ ਤੇ ਫਿਰ ਮੁਹੱਲੇ ਵਾਲਿਆਂ ਨੂੰ ਲੱਗਦਾ ਹੈ, ਪੁਲਿਸ ਤੱਕ ਤਾਂ ਗੱਲ ਉਦੋਂ ਪਹੁੰਚਦੀ ਹੈ, ਜਦੋਂ ਨਸ਼ਾ ਨਾਸੂਰ ਬਣ ਜਾਂਦਾ ਹੈ। ਜੇਕਰ ਨਸ਼ੇ ਨੂੰ ਰੋਕਣਾ ਹੈ ਤਾਂ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਨਸ਼ੇ ਦਾ ਸ਼ਿਕਾਰ ਹੋਣ ਬਾਰੇ ਪੁਲਿਸ ਜਾਂ ਮੋਹਤਬਰ ਬੰਦਿਆਂ ਨੂੰ ਦੱਸਣਾ ਚਾਹੀਦਾ ਹੈ, ਤਾਂ ਜੋ ਨੌਜਵਾਨਾਂ ਤੋਂ ਪਤਾ ਲੱਗ ਸਕੇ ਕਿ ਉਨਾਂ ਨੂੰ ਨਸ਼ਾ ਸਪਲਾਈ ਕੌਣ ਕਰਦਾ ਹੈ।
ਅਜਿਹਾ ਕਰਨ ਨਾਲ ਨਸ਼ਾ ਤਸਕਰਾਂ ਤੇ ਸ਼ਿਕੰਜਾ ਕਸਿਆ ਜਾ ਸਕਦਾ ਹੈ। ਨਹੀਂ ਤਾਂ ਉਹ ਦਿਨ ਦੂਰ ਨਹੀਂ, ਜਦੋਂ ਨਸ਼ੇ ਦੀ ਅੱਗ ਦਾ ਸੇਕ, ਹਰ ਘਰ ਤੱਕ ਪਹੁੰਚ ਜਾਵੇਗਾ। ਉਨਾਂ ਕਿਹਾ ਕਿ ਅਧਿਆਪਕ ਯੁੱਧ ਨਸ਼ੇ ਵਿਰੁੱਧ ਮੁਹਿੰਮ ਨੂੰ ਅਮਲੀ ਜਾਮਾ ਪਹਿਣਾਉਣ ਦਾ ਪ੍ਰਣ ਕਰਨ ਤਾਂ ਹੀ ਇਹ ਯੁੱਧ ਜਿੱਤਿਆ ਜਾ ਸਕਦਾ ਹੈ। ਇਸ ਮੌਕੇ ਡਾਕਟਰ ਗਗਨਦੀਪ ਸੇਖੋਂ, ਕੁਲਦੀਪ ਸਿੰਘ ਮਾਨ ਅਤੇ ਹਰਜੀਤ ਸਿੰਘ ਬਾਗੀ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਅਧਿਆਪਕ ਵੀ ਹਾਜ਼ਰ ਸਨ।
ਅਜਿਹਾ ਕਰਨ ਨਾਲ ਨਸ਼ਾ ਤਸਕਰਾਂ ਤੇ ਸ਼ਿਕੰਜਾ ਕਸਿਆ ਜਾ ਸਕਦਾ ਹੈ। ਨਹੀਂ ਤਾਂ ਉਹ ਦਿਨ ਦੂਰ ਨਹੀਂ, ਜਦੋਂ ਨਸ਼ੇ ਦੀ ਅੱਗ ਦਾ ਸੇਕ, ਹਰ ਘਰ ਤੱਕ ਪਹੁੰਚ ਜਾਵੇਗਾ। ਉਨਾਂ ਕਿਹਾ ਕਿ ਅਧਿਆਪਕ ਯੁੱਧ ਨਸ਼ੇ ਵਿਰੁੱਧ ਮੁਹਿੰਮ ਨੂੰ ਅਮਲੀ ਜਾਮਾ ਪਹਿਣਾਉਣ ਦਾ ਪ੍ਰਣ ਕਰਨ ਤਾਂ ਹੀ ਇਹ ਯੁੱਧ ਜਿੱਤਿਆ ਜਾ ਸਕਦਾ ਹੈ। ਇਸ ਮੌਕੇ ਡਾਕਟਰ ਗਗਨਦੀਪ ਸੇਖੋਂ, ਕੁਲਦੀਪ ਸਿੰਘ ਮਾਨ ਅਤੇ ਹਰਜੀਤ ਸਿੰਘ ਬਾਗੀ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਅਧਿਆਪਕ ਵੀ ਹਾਜ਼ਰ ਸਨ।






