ਹਰਿੰਦਰ ਨਿੱਕਾ, ਚੰਡੀਗੜ੍ਹ 23 ਜੂਨ 2025
ਦੇਸ਼ ਦੇ ਚਾਰ ਸੂਬਿਆਂ ਵਿੱਚ 5 ਸੀਟਾਂ ਤੇ ਪੰਜ ਦਿਨ ਪਹਿਲਾਂ ਹੋਈਆਂ ਜਿਮਨੀ ਚੋਣਾਂ ਦਾ ਅੱਜ ਹੁਣ ਤੱਕ ਆ ਰਹੇ ਰੁਝਾਨਾਂ ਅਤੇ ਨਤੀਜਿਆਂ ਵਿੱਚ ਕਾਫੀ ਕੁੱਝ ਸਾਫ ਹੋ ਗਿਆ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਅਤੇ ਗੁਜਰਾਤ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਤਿੰਨ ਜਿਮਨੀ ਚੋਣਾਂ ਵਿੱਚੋਂ ਦੋ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ। ਜਦੋਂਕਿ ਭਾਜਪਾ, ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਦੇ ਹਿੱਸੇ ਇੱਕ ਇੱਕ ਸੀਟ ਆਈ ਹੈ। ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਪ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਉਪਰੰਤ ਹੋਈ ਚੋਣ ਵਿੱਚ ਆਪ ਉਮੀਦਵਾਰ ਸੰਜੀਵ ਅਰੋੜਾ ਬਾਜੀ ਮਾਰ ਗਏ ਹਨ। ਉਨਾਂ ਆਪਣੇ ਨੇੜਲੇ ਵਿਰੋਧੀ ਸਾਬਕਾ ਮੰਤਰੀ ਤੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ 10 ਹਜ਼ਾਰ 637 ਵੋਟਾਂ ਨਾਲ ਪਟਖਣੀ ਦੇ ਦਿੱਤੀ ਹੈ। ਆਸ਼ੂ ਨੂੰ 24 ਹਜ਼ਾਰ 542 ਵੋਟਾਂ ਪ੍ਰਾਪਤ ਹੋਈਆਂ, ਜਦੋਂਕਿ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ ਸਿਰਫ 20 ਹਜ਼ਾਰ 323 ਵੋਟਾਂ ਅਤੇ ਅਕਾਲੀ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ 8 ਹਜ਼ਾਰ 203 ਵੋਟਾਂ ਨਾਲ ਹੀ ਸਬਰ ਕਰਨਾ ਪਿਆ ਹੈ। ਆਪ ਨੂੰ ਦੂਜੀ ਜਿੱਤ ਭਾਜਪਾ ਦੇ ਗੜ੍ਹ ਗੁਜਰਾਤ ਦੀ VISAVADAR ਵਿਧਾਨ ਸਭਾ ਸੀਟ ਤੋਂ ਮਿਲੀ ਹੈ। ਇੱਥੋਂ ਆਮ ਆਦਮੀ ਪਾਰਟੀ ਦੇ ਇਟਾਲੀਆ ਗੋਪਾਲ ਨੇ 75 ਹਜ਼ਾਰ 942 ਵੋਟਾਂ ਲੈ ਕੇ, ਭਾਜਪਾ ਦੇ ਉਮੀਦਵਾਰ ਕੀਰਤ ਪਟੇਲ ਨੂੰ 17 ਹਜ਼ਾਰ 554 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈੇ। ਪਟੇਲ ਨੂੰ 58 ਹਜ਼ਾਰ 338 ਵੋਟਾਂ ਅਤੇ ਕਾਂਗਰਸੀ ਉਮੀਦਵਾਰ ਨਿਤਨ ਰਨਪਾਰੀਆ ਨੂੰ ਸਿਰਫ 5 ਹਜ਼ਾਰ 501 ਵੋਟਾਂ ਹੀ ਮਿਲੀਆਂ ਹਨ।
ਗੁਜਰਾਤ ਦੀ ਦੂਜੀ ਵਿਧਾਨ ਸਭਾ ਸੀਟ ਕਾੜੀ ਤੋਂ ਭਾਜਪਾ ਉਮੀਦਵਾਰ ਰਾਜਿੰਦਰਾਕੁਮਾਰ ਰਾਜੂਭਾਈ ਨੇ 99 ਹਜ਼ਾਰ 742 ਵੋਟਾਂ ਹਾਸਿਲ ਕਰਕੇ, ਕਾਂਗਰਸੀ ਉਮੀਦਵਾਰ ਰਾਮੇਸ਼ਭਾਈ ਚਾਵੜਾ ਨੂੰ 39 ਹਜ਼ਾਰ 452 ਵੋਟਾਂ ਦੇ ਵੱਡੇ ਅੰਤਰ ਨਾਲ ਹਰਾਇਆ ਹੈ। ਚਾਵੜਾ ਨੂੰ 60 ਹਜ਼ਾਰ 290 ਵੋਟਾਂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਾਵੜਾ ਜਗਦੀਸ਼ਭਾਈ ਨੂੰ ਸਿਰਫ 3090 ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਕੇਰਲਾ ਦੀ ਨੀਲੰਬਰ ਵਿਧਾਨ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਆਰਿਆਧਨ ਸ਼ੌਕਾਥ ਨੇ 77 ਹਜ਼ਾਰ 737 ਵੋਟਾਂ ਲੈ ਕੇ, ਸੀਪੀਆਈਐਮ ਦੇ ਉਮੀਦਵਾਰ ਐਮ ਸਵਰਾਜ ਉੱਪਰ 11 ਹਜ਼ਾਰ 77 ਵੋਟਾਂ ਦੀ ਲੀਡ ਪ੍ਰਾਪਤ ਕਰ ਲਈ। ਇੱਥੋਂ ਭਾਜਪਾ ਦੇ ਐਡਵੋਕੇਟ ਮੋਹਨ ਜ਼ੋਰਜੇ ਨੂੰ ਸਿਰਫ 8648 ਵੋਟਾਂ ਹੀ ਮਿਲੀਆਂ ਹਨ।
ਇਸੇ ਤਰਾਂ ਪੱਛਮੀ ਬੰਗਾਲ ਦੀ ਕਾਲੀਗੰਜ ਸੀਟ ਤੋਂ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਅਲੀਫਾ ਅਹਿਮਦ ਨੇ 77 ਹਜ਼ਾਰ 610 ਵੋਟਾਂ ਹਾਸਿਲ ਕਰਕੇ, ਆਪਣੇ ਨਜਦੀਕੀ ਵਿਰੋਧੀ ਭਾਜਪਾ ਦੇ ਉਮੀਦਵਾਰ ਆਸ਼ੀਸ਼ ਘੋਸ਼ ਉੱਤੇ 45 ਹਜ਼ਾਰ 456 ਵੋਟਾਂ ਦੀ ਬੜਤ ਕਾਇਮ ਕਰ ਲਈ ਹੈ। ਆਸ਼ੀਸ਼ ਘੋਸ਼ ਨੂੰ 32 ਹਜ਼ਾਰ 154 ਵੋਟਾਂ ਜਦੋਂਕਿ ਕਾਂਗਰਸੀ ਉਮੀਦਵਾਰ ਕਬੀਲੳਦੀਨ ਸ਼ੇਖ ਨੂੰ 23 ਹਜ਼ਾਰ 271 ਵੋਟਾਂ ਪ੍ਰਾਪਤ ਹੋਈਆਂ ਹਨ। ਕੇਰਲਾ ਅਤੇ ਪੱਛਮੀ ਬੰਗਾਲ ਦੀਆਂ ਸੀਟਾਂ ਦਾ ਨਤੀਜ਼ਾ ਹਾਲੇ ਆਉਣਾ ਬਾਕੀ ਹੈ। ਪੰਰਤੂ ਦੋਵਾਂ ਥਾਂਵਾਂ ਤੇ ਲੀਡ ਦਾ ਅੰਤਰ ਕਾਫੀ ਜਿਆਦਾ ਹੈ। ਕੁੱਲ ਮਿਲਾ ਕੇ, ਆਮ ਆਦਮੀ ਪਾਰਟੀ ਨੇ ਜਿਮਨੀ ਚੋਣਾਂ ਵਿੱਚ ਪੰਜ ਵਿੱਚੋਂ 2 ਸੀਟਾਂ ਤੇ ਜਿੱਤ ਦਰਜ਼ ਕਰਕੇ, ਇੱਕ ਵਾਰ ਫਿਰ ਦੇਸ਼ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ। ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਦੀ ਅਗਵਾਈ ਵਿੱਚ ਪਾਰਟੀ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਵੀ ਆਪਣੇ ਪੈਰ ਮਜਬੂਤੀ ਨਾਲ ਪਸਾਰ ਰਹੀ ਹੈ। ਨਤੀਜੇ ਵਜੋਂ ਆਪ ਨੂੰ 2 ਵਿਧਾਨ ਸਭਾ ਸੀਟਾਂ ਤੇ ਜਿੱਤ ਹਾਸਿਲ ਹੋਈ ਹੈ। ਉਨਾਂ ਲੁਧਿਆਣਾ ਦੀ ਜਿੱਤ ਨੂੰ ਸੈਮੀਫਾਈਨਲ ਕਰਾਰ ਦਿੰਦਿਆ ਕਿਹਾ ਕਿ ਪੰਜਾਬ ਵਿੱਚ 2027 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਫਾਈਨਲ ਮੈਚ ਵੀ ਆਪ ਹੀ ਜਿੱਤੇਗੀ। ਉਨਾਂ ਕਿਹਾ ਕਿ ਆਪ ਦੀ ਜਿੱਤ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀਆਂ ਨੀਤੀਆਂ ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਅਤੇ ਵਲੰਟੀਅਰਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ।







