ਵਿਆਹ ਕਰਵਾਇਆ ‘ਤੇ ਖੁੱਲ੍ਹਿਆ ਦੋਹਰੇ ਕਤਲ ਦਾ ਭੇਦ, ਇਸ਼ਕ ਓਹ ਨੂੰ ਇੰਗਲੈਂਡ ਤੋਂ ਇੰਡੀਆ ਲੈ ਆਇਆ..

Advertisement
Spread information

ਸੱਤ ਸਮੁੰਦਰੋਂ ਪਾਰ ਬਹਿਕੇ ਇੰਝ ਰਚੀ ਵਿਆਹ ਦੇ ਰਾਹ ਚੋਂ ਰੋੜਾ ਹਟਾਉਣ ਦੀ ਯੋਜਨਾ

ਇੱਕ ਸਾਲ ਦੌਰਾਨ ਆਸ਼ਿਕ ਜੋੜੀ ਨੇ ਇੱਕ-ਦੂਜੇ ਨਾਲ ਕੀਤੀਆਂ 2248 ਵਾਰ ਕਾਲਾਂ

ਹਰਿੰਦਰ ਨਿੱਕਾ, ਪਟਿਆਲਾ 30 ਜਨਵਰੀ 2025

      ਵਿਆਹੇ-ਵਰੇ ਅਤੇ ਦੋ-ਦੋ ਬੱਚਿਆਂ ਦੇ ਮਾਪੇ ਵੀ ਬਣ ਚੁੱਕੇ ਇੱਕ ਆਸ਼ਿਕ ਜੋੜੇ ਨੇ ਖੁਦ ਵਿਆਹ ਕਰਵਾਉਣ ਦੇ ਚੱਕਰ ਵਿੱਚ ਗਹਿਰੀ ਸਾਜਿਸ਼ ਤਹਿਤ ਦੋ ਜਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋਹਰੇ ਕਤਲ ਦੀ ਘਿਣਾਉਣੀ ਵਾਰਦਾਤ ਦਾ ਭੇਦ ਉਦੋਂ ਖੁੱਲ੍ਹ ਗਿਆ, ਜਦੋਂ ਇੰਗਲੈਂਡ ਤੋਂ ਇੰਡੀਆਪਹੁੰਚਣ ਤੋਂ ਸਿਰਫ ਦੋ ਦਿਨ ਬਾਅਦ ਹੀ ਐਨਆਰਆਈ ਔਰਤ ਨੇ ਆਪਣੇ ਇੰਡੀਆ ਰਹਿੰਦੇ ਪ੍ਰੇਮੀ ਨਾਲ ਲਾਵਾਂ ਲੈ ਲਈਆਂ। ਵਿਆਹ ਤੋਂ 90 ਦਿਨ ਬਾਅਦ ਹੀ ਪੁਲਿਸ ਨੇ ਇਸ਼ਕ ‘ਚ ਅੰਨ੍ਹੀ ਹੋਈ ਨਵੀਂ ਵਿਆਹੀ ਜੋੜੀ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਦਿਲ ਦਹਿਲਾ ਦੇਣ ਵਾਲਾ ਇਹ ਮਾਮਲਾ ਪਟਿਆਲਾ ਜਿਲ੍ਹੇ ਦੇ ਥਾਣਾ ਘੱਗਾ ਵਿਖੇ ਮ੍ਰਿਤਕ ਔਰਤ ਦੇ ਪਿਤਾ ਦੀ ਸ਼ਕਾਇਤ ਪਰ, ਹੱਤਿਆ ਦੀ ਘਟਨਾ ਤੋਂ ਕਰੀਬ ਇੱਕ ਸਾਲ ਬਾਅਦ ਦਰਜ ਹੋਇਆ ਹੈ।

       ਕੇਸ ਦੇ ਮੁਦਈ ਅਮਰੀਕ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਦਫਤਰੀਵਾਲਾ ਥਾਣਾ ਘੱਗਾ ਨੇ ਪੁਲਿਸ ਨੂੰ ਦਿੱਤੀ ਦੁਰਖਾਸਤ ਵਿੱਚ ਕਿਹਾ ਕਿ ਉਸ ਦੀ ਪੁੱਤਰੀ ਗੁਰਪ੍ਰੀਤ ਕੌਰ ਦੀ ਸ਼ਾਦੀ ਸ਼ੌਕੀਨ ਸਿੰਘ ਵਾਸੀ ਪਿੰਡ ਜਨੇਧਪੁਰ, ਥਾਣਾ ਸੀਵਨ, ਜਿਲਾ ਕੈਂਥਲ ਹਰਿਆਣਾ ਨਾਲ ਹੋਈ ਸੀ। ਸ਼ਾਦੀ ਤੋਂ ਬਾਅਦ ਉਨਾਂ ਦੇ ਘਰ ਦੋ ਪੁੱਤਰ ਪੈਦਾ ਹੋਏ। ਲੰਘੇ ਵਰ੍ਹੇ 15 ਜਨਵਰੀ ਨੂੰ ਉਸ ਦੇ ਜਵਾਈ ਦਾ ਫੋਨ ਆਇਆ ਕਿ ਉਸ ਦੀ ਪਤਨੀ ਗੁਰਪ੍ਰੀਤ ਕੌਰ ਤੇ ਕਰੀਬ ਡੇਢ ਕੁ ਸਾਲ ਦੇ ਬੇਟੇ ਗੁਰਨਾਜ ਸਿੰਘ ਦੀ ਕਲਵਾਨੂੰ ਪਿੰਡ ਕੋਲੋਂ ਲੰਘਦੀ ਭਾਖੜਾ ਨਹਿਰ ਵਿੱਚ ਤਿਲਕ ਦੇ ਡਿੱਗ ਜਾਣ ਕਾਰਣ ਮੌਤ ਹੋ ਗਈ ਸੀ। ਉਸ ਸਮੇਂ ਉਸ ਨੇ ਆਪਣੇ ਜਵਾਈ ਦੀ ਗੱਲ ਤੇ ਭਰੋਸਾ ਕਰਕੇ, 174 ਸੀਆਰਪੀਸੀ ਤਹਿਤ ਕਾਰਵਾਈ ਕਰਵਾ ਦਿੱਤੀ ਸੀ। ਪਰੰਤੂ ਹੁਣ ਉਸ ਨੂੰ ਪਤਾ ਲੱਗਿਆ ਹੈ ਕਿ ਉਸ ਦੀ ਪੁੱਤਰੀ ਅਤੇ ਦੋਹਤੇ ਦਾ ਕਤਲ । ਉਸ ਦੇ ਜਵਾਈ ਸ਼ੌਕੀਨ ਸਿੰਘ ਅਤੇ ਉਸ ਦੀ ਪ੍ਰੇਮਿਕਾ ਕਿਰਨਦੀਪ ਕੌਰ ਵਾਸੀ ਇੰਗਲੈਂਡ ਨੇ ਆਪਣੇ ਵਿਆਹ ਵਿੱਚੋਂ ਰੋੜਾ ਹਟਾਉਣ ਲਈ ਰਚੀ ਗਹਿਰੀ ਸਾਜ਼ਿਸ ਤਹਿਤ ਕੀਤਾ ਹੈ। ਸ਼ਕਾਇਤ ਦੀ ਪੜਤਾਲ ਦੌਰਾਨ ਇਹ ਦੋਸ਼ ਸਹੀ ਸਾਬਿਤ ਹੋਏ, ਪੁਲਿਸ ਨੇ ਐਸਪੀ ਦੀ ਪੜਤਾਲ ਉਪਰੰਤ ਦੋਵਾਂ ਦੋਸ਼ੀਆਂ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। 

ਪੜਤਾਲੀਆ ਅਫਸਰ ਨੇ ਕੱਢਿਆ ਸਿੱਟਾ ,,,

      ਪੜਤਾਲੀਆ ਅਫਸਰ ਐਸਪੀ ਹੈਡਕੁਆਟਰ ਪਟਿਆਲਾ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਉਸ ਦੀ ਪੜਤਾਲ ਅਤੇ ਸਾਹਮਣੇ ਆਏ ਅਹਿਮ ਤੱਥਾਂ ਤੋਂ ਪਤਾ ਲੱਗਦਾ ਹੈ ਕਿ ਸ਼ੌਕੀਨ ਸਿੰਘ ਤੇ ਕਿਰਨਦੀਪ ਕੌਰ ਦੇ ਗੁਰਪ੍ਰੀਤ ਕੌਰ ਦੇ ਜਿਉਂਦੇ ਹੋਣ ਸਮੇ ਹੀ ਪਹਿਲਾਂ ਦੇ ਕਾਫੀ ਪੁਰਾਣੇ ਪ੍ਰੇਮ ਸਬੰਧ ਸਨ। ਜੋ ਕਿ ਦੋਨਾਂ ਵੱਲੋਂ ਵਰਤੇ ਗਏ ਮੋਬਾਇਲ ਨੰਬਰਾਂ ਦੀਆਂ ਹਾਸਲ ਕੀਤੀਆਂ ਗਈਆਂ ਕਾਲ ਡਿਟੇਲਾਂ ਤੋਂ ਅਤੇ ਮਿਤੀ 21.12.2023 ਨੂੰ ਕਿਰਨਦੀਪ ਕੌਰ ਦੇ ਇੰਗਲੈਂਡ ਜਾਣ ਤੋਂ ਪਹਿਲਾਂ ਸਮੇ ਦੀ ਉਹਨਾਂ ਵੱਲੋਂ ਇਕੱਠੇ ਜਨਮ ਦਿਨ ਮਨਾਉਣ ਦੀ ਸਾਹਮਣੇ ਆਈ ਵੀਡੀਓ ਤੋਂ ਵੀ ਸਾਬਤ ਹੁੰਦੇ ਹਨ। ਸ਼ੌਕੀਨ ਸਿੰਘ ਅਤੇ ਕਿਰਨਦੀਪ ਕੌਰ ਵੱਲੋਂ ਇਕੱਠੇ ਰਹਿਣ ਲਈ  ਗੁਰਪ੍ਰੀਤ ਕੌਰ ਨੂੰ ਰਸਤੇ ਵਿੱਚੋਂ ਹਟਾਉਣ ਲਈ ਸਾਜਿਸ਼ ਬਣਾਈ ਗਈ। ਜਿਸ ਦੇ ਚੱਲਦੇ ਮਿਤੀ 15.01.2024 ਨੂੰ ਸ਼ੌਕੀਨ ਸਿੰਘ ਵੱਲੋਂ ਆਪਣੀ ਗੱਡੀ ਮਾਰਕਾ ਆਲਟੋ ਨੰਬਰੀ PB 72 B 3497 ਰੰਗ ਚਿੱਟਾ ਵਿੱਚ ਆਪਣੀ ਪਤਨੀ ਤੇ ਦੋਨੋਂ ਬੱਚਿਆਂ ਸਮੇਤ ਆਪਣੇ ਪਿੰਡ ਜੁਨੈਦਪੁਰ ਤੋਂ ਬਾਇਆ ਬਾਦਸ਼ਾਹਪੁਰ ਕਲਵਾਨੂੰ ਹੁੰਦੇ ਹੋਏ ਆਪਣੇ ਸਹੁਰੇ ਘਰ ਪਿੰਡ ਦਫਤਰੀਵਾਲਾ ਨੂੰ ਜਾਂਦੇ ਹੋਏ ਸਵੇਰੇ ਵਕਤ ਕਰੀਬ 06:15 ਏ.ਐਮ. ਪਰ ਬਾਹੱਦ ਪਿੰਡ ਕਲਵਾਨੂੰ ਭਾਖੜਾ ਨਹਿਰ ਪਿੰਡ ਕਲਵਾਨੂੰ ਥਾਣਾ ਘੱਗਾ ਵਿੱਚ ਗੁਰਪ੍ਰੀਤ ਕੌਰ ਨੂੰ ਸਮੇਤ ਉਸ ਦੇ ਬੱਚੇ ਗੁਰਨਾਜ ਸਿੰਘ ਦੇ ਭਾਖੜਾ ਨਹਿਰ ਵਿੱਚ ਖੁੱਦ ਧੱਕਾ ਦੇ ਕੇ ਜਾਂ ਕਿਸੇ ਦੀ ਮੱਦਦ ਨਾਲ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।

 

             ਇਸ ਘਟਨਾ ਤੋਂ ਕਰੀਬ 10 ਮਹੀਨੇ ਬਾਅਦ ਕਿਰਨਦੀਪ ਕੌਰ ਨੇ ਆਪਣੇ ਪਤੀ ਨਰਿੰਦਰ ਸਿੰਘ ਵੀਸੀ ਇੰਗਲੈਂਡ ਨੂੰ ਤਲਾਕ ਦਿੱਤੇ ਬਿਨ੍ਹਾਂ ਹੀ ਉਸ ਨੂੰ ਇੰਗਲੈਂਡ ਵਿਖੇ ਛੱਡ ਕੇ ਇੰਡੀਆ ਆ ਕੇ 2 ਦਿਨਾਂ ਬਾਅਦ ਹੀ ਸ਼ੌਕੀਨ ਸਿੰਘ ਨਾਲ ਵਿਆਹ ਕਰਵਾ ਲਿਆ ਹੈ। ਪੜਤਾਲੀਆ ਅਫਸਰ ਨੇ ਮ੍ਰਿਤਕਾ ਦੇ ਪਿਤਾ,ਉਸ ਦੀ ਭੈਣ, ਨਾਮਜ਼ਦ ਦੋਸ਼ੀ ਸ਼ੌਕੀਨ ਸਿੰਘ, ਕਿਰਨਦੀਪ ਕੌਰ, ਉਸ ਦੇ ਪਤੀ ਨਰਿੰਦਰ ਸਿੰਘ, ਤੇ ਦੋਸ਼ੀ ਸ਼ੌਕੀਨ ਸਿੰਘ ਦੇ ਦੋਸਤ ਲਵਪ੍ਰੀਤ ਸਿੰਘ ਇੰਗਲੈਂਡ ਆਦਿ ਦੇ ਬਿਆਨ ਦਰਜ਼ ਕੀਤੇ ਗਏ। ਪੁਲਿਸ ਦੀ ਪੜਤਾਲ ਦੌਰਾਨ ਇਹ ਤੱਥ ਉੱਭਰ ਕੇ ਆਇਆ ਕਿ ਸ਼ੋਕੀਨ ਸਿੰਘ ਇੰਮੀਗ੍ਰੇਸ਼ਨ ਦਾ ਕੰਮ ਕਰਦਾ ਸੀ, ਉਸ ਨੇ ਹੀ ਕਿਰਨਦੀਪ ਕੌਰ ਤੇ ਉਸ ਦੇ ਪਤੀ ਤੇ ਬੱਚੀ ਨੂੰ ਇੰਗਲੈਂਡ ਭੇਜਿਆ ਸੀ। ਇਸੇ ਸਮੇਂ ਦੌਰਾਨ ਹੀ ਕਿਰਨਦੀਪ ਕੌਰ ਤੇ ਸ਼ੋਕੀਨ ਸਿੰਘ ਦੇ ਨੇੜਲੇ ਸੰਬੰਧ ਬਣ ਗਏ ਸਨ। ਦੋਵੇਂ ਜਣੇ ਇੱਕ ਦੂਜੇ ਨੂੰ ਪਟਿਆਲਾ ਵਿਖੇ ਮਿਲਦੇ ਜੁਲਦੇ ਰਹਿੰਦੇ ਸਨ। ਪੁਲਿਸ ਦੀ ਫਾਈਲ ਤੇ ਕਿਰਨਦੀਪ ਕੌਰ ਤੇ ਸ਼ੌਕੀਨ ਸਿੰਘ ਦੀ ਜਨਮ ਦਿਨ ਇਕੱਠਿਆਂ ਬਣਾਉਣ ਦੀ ਵੀਡੀਓ ਵੀ ਆ ਗਈ। ਜਿਹੜੀ ਕਿਰਨਦੀਪ ਕੌਰ ਦੇ ਪਤੀ ਨੇ ਆਪਣੇ ਭਰਾ ਰਾਹੀਂ ਪੁਲਿਸ ਕੋਲ ਭੇਜੀ ਹੈ।   

ਨੇੜਲੇ ਪਿੰਡਾਂ ਦੇ ਰਹਿਣ ਵਾਲੇ ਸਨ ਦੋਵੇਂ ਦੋਸ਼ੀ… 

    ਪੁਲਿਸ ਦਾ ਇਹ ਵੀ ਮੰਨਣਾ ਹੈ ਕਿ  ਸ਼ੌਕੀਨ ਸਿੰਘ ਦਾ ਪਿੰਡ ਤੇ ਕਿਰਨਦੀਪ ਕੌਰ ਦਾ ਪੇਕਾ ਪਿੰਡ ਨੇੜੇ-ਨੇੜੇ ਹੋਣ ਕਰਕੇ ਅਤੇ ਇਹਨਾਂ ਨੂੰ ਇੱਕੋ ਸ਼ਹਿਰ / ਕਸਬਾ ਸੀਵਨ ਪੈਂਦਾ ਹੋਣ ਕਰਕੇ ਇਹ ਪਹਿਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਹੋਣ ਤੇ ਇਹਨਾਂ ਦੇ ਪ੍ਰੇਮ ਸਬੰਧ ਕਾਫੀ ਪੁਰਾਣੇ ਸਮੇਂ ਦੇ ਹੋਣ। ਜਿਸ ਦੇ ਚੱਲਦਿਆਂ ਉਹ ਦੋਨੋਂ ਆਪਸ ਵਿੱਚ ਮੋਬਾਇਲ ਫੋਨਾਂ ਰਾਹੀਂ ਕਾਫੀ ਸਮ੍ਹਾਂ ਲੰਬੀ ਗੱਲਬਾਤ ਕਰਦੇ ਰਹਿੰਦੇ ਸਨ। ਜੋ ਕਿ ਇਹਨਾਂ ਦੋਨਾਂ (ਸ਼ੌਕੀਨ ਸਿੰਘ ਤੇ ਕਿਰਨਦੀਪ ਕੌਰ) ਦੇ ਵੱਲੋਂ ਵਰਤੇ ਗਏ ਮੋਬਾਇਲ ਨੰਬਰਾਂ ਦੀ ਹਾਸਲ ਕੀਤੀ ਗਈ ਕਾਲ ਡਿਟੇਲ ਤੋਂ ਵੀ ਸਾਬਿਤ ਹੁੰਦਾ ਹੈ ਕਿ ਇਹਨਾਂ ਨੇ ਕਰੀਬ ਇੱਕ ਸਾਲ ਦੋਰਾਨ ਇੱਕ-ਦੂਜੇ ਨਾਲ ਲਗਭਗ 2248 ਵਾਰ ਕਾਲਾਂ ਕੀਤੀਆਂ ਗਈਆਂ ਹਨ। ਜੋ ਇਹ ਸਿੰਪਲ ਕਾਲਾਂ ਦਾ ਰਿਕਾਰਡ ਹੈ। ਇਸ ਤੋਂ ਇਲਾਵਾ ਇੰਟਰਨੈਟ ਦੀਆਂ ਕਾਲਾਂ ਦਾ ਰਿਕਾਰਡ ਵੱਖਰਾ ਹੋ ਸਕਦਾ ਹੈ। ਮਿਤੀ 21.12.2023 ਨੂੰ ਕਿਰਨਦੀਪ ਕੌਰ ਆਪਣੇ ਪਤੀ ਨਰਿੰਦਰ ਸਿੰਘ ਤੇ ਲੜਕੀ ਰਿਦਮਜੋਤ ਕੌਰ ਸਮੇਤ ਇੰਗਲੈਂਡ ਚਲੀ ਗਈ। ਜਿੱਥੇ ਜਾ ਕੇ ਵੀ ਕਿਰਨਦੀਪ ਕੌਰ ਤੇ ਸ਼ੌਕੀਨ ਸਿੰਘ ਆਪਸ ਵਿੱਚ ਗੱਲਬਾਤ ਕਰਦੇ ਰਹਿੰਦੇ ਸਨ। ਇੰਗਲੈਂਡ ਵਿਖੇ ਕਿਰਨਦੀਪ ਕੌਰ ਦੇ ਪਤੀ ਨਰਿੰਦਰ ਸਿੰਘ ਨੂੰ ਉਸ ਦੇ ਮੋਬਾਇਲ ਵਿੱਚ ਉਸ ( ਕਿਰਨਦੀਪ ਕੌਰ ) ਦੀ ਸ਼ੌਕੀਨ ਸਿੰਘ ਨਾਲ ਜਨਮਦਿਨ ਮਨਾਉਂਦੇ ਸਮੇਂ ਦੀ ਵੀਡੀਓ ਮਿਲੀ ਤਾਂ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ। ਜਿਸ ਤੋਂ ਬਾਅਦ ਕਿਰਨਦੀਪ ਕੌਰ ਇੰਗਲੈਂਡ ਵਿਖੇ ਆਪਣੇ ਪਤੀ ਨਰਿੰਦਰ ਸਿੰਘ ਤੋਂ ਅਲੱਗ ਰਹਿਣ ਲੱਗ ਗਈ ਸੀ।

ਕਦੋਂ ਇੰਡੀਆ ਆਈ ਕਿਰਨਦੀਪ ਕੌਰ… 

    15.01.2024 ਨੂੰ ਵਾਪਰੀ ਮਾਂ ਪੁੱਤ ਦੀ ਮੌਤ ਦੀ ਘਟਨਾ ਤੋਂ ਕਰੀਬ 10 ਮਹੀਨੇ ਬਾਅਦ ਮਿਤੀ 29.10.2024 ਨੂੰ ਕਿਰਨਦੀਪ ਕੌਰ ਆਪਣੀ ਛੋਟੀ ਲੜਕੀ ਰਿਦਮਜੋਤ ਕੌਰ ਸਮੇਤ ਇੰਗਲੈਂਡ ਤੋਂ ਇੰਡੀਆ ਵਾਪਸ ਆ ਜਾਂਦੀ ਹੈ। ਫਿਰ ਦੋ ਦਿਨਾਂ ਬਾਅਦ ਹੀ ਕਿਰਨਦੀਪ ਕੌਰ ਅਤੇ ਸ਼ੌਕੀਨ ਸਿੰਘ ਨੇ ਮਿਤੀ 01.11.2024 ਨੂੰ ਗੁਰੂਦੁਆਰਾ ਸਾਹਿਬ ਪਿੰਡ ਅਰਨੋ ਵਿਖੇ ਆਪਣੇ ਰਿਸ਼ਤੇਦਾਰਾਂ ਦੀ ਹਾਜਰੀ ਵਿੱਚ ਵਿਆਹ ਕਰਵਾ ਲਿਆ। ਸ਼ੌਕੀਨ ਸਿੰਘ ਤੇ ਕਿਰਨਦੀਪ ਕੌਰ ਦੇ ਆਪਸੀ ਜਾਣ ਪਹਿਚਾਣ ਹੋਣ ਸਬੰਧੀ ਦਿੱਤੇ ਬਿਆਨਾਂ ਵਿੱਚ ਕਰੀਬ ਇੱਕ ਸਾਲ ਦਾ ਅੰਤਰ ਹੈ। ਜੋ ਵੀ ਸ਼ੱਕ ਦੇ ਘੇਰੇ ਅੰਦਰ ਆਉਂਦਾ ਹੈ।

ਇਹ ਵੀ ਸਾਹਮਣੇ ਆਇਆ ਕਿ

      ਕਿਰਨਦੀਪ ਕੌਰ ਵੱਲੋਂ ਮਿਤੀ 21.12.2023 ਨੂੰ ਇੰਗਲੈਂਡ ਵਿਖੇ ਜਾ ਕੇ ਵਰਤੇ ਜਾ ਰਹੇ ਮੋਬਾਇਲ ਨੰਬਰ 447405358158 ਦੀ ਕਾਲ ਡਿਟੇਲ ਨੂੰ ਵਾਚਣ ਤੋਂ ਪੁਲਿਸ ਨੂੰ ਪਤਾ ਲੱਗਿਆ ਕਿ ਕਿਰਨਦੀਪ ਕੌਰ ਨੇ ਇੰਗਲੈਂਡ ਪਹੁੰਚ ਜਾਣ ਤੋਂ ਬਾਅਦ ਅਤੇ ਗੁਰਪ੍ਰੀਤ ਕੌਰ ਦੀ ਮਿਤੀ 15.01.2024 ਨੂੰ ਹੋਈ ਮੌਤ ਤੋਂ ਬਾਅਦ, ਕਿਰਨਦੀਪ ਕੌਰ ਮਿਤੀ 12.02.2024 ਅਤੇ ਮਿਤੀ 23.02.2024 ਨੂੰ ਇੰਡੀਆ ਵਿਖੇ ਆਈ ਹੈ। ਇਹ ਕਿ ਕਿਰਨਦੀਪ ਕੌਰ ਦੇ ਇੰਗਲੈਂਡ ਵਾਲੇ ਉਕਤ ਮੋਬਾਇਲ ਨੰਬਰ ਅਤੇ ਸ਼ੌਕੀਨ ਸਿੰਘ ਦੇ ਮੋ:ਨੰ: 90505-23531 ਦੀ ਮਿਤੀ 12.02.2024 ਨੂੰ ਸ਼ਾਮ ਵਕਤ 08:08:31 ਪਰ ਦੋਨਾਂ ਦੀ ਆਪਸ ਵਿੱਚ ਗੱਲ ਵੀ ਹੁੰਦੀ ਹੈ ਅਤੇ ਦੋਨਾਂ ਦੇ ਮੋਬਾਇਲ ਨੰਬਰਾਂ ਦੀ ਇੱਕੋ ਟਾਵਰ ਦੀ ਇਕੱਠਿਆਂ ਦੀ ਲੋਕੇਸ਼ਨ ਹੈ । ਮਿਤੀ 12.02.2024 ਤੱਕ ਸ਼ੌਕੀਨ ਸਿੰਘ ਦੇ ਲੜਕੇ ਗੁਰਨਾਜ ਸਿੰਘ ਦੀ ਡੈਡ ਬੋਡੀ ਵੀ ਨਹੀਂ ਮਿਲੀ ਸੀ। ਇਹਨਾਂ ਦੋਨਾਂ ਵੱਲੋਂ ਗੁਰਪ੍ਰੀਤ ਕੌਰ ਦੀ ਮੌਤ ਤੋਂ ਕਰੀਬ 28 ਦਿਨਾਂ ਬਾਅਦ ਤੇ ਬੱਚੇ ਦੀ ਲਾਸ਼ ਮਿਲਣ ਤੋਂ ਕਰੀਬ 10 ਦਿਨ ਪਹਿਲਾਂ ਇੰਗਲੈਂਡ ਤੋਂ ਆ ਕੇ ਇੰਡੀਆ ਵਿਖੇ ਮਿਤੀ 12.02.2024 ਨੂੰ ਇਕੱਠੇ ਹੋਣਾ ਵੀ ਸ਼ੱਕ ਦੇ ਘੇਰੇ ਅੰਦਰ ਆ ਜਾਂਦਾ ਹੈ।               ਪੜਤਾਲ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸ਼ੌਕੀਨ ਸਿੰਘ ਦੀ ਮ੍ਰਿਤਕ ਪਤਨੀ ਗੁਰਪ੍ਰੀਤ ਕੌਰ ਨੂੰ ਸ਼ੌਕੀਨ ਸਿੰਘ ਦੇ ਕਿਰਨਦੀਪ ਕੌਰ ਨਾਲ ਪ੍ਰੇਮ ਸਬੰਧਾਂ ਬਾਰੇ ਪਤਾ ਲੱਗ ਗਿਆ ਸੀ। ਜਿਸ ਬਾਰੇ ਉਸ ਨੇ ਆਪਣੀ ਭੈਣ ਹਰਪ੍ਰੀਤ ਕੌਰ ਨੂੰ ਵੀ ਦੱਸਿਆ ਸੀ।  ਇਸ ਤੋਂ ਇਲਾਵਾ ਦੂਜੇ ਪਾਸੇ ਕਿਰਨਦੀਪ ਕੌਰ ਦਾ ਸਹੁਰਾ ਪਰਿਵਾਰ ਵੀ ਕਿਰਨਦੀਪ ਕੌਰ ਦੇ ਸ਼ੌਕੀਨ ਸਿੰਘ ਨਾਲ ਨਜਾਇਜ ਸਬੰਧ ਹੋਣ ਬਾਰੇ ਸ਼ੱਕ ਕਰਦਾ ਸੀ।

      ਸ਼ੌਕੀਨ ਸਿੰਘ ਦੇ ਪਿੰਡ ਦੇ ਰਹਿਣ ਵਾਲੇ ਉਸ ਦੇ ਦੋੋਸਤ ਲਵਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਹਾਲ ਵਾਸੀ ਇੰਗਲੈਂਡ ਨੇ ਵੀ ਈ-ਮੇਲ ਰਾਹੀਂ ਆਪਣਾ ਬਿਆਨ ਭੇਜਦੇ ਹੋਏ ਦੱਸਿਆ ਹੈ ਕਿ “ਉਹ ਅਕਸਰ ਸ਼ੌਕੀਨ ਸਿੰਘ ਨਾਲ ਘੁੰਮਦਾ ਰਹਿੰਦਾ ਸੀ। ਸ਼ੌਕੀਨ ਅਕਸਰ ਕਿਰਨ ਨਾਮ ਦੀ ਲੜਕੀ ਨੂੰ ਮਿਲਣ ਲਈ ਪਟਿਆਲੇ ਜਾਂਦਾ ਸੀ ਤੇ ਉਸ ਨੂੰ ਵੀ ਨਾਲ ਲੈ ਜਾਇਆ ਕਰਦਾ ਸੀ। ਲਵਪ੍ਰੀਤ ਸਿੰਘ ਦੇ ਬਿਆਨ ਅਨੁਸਾਰ ਸ਼ੌਕੀਨ ਅਕਸਰ ਕਿਰਨ ਨਾਲ ਵਿਆਹ ਕਰਵਾਉਣ ਦੀ ਗੱਲ ਕਰਦਾ ਹੁੰਦਾ ਸੀ। ਜਿਸ ਨੇ ਇਹ ਵੀ ਦੱਸਿਆ ਸੀ ਕਿ ਕਿਰਨ ਦੇ ਕੋਲ ਦੋ ਬੱਚੇ ਹਨ। ਉਹਨਾਂ ਵਿੱਚੋਂ ਛੋਟੀ ਲੜਕੀ ਉਸ ( ਸ਼ੌਕੀਨ ਸਿੰਘ ) ਦੀ ਹੈ। ਕਿਰਨ ਦੇ ਵਿਦੇਸ਼ ਜਾਣ ਤੋਂ ਬਾਅਦ ਉਸ ਨੂੰ ਸ਼ੌਕੀਨ ਨੇ ਦੱਸਿਆ ਸੀ ਕਿ ਉਸ ਦੀ ਪ੍ਰੇਮਿਕਾ ਕਿਰਨ ਨਾਲ ਲਈਆਂ ਹੋਈਆਂ ਤਸਵੀਰਾਂ ਨੂੰ ਉਸ ਦੀ ਪਤਨੀ ਗੁਰਪ੍ਰੀਤ ਕੌਰ ਨੇ ਦੇਖ ਲਿਆ ਹੈ। ਜਿਸ ਕਰਕੇ ਉਸ ਦੇ ਘਰ ਕਾਫੀ ਕਲੇਸ਼ ਪਿਆ ਹੋਇਆ ਹੈ। ਲਵਪ੍ਰੀਤ ਅਨੁਸਾਰ ਸ਼ੌਕੀਨ ਨੇ ਆਪਣੀ ਪਤਨੀ ਦੀ ਮੌਤ ਤੋਂ ਕੁੱਝ ਸਮੇਂ ਬਾਅਦ ਹੀ ਉਸ ਦੇ ਹੱਥੀਂ ਆਪਣੀ ਪ੍ਰੇਮਿਕਾ ਨੂੰ ਗਿਫਟ ਦੇ ਤੌਰ ਪਰ ਇੰਗਲੈਂਡ ਵਿਖੇ ਫੋਨ ਭੇਜਿਆ ਸੀ। ਪੁਲਿਸ ਨੇ ਟੈਕਨੀਕਲ ਢੰਗ ਅਤੇ ਸਫਾ ਮਿਸ਼ਲ ਦੇ ਆਏ ਤੱਥਾਂ ਦੇ ਅਧਾਰ ਤੇ ਸ਼ੌਕੀਨ ਸਿੰਘ ਅਤੇ ਉਸ ਦੀ ਪ੍ਰੇਮਿਕਾ ਤੋਂ ਪਤਨੀ ਬਣੀ ਕਿਰਨਦੀਪ ਕੌਰ ਦੇ ਖਿਲਾਫ ਅਧੀਨ ਜੁਰਮ 302/120 ਬੀ ਆਈਪੀਸੀ ਤਹਿਤ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ। 

Advertisement
Advertisement
Advertisement
Advertisement
error: Content is protected !!