ਡੀ.ਟੀ.ਐੱਫ. ਵੱਲੋਂ ਵੱਖ-ਵੱਖ ਚੋਣ ਡਿਊਟੀਆਂ ‘ਤੇ ਤੈਨਾਤ ਅਧਿਆਪਕਾਂ ਦੀਆਂ ਤਨਖਾਹਾਂ ਮੋਬਾਇਲ ਭੱਤੇ ਸਮੇਤ ਜਾਰੀ ਕਰਨ ਦੀ ਮੰਗ
ਸੋਨੀ ਪਨੇਸਰ, ਬਰਨਾਲਾ 24 ਮਈ 2024
ਪੰਜਾਬ ਸਰਕਾਰ ਵੱਲੋਂ 21 ਮਈ ਤੋਂ 30 ਜੂਨ 2024 ਦਰਮਿਆਨ ਸਰਕਾਰੀ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦੇ ਐਲਾਨ ਨਾਲ ਸਕੂਲ ਮੁਖੀਆਂ ਅਤੇ ਖਜ਼ਾਨਾ ਅਫ਼ਸਰਾਂ ਵਿੱਚ ਮਈ ਮਹੀਨੇ ਦੇ ਮੋਬਾਇਲ ਭੱਤੇ ਸਬੰਧੀ ਦੁਬਿੱਧਾ ਖੜ੍ਹੀ ਹੋ ਗਈ ਹੈ ਕਿ ਮਈ ਮਹੀਨੇ ਦੀ ਤਨਖਾਹ ਭੱਤੇ ਸਮੇਤ ਜਾਰੀ ਕੀਤੀ ਜਾਵੇ ਜਾਂ ਭੱਤੇ ਤੋਂ ਬਿਨਾਂ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀ.ਟੀ.ਐੱਫ. ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਤੇ ਸੂਬਾ ਮੀਤ ਪ੍ਰਧਾਨ ਰਾਜੀਵ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਛੁੱਟੀਆਂ ਸੰਬੰਧੀ ਪੱਤਰ ਵਿੱਚ ਜਿਹੜੇ ਅਧਿਆਪਕ ਚੋਣ ਡਿਊਟੀ ਅਤੇ ਚੋਣ ਵਿਵਸਥਾ ਸੰਬੰਧੀ ਡਿਊਟੀਆਂ ‘ਤੇ ਹਨ ਉਹਨਾਂ ਨੂੰ ਇਹ ਡਿਊਟੀ ਨਿਭਾਉਣ ਲਈ ਪਾਬੰਦ ਕੀਤੇ ਜਾਣ ਕਰਕੇ ਇਹ ਦੁਬਿਧਾ ਵਾਲੀ ਸਥਿਤੀ ਨਹੀਂ ਬਣਦੀ ਸੀ ਪਰ ਫਿਰ ਵੀ ਇਹ ਸਥਿਤੀ ਬਣੀ ਹੋਈ ਹੈ। ਇਸ ਲਈ ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਵਿਭਾਗ, ਵਿੱਤ ਵਿਭਾਗ ਅਤੇ ਚੋਣ ਕਮਿਸ਼ਨ ਪੰਜਾਬ ਇਨ੍ਹਾਂ ਛੁੱਟੀਆਂ ਦੌਰਾਨ ਚੋਣਾਂ ਸਬੰਧੀ ਕਿਸੇ ਵੀ ਡਿਊਟੀ ‘ਤੇ ਸੱਦੇ ਜਾ ਰਹੇ ਅਧਿਆਪਕਾਂ ਦੀ ਮਈ ਮਹੀਨੇ ਦੀ ਤਨਖਾਹ ਸਮੇਤ ਮੋਬਾਇਲ ਭੱਤੇ ਦੇ ਜਾਰੀ ਕਰਨ ਦੀਆਂ ਸਪਸ਼ਟ ਹਦਾਇਤਾਂ ਜਾਰੀ ਕਰੇ।
ਜ਼ਿਲ੍ਹਾ ਕਮੇਟੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਰਨਾਲਾ ਦੇ ਆਗੂਆਂ ਨਿਰਮਲ ਚੁਹਾਣਕੇ, ਸੁਖਦੀਪ ਤਪਾ,ਲਖਵੀਰ ਠੁੱਲੀਵਾਲ, ਮਨਮੋਹਨ ਭੱਠਲ, ਅੰਮ੍ਰਿਤਪਾਲ ਕੋਟਦੁੰਨਾ, ਮਾਲਵਿੰਦਰ ਬਰਨਾਲਾ ਅਤੇ ਸੱਤਪਾਲ ਬਾਂਸਲ ਨੇ ਦੱਸਿਆ ਕਿ ਪੰਜਾਬ ਵਿੱਚ 1 ਜੂਨ ਨੂੰ ਕਰਵਾਈਆਂ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਹੋਰਨਾਂ ਮੁਲਾਜ਼ਮਾਂ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਵੱਲੋਂ ਵੀ ਬਤੌਰ ਬੂਥ ਲੈਵਲ ਅਫ਼ਸਰ (ਬੀਐੱਲਓ), ਪਰਜ਼ਾਇਡਿੰਗ ਅਫ਼ਸਰ (ਪੀਆਰਓ), ਸੁਪਰਵਾਇਜ਼ਰ, ਏਪੀਆਰਓ, ਪੋਲਿੰਗ ਅਫ਼ਸਰ, ਮਾਸਟਰ ਟ੍ਰੇਨਰ, ਸੈਕਟਰ ਅਫਸਰਾਂ, ਸਟੈਟਿਕ ਸਰਵੈਲੀਐਂਸ ਟੀਮਾਂ, ਡਾਟਾ ਐਂਟਰੀ, ਕਾਉਂਟਿੰਗ ਡਿਊਟੀਆਂ ਆਦਿ ਦੀਆਂ ਲਗਾਤਾਰ ਡਿਊਟੀਆਂ ਨਿਭਾਈਆਂ ਜਾ ਰਹੀਆਂ ਹਨ। ਇਸ ਕਰਕੇ ਹਜ਼ਾਰਾਂ ਅਧਿਆਪਕ ਲਗਾਤਾਰ ਚੋਣ ਡਿਊਟੀਆਂ ਅਤੇ ਚੋਣ ਰਿਹਰਸਲਾਂ ਵਿੱਚ ਰੁੱਝੇ ਹੋਣ ਦੇ ਮੱਦੇਨਜ਼ਰ ਇਹਨਾਂ ਅਧਿਆਪਕਾਂ ਨੂੰ ਮਈ ਮਹੀਨੇ ਦੀ ਤਨਖ਼ਾਹ ਮੋਬਾਇਲ ਭੱਤੇ ਸਮੇਤ ਮਿਲਣਯੋਗ ਹੈ ਅਤੇ ਕਿਸੇ ਵੀ ਮਹੀਨੇ ਵਿੱਚ 10 ਦਿਨ ਤੋਂ ਵਧੇਰੇ ਲਗਾਤਾਰ ਛੁੱਟੀ ਹੋਣ ‘ਤੇ ਮੋਬਾਇਲ ਭੱਤਾ ਨਾ ਮਿਲਣਯੋਗ ਹੋਣ ਦੀਆਂ ਹਦਾਇਤਾਂ ਇਹਨਾਂ ਸਭ ਚੋਣ ਡਿਊਟੀਆਂ ‘ਤੇ ਲੱਗੇ ਅਧਿਆਪਕਾਂ ‘ਤੇ ਲਾਗੂ ਨਹੀਂ ਹੁੰਦੀਆਂ । ਜਿਸ ਕਾਰਨ ਚੋਣ ਡਿਊਟੀਆਂ ਨਿਭਾ ਰਹੇ ਸਿੱਖਿਆ ਵਿਭਾਗ ਦੇ ਸਾਰੇ ਕਰਮਚਾਰੀਆਂ ਨੂੰ ਮੋਬਾਇਲ ਭੱਤਾ ਦੇਣਾ ਬਣਦਾ ਹੈ।