ਹਿੰਦੂ ਵੋਟਰਾਂ ਤੋਂ ਇਲਾਵਾ ਹੋਰ ਹਰ ਤਬਕੇ ਦੀਆਂ ਵੋਟਰਾਂ ਵਿੱਚ ਲੱਗ ਸਕਦੀ ਐ ਸੰਨ੍ਹ,
ਕੀਹਦੀਆਂ ਉਮੀਦਾਂ ਤੇ ਫਿਰ ਸਕਦੈ ਪਾਣੀ…
ਹਰਿੰਦਰ ਨਿੱਕਾ, ਬਰਨਾਲਾ 9 ਮਈ 2024
ਲੋਕ ਸਭਾ ਹਲਕਾ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਸਾਬਕਾ ਕਾਂਗਰਸੀ ਵਿਧਾਇਕ ਅਰਵਿੰਦ ਖੰਨਾ ਨੂੰ ਚੋਣ ਮੈਦਾਨ ਵਿੱਚ ਉਤਾਰੇ ਜਾਣ ਤੋਂ ਬਾਅਦ ਹੁਣ ਮੁਕਾਬਲਾ ਕਾਫੀ ਰੌਚਕ ਬਣ ਗਿਆ ਹੈ। ਭਾਜਪਾ ਵੱਲੋਂ ਉਮੀਦਵਾਰ ਦਾ ਐਲਾਨ ਕਰਨ ਵਿੱਚ ਹੋ ਰਹੀ, ਦੇਰੀ ਕਾਰਣ, ਰਾਜਸੀ ਪੰਡਿਤਾਂ ਦੀਆਂ ਨਜ਼ਰਾਂ ਭਾਜਪਾ ਉਮੀਦਵਾਰ ਤੇ ਹੀ ਟਿਕੀਆਂ ਹੋਈਆਂ ਸਨ। ਇਸ ਸੀਟ ਤੇ ਭਾਜਪਾ ਆਗੂਆਂ ਤੇ ਵਰਕਰਾਂ ਵਿੱਚ ਵੱਖ-ਵੱਖ ਸਮਿਆਂ ਤੇ ਸੁਭਾ ਹੋਰ ਤੇ ਸ਼ਾਮ ਨੂੰ ਹੋਰ ਉੱਭਰਦੇ ਉਮੀਦਵਾਰਾਂ ਦੇ ਨਾਂ ਸਾਹਮਣੇ ਆਉਣ ਕਾਰਣ,ਲੋਕਾਂ ਵਿੱਚ ਵੀ ਵਾਹਵਾ ਦੁਚਿੱਤੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਸੀ। ਹੁਣ ਚੋਣ ਦ੍ਰਿਸ਼ ਦੀ ਤਸਵੀਰ ਕਾਫੀ ਹੱਦ ਤੱਕ ਸਾਫ ਹੋ ਗਈ ਹੈ। ਕਿਉਂਕਿ ਅਰਵਿੰਦ ਖੰਨਾ ਦੀ ਬਹੁਚਰਚਿਤ ਸਮਾਜ ਸੇਵੀ ਸੰਸਥਾ ” ਉਮੀਦ ਖੰਨਾ ਫਾਊਂਡੇਸ਼ਨ ” ਦੇ ਬੈਨਰ ਹੇਠ ਵੰਡੀਆਂ ਜਾਂਦੀਆਂ ਦਵਾਈਆਂ ਕਾਰਣ, ਗਰੀਬ ਤੇ ਜਰੂਰਤਮੰਦ ਤਬਕਿਆਂ ‘ਚ ਅਰਵਿੰਦ ਖੰਨਾ ਦੀ ਪੈਂਠ ਤੋਂ ਹਰ ਕੋਈ ਵਾਕਿਫ ਹੈ। ਨਤੀਜੇ ਵਜੋਂ ਅਰਵਿੰਦ ਖੰਨਾ ਦਾ ਨਾਮ, ਲੋਕ ਸਭਾ ਹਲਕੇ ਵਿੱਚ ਕਿਸੇ ਜਾਣ ਪਹਿਚਾਣ ਦਾ ਮੁਥਾਜ਼ ਨਹੀਂ ਹੈ। ਖੰਨਾ ਦੀ ਉੱਭਰ ਚੁੱਕੀ ਸਮਾਜ ਸੇਵੀ ਸ਼ਖਸ਼ੀਅਤ ਦਾ ਫਾਇਦਾ, ਉਨਾਂ ਨੂੰ ਮਿਲਣ ਤੋਂ ਕੋਈ ਵੀ ਰਾਜਸੀ ਪੰਡਿਤ ਮੁਨਕਰ ਨਹੀਂ ਹੋ ਸਕਦਾ। ਖੰਨਾ ਨੂੰ ਮਿਲਣ ਵਾਲਾ ਰਾਜਸੀ ਲਾਭ ਕਿੰਨਾ ਹੋਵੇਗਾ,ਇਸ ਬਾਰੇ ਲੋਕਾਂ ਦੀ ਵੱਖ-ਵੱਖ ਰਾਇ ਜਰੂਰ ਹੋ ਸਕਦੀ ਹੈ।
ਮੁਕਾਬਲਾ ਹੁਣ ਬਣਿਆ,,,
ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਤੇ ਹਲਕਾ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੂੰ ਸਭ ਤੋਂ ਪਹਿਲਾਂ ਉਮੀਦਵਾਰ ਐਲਾਨਿਆ ਹੋਣ ਕਰਕੇ ਅਤੇ ਸੂਬੇ ਅੰਦਰ ਆਪ ਦੀ ਸਰਕਾਰ ਹੋਣ ਕਾਰਣ, ਮੀਤ ਹੇਅਰ ਦਾ ਸਰਗਰਮੀਆਂ ਦੇ ਪੱਖ ਤੋਂ ਪੱਲੜਾ ਭਾਰੀ ਹੀ ਚੱਲਿਆ ਆ ਰਿਹਾ ਹੈ। ਕਾਰਣ ਕੋਈ ਵੀ ਰਿਹਾ ਹੋਵੇ, ਸਾਲ 2022 ਦੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਰਾਜਸੀ ਹਨ੍ਹੇਰੀ ਨੂੰ ਠੱਲ੍ਹਣ ਵਾਲੇ ਮੌਜੂਦਾ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਰਾਜਸੀ ਦਬਦਬੇ ਤੇ ਸਰਗਰਮੀਆਂ ਨੂੰ ਵੀ ਕੋਈ ਅੱਖੋਂ ਪਰੋਖੇ ਨਹੀਂ ਕਰ ਸਕਦਾ। ਸਿਮਰਨਜੀਤ ਸਿੰਘ ਮਾਨ ਖੁਦ ਤੇ ਉਨਾਂ ਦੇ ਲੀਡਰ ਅਤੇ ਵਰਕਰ, ਜਿਮਨੀ ਚੋਣ ਜਿੱਤਣ ਤੋਂ ਬਾਅਦ ਹੀ, ਆਮ ਚੋਣਾਂ ਦੀ ਤਿਆਰੀ ਵਾਲੇ ਮੋਡ ਵਿੱਚ ਚੱਲ ਰਹੇ ਸਨ। ਜਿਮਨੀ ਚੋਣ ਵਿੱਚ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਅਤੇ ਆਮ ਆਦਮੀ ਪਾਰਟੀ ਦਰਮਿਆਨ ਆਹਮੋ-ਸਾਹਮਣੇ ਦਾ ਮੁਕਾਬਲਾ ਰਿਹਾ ਸੀ,ਜਦੋਂਕਿ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ,ਦੇਸ਼ ਦੀ ਸੱਤਾ ਤੇ ਕਾਬਿਜ ਭਾਜਪਾ ਅਤੇ ਸੂਬੇ ਦੀ ਸਿਆਸਤ ਵਿੱਚ ਹਮੇਸ਼ਾ ਮੋਹਰੀ ਰੂਪ ਵਿੱਚ ਨਜ਼ਰ ਆਉਂਦੇ ਸ੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਬੁਰੀ ਤਰਾਂ ਪਛਾੜ ਕੇ ਨੁਕਰੇ ਲਗਾ ਦਿੱਤਾ ਸੀ।
ਅਜਿਹੇ ਝਟਕੇ ਤੋਂ ਉਭਰਨ ਲਈ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜਸੀ ਤੌਰ ਤੇ ਹਮੇਸ਼ਾ ਚੁਣੌਤੀ ਦਿੰਦੇ ਆ ਰਹੇ ਤੇਜ਼ ਤਰਾਰ ਤੇ ਜੁਝਾਰੂ ਲੀਡਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮੈਦਾਨ ਵਿੱਚ ਉਤਾਰ ਕੇ, ਮੁੜ ਮੁੱਖ ਮੁਕਾਬਲੇ ਵਿੱਚ ਵਾਪਸੀ ਕਰਨ ਵਿੱਚ ਕਾਫੀ ਹੱਦ ਤੱਕ ਸਫਲਤਾ ਹਾਸਿਲ ਕਰ ਲਈ ਹੈ। ਜਦੋਂਕਿ ਲੋਕ ਰਾਇ ਅਨੁਸਾਰ ਸ੍ਰੋਮਣੀ ਅਕਾਲੀ ਦਲ ਬਾਦਲ, ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਦੇਣ ਦੀ ਬਜਾਏ ਸਾਬਕਾ ਵਿਧਾਇਕ ਐਡਵੋਕੇਟ ਇਕਬਾਲ ਸਿੰਘ ਝੂੰਦਾ ਦੇ ਨਾਂ ਦਾ ਐਲਾਨ ਕਰਦੇ ਸਾਰ, ਖੁਦ ਹੀ ਮੁੱਖ ਮੁਕਾਬਲੇ ਵਿੱਚੋਂ ਬਾਹਰ ਹੋ ਗਿਆ ਜਾਪਦੈ । ਝੂੰਦਾ ਨੂੰ ਉਮੀਦਵਾਰ ਐਲਾਂਨੇ ਜਾਣ ਤੋਂ ਬਾਅਦ ਲੋਕ ਸਭਾ ਹਲਕੇ ਵਿੱਚ ਚੋਖਾ ਲੋਕ ਅਧਾਰ ਰੱਖਣ ਵਾਲੇ ਢੀਂਡਸਾ ਪਰਿਵਾਰ ਨੇ ਖੁੱਲ੍ਹਮ- ਖੁੱਲ੍ਹਾ ਵਿਰੋਧ ਜਾਹਿਰ ਕਰਕੇ, ਅਕਾਲੀ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਲੀਹ ਤੇ ਚੜ੍ਹਨ ਤੋਂ ਪਹਿਲਾਂ ਹੀ ਪਟੜੀ ਤੋਂ ਲਾਹ ਦਿੱਤਾ ਹੈ । ਅਕਾਲੀ ਦਲ ਦੇ ਵਧੇਰੇ ਸਿਰਕੱਢ ਆਗੂ ਤੇ ਵਰਕਰ ਸ਼ਰੇਆਮ , ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਹੁੰਗਾਰਾ ਭਰਦੇ ਹਰ ਥਾਂ ਨਜ਼ਰ ਪੈਂਦੇ ਹਨ। ਭਾਜਪਾ ਉਮੀਦਵਾਰ ਵਜੋਂ ਅਰਵਿੰਦ ਖੰਨਾ ਦੇ ਚੋਣ ਮੈਦਾਨ ਵਿੱਚ ਆਉਣ ਤੋਂ ਪਹਿਲਾਂ ਥੋਡ੍ਹੀ ਬਹੁਤ ਰਾਜਸੀ ਸੋਝੀ ਰੱਖਣ ਵਾਲਾ, ਹਰ ਵਿਅਕਤੀ ਹੀ ਗੁਰਮੀਤ ਸਿੰਘ ਮੀਤ ਹੇਅਰ, ਸਿਮਰਨਜੀਤ ਸਿੰਘ ਮਾਨ ਅਤੇ ਸੁਖਪਾਲ ਸਿੰਘ ਖਹਿਰਾ ਦੇ ਦਰਮਿਆਨ ਤਿਕੋਣਾ ਮੁਕਾਬਲਾ ਹੀ ਮਹਿਸੂੁਸ ਕਰ ਰਿਹਾ ਸੀ।
ਖਹਿਰੇ ਦੀ ਜਿੱਤ ਦੀਆਂ ਸੰਭਾਵਨਾਵਾਂ ਤੇ ਪੈ ਸਕਦੈ ਅਸਰ…?
ਲੋਕ ਸਭਾ ਹਲਕਾ ਸੰਗਰੂਰ ਵਿੱਚ ਹਿੰਦੂ ਵੋਟਰਾਂ ਦੀ ਸੰਖਿਆ ਕਰੀਬ 3 ਲੱਖ ਹੋਣ ਦੇ ਦਾਅਵੇ ਹਿੰਦੂ ਲੀਡਰ,ਭਾਂਵੇ, ਉਹ ਕਿਸੇ ਵੀ ਰਾਜਸੀ ਦਲ ਦਾ ਹੋਵੇ ਮੂੰਹੋਂ ਮੂੰਹ ਕਰਦੇ ਹਨ । ਇਸ ਦਾ ਪ੍ਰਤੱਖ ਅਸਰ, ਹਲਕੇ ਦੇ ਲੋਕਾਂ ਨੇ 2009 ਦੀ ਲੋਕ ਸਭਾ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਵਿਜੇਇੰਦਰ ਸਿੰਗਲਾ ਦੀ ਜਿੱਤ ਸਮੇਂ ਅੱਖੀਂ ਤੱਕਿਆ ਹੈ। ਰਵਾਇਤੀ ਤੌਰ ਤੇ ਹਿੰਦੂ ਵੋਟਰਾਂ ਦਾ ਜਿਆਦਾ ਝੁਕਾਅ ਭਾਜਪਾ ਦੇ ਪ੍ਰਭਾਵੀ ਉਮੀਦਵਾਰ ਦੀ ਅਣਹੋਂਦ ਵਿੱਚ ਕਾਂਗਰਸ ਵੱਲ ਹੀ ਹੁੰਦਾ ਰਿਹਾ ਹੈ। ਪਰੰਤੂ ਹੁਣ ਜਦੋਂ ਪੂਰੇ ਦੇਸ਼ ਦੀ ਤਰਾਂ ਲੋਕ ਸਭਾ ਹਲਕਾ ਸੰਗਰੂਰ ਵਿੱਚ ਵੀ ਸ੍ਰੀ ਰਾਮ ਮੰਦਿਰ ਨਿਰਮਾਣ ਕਾਰਣ, ਬਹੁਗਿਣਤੀ ਹਿੰਦੂ ਵਰਗ ਦਾ ਝੁਕਾਅ ਭਾਜਪਾ ਵੱਲ ਹੋਇਆ ਹੈ ਤਾਂ ਫਿਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਜਪਾ ਦਾ ਪ੍ਰਭਾਵਸ਼ਾਲੀ ਉਮੀਦਵਾਰ ਅਰਵਿੰਦ ਖੰਨਾ ਵੀ ਮੁੱਖ ਮੁਕਾਬਲੇ ਵਿੱਚ ਸ਼ਾਮਿਲ ਹੋ ਗਿਆ ਹੈ । ਕਾਰਣ ਸਾਫ ਹੈ ਕਿ ਭਾਜਪਾ ਦਾ ਕੇਡਰ ਤਾਂ ਪਹਿਲਾਂ ਤੋਂ ਹੀ ਸ਼ਹਿਰੀ ਇਲਾਕਿਆਂ ਵਿੱਚ ਮੌਜੂਦ ਹੈ । ਖੰਨਾ , ਖੁਦ ਵੀ ਸੰਗਰੂਰ ਅਤੇ ਧੂਰੀ ਵਿਧਾਨ ਸਭਾ ਹਲਕਿਆਂ ਦੀ ਨੁਮਾਇੰਦਗੀ ਬਤੌਰ ਞਿਧਾਇਕ ਕਰ ਚੁੱਕੇ ਹਨ। ਬਰਨਾਲਾ ਹਲਕੇ ਦੇ ਦੋ ਵਾਰ ਵਿਧਾਇਕ ਰਹਿ ਚੁੱਕੇ ਕੇਵਲ ਸਿੰਘ ਢਿੱਲੋਂ ਵੀ ਹੱਥ ਵਿੱਚ ਕਮਲ ਦਾ ਫੁੱਲ ਫੜ੍ਹਕੇ ਭਾਜਪਾ ਦੇ ਰੱਥ ਵਿੱਚ ਸਵਾਰ ਹੋ ਚੁੱਕੇ ਹਨ। ਕਾਂਗਰਸੀ ਉਮੀਦਵਾਰ ਖਹਿਰਾ ਦੇ ਸਮੱਰਥਕ ਵੀ, ਪਿਛਲੇ ਦਿਨਾਂ ਵਿੱਚ ਇਹ ਗੱਲ ਅਕਸਰ ਕਹਿੰਦੇ ਸੁਣੀਂਦੇ ਸਨ ਕਿ ਖਹਿਰਾ ਦੀ ਸਥਿਤੀ ਮਜਬੂਤ ਹੈ, ਪਰ ਕਿਤੇ ਅਰਵਿੰਦ ਖੰਨਾ ਚੋਣ ਮੈਦਾਨ ਵਿੱਚ ਆ ਕੇ, ਖਹਿਰੇ ਦੀ ਸੰਭਾਵਿਤ ਜਿੱਤ ਦੀਆਂ ਬੇੜੀਆਂ ਵਿੱਚ ਵੱਟੇ ਨਾ ਪਾ ਦੇਵੇ । ਹਾਲੇ ਸਾਰੇ ਹੀ ਉਮੀਦਵਾਰਾਂ ਦੀ ਚੋਣ ਮੁਹਿੰਮ ਨੇ ਸ਼ਿਖਰਾਂ ਛੋਹਣੀਆਂ ਹਨ। ਜਿਉਂ-ਜਿਉਂ ਚੋਣ ਦਾ ਸਮਾਂ ਨੇੜੇ ਆਵੇਗਾ, ਚੋਣ ਦ੍ਰਿਸ਼ ਹਰ ਦਿਨ ਹੋਰ ਸਾਫ ਹੋਵੇਗਾ। ਬਹੁਕੋਣੇ ਮੁਕਾਬਲੇ ਵਿੱਚ ਕੌਣ ਬਾਜ਼ੀ ਮਾਰ ਲਵੇ, ਇਹ ਕਿਆਸ ਲਾਉਣਾ ਹਾਲੇ ਵਖਤੋਂ ਕਾਫੀ ਪਹਿਲਾਂ ਦੀ ਗੱਲ ਹੈ। ਪਰੰਤੂ ਸਾਰੇ ਹੀ ਉਮੀਦਵਾਰ ਤੇ ਉਨ੍ਹਾਂ ਦੇ ਸਮੱਰਥਕ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਗੇ।