ਐਨ ਕੇ ਸ਼ਰਮਾ ਦਾ ਵੱਡਾ ਹਮਲਾ,ਕੌਮੀ ਪਾਰਟੀਆਂ ਕਿਸਾਨਾਂ ’ਤੇ ਕਹਿਰ ਢਾਹ ਕੇ ਪੰਜਾਬ ਨੂੰ ਅੱਗ ਦੀ ਭੱਠੀ ’ਚ ਝੋਕਣਾ ਚਾਹੁੰਦੀਆਂ ਨੇ 

Advertisement
Spread information

ਪ੍ਰਨੀਤ ਕੌਰ ਦੇ ਪ੍ਰੋਗਰਾਮ ਵਿਚ ਕਿਸਾਨ ਦੀ ਮੌਤ ਨੂੰ ਦੱਸਿਆ ਬੇਹੱਦ ਦੁਖਦਾਈ

ਰਿਚਾ ਨਾਗਪਾਲ, ਪਟਿਆਲਾ, 4 ਮਈ 2024 

         ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਪਾਰਲੀਮਾਨੀ ਹਲਕੇ ਤੋਂ ਉਮੀਦਵਾਰ ਐਨ ਕੇ ਸ਼ਰਮਾ ਨੇ ਕਿਹਾ ਹੈ ਕਿ ਕੌਮੀ ਪਾਰਟੀਆਂ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ਵਿਚ ਝੋਕਣਾ ਚਾਹੁੰਦੀਆਂ ਹਨ ਤੇ ਦੇਸ਼ ਦੇ ਅੰਨਦਾਤੇ ’ਤੇ ਕਹਿਰ ਢਾਹੁਣ ਲੱਗੀਆਂ ਹੋਈਆਂ ਹਨ। ਐਨ ਕੇ ਸ਼ਰਮਾ ਨੇ ਮ੍ਰਿਤਕ ਕਿਸਾਨ ਸੁਰਿੰਦਰ ਸਿੰਘ ਆਕੜੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਦੁੱਖ ਦੀ ਘੜੀ ਵਿੱਚ ਉਨਾਂ ਨੂੰ ਹੌਂਸਲਾ ਦਿੱਤਾ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਨਾਂ ਦੇ ਨਾਲ ਖੜਾ ਹੈ।          ਪਟਿਆਲਾ ਹਲਕੇ ਵਿਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਪ੍ਰੋਗਰਾਮ ਵਿਚ ਧੱਕਾ ਮੁੱਕੀ ਕਾਰਣ ਕਿਸਾਨ ਦੀ ਹੋਈ ਮੌਤ ਨੂੰ ਬੇਹੱਦ ਦੁਖਦਾਈ ਕਰਾਰ ਦਿੰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਸਾਰੀਆਂ ਹੀ ਕੌਮੀ ਪਾਰਟੀਆਂ ਦੇਸ਼ ਦੇ ਅੰਨਦਾਤੇ ਦੀਆਂ ਦੁਸ਼ਮਣ ਸਾਬਤ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਜਿਥੇ ਹਰਿਆਣਾ ਵਿਚ ਭਾਜਪਾ ਸਰਕਾਰ ਨੇ ਪੰਜਾਬ ਦੇ ਬਾਰਡਰ ਸੀਲ ਕੀਤੇ ਹੋਏ ਹਨ ਤੇ ਅੰਨਦਾਤਾ ਨੂੰ ਆਪਣੇ ਹੀ ਦੇਸ਼ ਦੀ ਰਾਜਧਾਨੀ ਵਿਚ ਨਹੀਂ ਜਾਣ ਦੇ ਰਹੇ, ਉਥੇ ਹੀ ਹੁਣ ਕਿਸਾਨਾਂ ਨਾਲ ਧੱਕਾ ਮੁੱਕੀ ਵੀ ਸ਼ੁਰੂ ਕਰ ਦਿੱਤੀ ਹੈ । ਜਿਸ ਕਾਰਣ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਗੋਲੀਬਾਰੀ ਵਿਚ ਕਿਸਾਨ ਸ਼ੁਭਕਰਨ ਸਿੰਘ ਸ਼ਹੀਦ ਹੋ ਚੁੱਕਾ ਹੈ ਤੇ ਸੈਂਕੜੇ ਹੋਰ ਗੋਲੀਆਂ ਲੱਗਣ ਕਾਰਣ ਜ਼ਖ਼ਮੀ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਲੋਕਤੰਤਰ ਵਿਚ ਵਿਰੋਧ ਕਰਨਾ ਕਿਸਾਨਾਂ ਦਾ ਮੌਲਿਕ ਅਧਿਕਾਰ ਹੈ।
        ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਨੇ ਫਸਲਾਂ ’ਤੇ ਐਮ ਐਸ ਪੀ ਦੇਣ ਨੂੰ ਕਾਨੂੰਨੀ ਗਰੰਟੀ ਦਾ ਰੂਪ ਦੇਣ ਦਾ ਆਪਣਾ ਵਾਅਦਾ ਪੂਰਾ ਨਹੀਂ ਕੀਤਾ । ਜਿਸ ਕਾਰਣ ਦੇਸ਼ ਭਰ ਵਿਚ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਪੁਲਿਸ ਦੇ ਮੁਲਾਜ਼ਮਾਂ ਤੇ ਭਾਜਪਾ ਵਰਕਰਾਂ ਵੱਲੋਂ ਕਿਸਾਨਾਂ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ ਗਈ ਹੈ । ਜਿਸ ਕਾਰਣ ਅੱਜ ਕਿਸਾਨ ਦੀ ਮੌਤ ਹੋਈ ਹੈ ਜੋ ਬੇਹੱਦ ਦੁਖਦਾਈ ਹੈ।
        ਐਨ ਕੇ ਸ਼ਰਮਾ ਨੇ ਕਿਹਾ ਕਿ ਇਸੇ ਤਰੀਕੇ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਵੀ ਅੰਨਦਾਤੇ ਦੀਆਂ ਦੁਸ਼ਮਣ ਬਣੀਆਂ ਹੋਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ 2022 ਵਿਚ ਵਾਅਦਾ ਕੀਤਾ ਸੀ  ਕਿ ਉਹ ਸਾਰੀਆਂ 23 ਫਸਲਾਂ ’ਤੇ ਐਮ ਐਸ ਪੀ ਦੇਣਗੇ, ਜਦੋਂ ਕਿ ਹੁਣ ਆਪਣੇ ਵਾਅਦੇ ਤੋਂ ਮੁੱਕਰ ਗਏ ਹਨ । ਇਸੇ ਤਰੀਕੇ ਕਾਂਗਰਸ ਤੇ ਆਪ ਦੋਵਾਂ ਪਾਰਟੀਆਂ ਵਿਚ ਕੌਮੀ ਪੱਧਰ ’ਤੇ ਗਠਜੋੜ ਹੈ। ਪਰ ਉਹ ਪੰਜਾਬ ਵਿਚ ਪੰਜਾਬੀਆਂ ਨੂੰ ਮੂਰਖ ਬਣਾਉਣ ’ਤੇ ਤੁਲੇ ਹੋਏ ਹਨ। ਉਹਨਾਂ ਕਿਹਾ ਕਿ ਪੰਜਾਬੀ ਇਹਨਾਂ ਕੌਮੀ ਪਾਰਟੀਆਂ ਦੀ ਮਨਸ਼ਾ ਸਮਝ ਚੁੱਕੇ ਹਨ ਤੇ ਹੁਣ ਇਹਨਾਂ ਨੂੰ ਮੂੰਹ ਨਹੀਂ ਲਗਾਉਣਗੇ।

Advertisement
Advertisement
Advertisement
Advertisement
Advertisement
error: Content is protected !!