ਡਿਪਟੀ ਕਮਿਸ਼ਨਰ ਨੇ ਕੀਤਾ ਤਪਾ, ਭਦੌੜ ਦੀਆਂ ਦਾਣਾ ਮੰਡੀਆਂ ਦਾ ਦੌਰਾ
198710 ਮੀਟ੍ਰਿਕ ਟਨ ਕਣਕ ਮੰਡੀਆਂ ‘ਚ ਪੁੱਜੀ, 180302 ਮੀਟ੍ਰਿਕ ਟਨ ਖਰੀਦੀ ਗਈ-ਡੀ.ਸੀ. ਪੂਨਮਦੀਪ ਕੌਰ
ਬੀ. ਟੀ.ਐਨ. ਤਪਾ/ਭਦੌੜ, 25 ਅਪ੍ਰੈਲ 2024
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਅੱਜ ਤਪਾ ਅਤੇ ਭਦੌੜ ਵਿਖੇ ਦਾਣਾ ਮੰਡੀਆਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਉੱਪ ਮੰਡਲ ਮੈਜਿਸਟ੍ਰੇਟ ਤਪਾ ਡਾ. ਪੂਨਮਪ੍ਰੀਤ ਕੌਰ ਅਤੇ ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਅਫ਼ਸਰ ਹਰਸ਼ਰਨ ਸਿੰਘ ਬਰਾੜ ਵੀ ਮੌਜੂਦ ਸਨ। ਤਪਾ ਵਿਖੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਨਿਰਦੇਸ਼ ਦਿੱਤੇ ਕਿ ਕਿਸੇ ਵੀ ਕਿਸਾਨ ਨੂੰ 24 ਘੰਟੇ ਤੋਂ ਵੱਧ ਸਮਾਂ ਮੰਡੀ ‘ਚ ਨਾ ਬਿਤਾਨਾ ਪਵੇ। ਉਨ੍ਹਾਂ ਹਦਾਇਤ ਕੀਤੀ ਕੀ ਜਿਹੜੇ ਕਿਸਾਨ 24 ਘੰਟਿਆਂ ਤੋਂ ਵੱਧ ਸਮੇਂ ਤੋਂ ਮੰਡੀ ‘ਚ ਬੈਠੇ ਹਨ ਉਨ੍ਹਾਂ ਦੀ ਜਿਣਸ ਪਹਿਲ ਦੇ ਆਧਾਰ ਉੱਤੇ ਖਰੀਦੀ ਜਾਵੇ। ਨਾਲ ਹੀ ਉਨ੍ਹਾਂ ਆੜ੍ਹਤੀਆਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਵੱਲੋਂ ਮੰਡੀਆਂ ‘ਚ ਲਿਆਂਦੀ ਗਈ ਫ਼ਸਲ ਨੂੰ ਪੱਖੇ ਲਵਾ ਕੇ ਸਾਫ ਕਰਵਾਉਣ। ਨਾਲ ਹੀ ਟਰਾਂਸਪੋਰਟਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਟਰੱਕ ਆਦਿ ਲਗਾ ਕੇ ਖਰੀਦੀ ਗਈ ਕਣਕ ਜਲਦ ਤੋਂ ਜਲਦ ਮੰਡੀਆਂ ਚੋਂ ਚੁੱਕਣ।
ਡਿਪਟੀ ਕਮਿਸ਼ਨਰ ਨੇ ਭਦੌੜ ਵਿਖੇ ਵੀ ਮੰਡੀ ਦਾ ਦੌਰਾ ਕੀਤਾ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿਣਸ ਮੰਡੀਆਂ ‘ਚ ਸੁਕਾ ਕੇ ਲਿਆਉਣ ਤਾਂ ਜੋ ਉਨ੍ਹਾਂ ਨੂੰ ਮੰਡੀਆਂ ‘ਚ ਬੈਠ ਕੇ ਖਰੀਦ ਦਾ ਇੰਤਜ਼ਾਰ ਨਾ ਕਰਨਾ ਪਵੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਖਰੀਦੀ ਗਈ ਕਣਕ ਜਲਦ ਤੋਂ ਜਲਦ ਚੁਕਵਾਈ ਜਾਵੇ। ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹੁਣ ਤੱਕ 198710 ਮੀਟ੍ਰਿਕ ਟਨ ਕਣਕ ਮੰਡੀਆਂ ‘ਚ ਪੁੱਜੀ, 180302 ਮੀਟ੍ਰਿਕ ਟਨ ਖਰੀਦੀ ਜਾ ਚੁੱਕੀ ਹੈ ਅਤੇ 66269 ਮੀਟ੍ਰਿਕ ਟਨ ਮੰਡੀਆਂ ਚੋਂ ਚੁੱਕ ਲਈ ਗਈ ਹੈ। ਨਾਲ ਹੀ ਕਿਸਾਨਾਂ ਨੂੰ ਹੁਣ ਤੱਕ 342 ਕਰੋੜ ਰੁਪਏ ਦੀਆਂ ਅਦਾਇਗੀਆਂ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਵੱਖ ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।