ਲੋਹੜੀ ਤੋਂ ਪਹਿਲਾਂ ਲੋਹੜਾ ਮਾਰਿਆ: ਕਾਂਗੜ ਦੀ ਕੋਠੀ ਦੀ ਮਿਣਤੀ ਕਰਨ ਪੁੱਜੀ ਵਿਜੀਲੈਂਸ

Advertisement
Spread information

ਅਸ਼ੋਕ ਵਰਮਾ , ਬਠਿੰਡਾ 10 ਜਨਵਰੀ 2024

        ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਤਕਨੀਕੀ ਮਾਹਿਰਾਂ ਦੀ ਸਹਾਇਤਾ ਨਾਲ ਸਾਬਕਾ ਕਾਂਗਰਸੀ ਮੰਤਰੀ ਅਤੇ ਰਾਮਪੁਰਾ ਹਲਕੇ ਤੋਂ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੀ ਉਸਦੇ ਜੱਦੀ ਪਿੰਡ ਕਾਂਗੜ ਵਿੱਚ ਬਣੀ ਰਿਹਾਇਸ਼ ਦੀ ਮਿਣਤੀ ਕੀਤੀ ਹੈ।  ਲੋਹੜੀ ਤੋਂ ਪਹਿਲਾਂ ਸਾਬਕਾ ਮੰਤਰੀ ਦੇ ਮਾਮਲੇ ’ਚ ਕਾਰਵਾਈ ਨੂੰ ਅੱਜ ਦੋ ਟੀਮਾਂ ਨੇ ਅੰਜਾਮ ਦਿੱਤਾ ਹੈ ਜਿੰਨ੍ਹਾਂ ਚੋਂ ਇੱਕ ਐਕਸੀਅਨ ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਚੰਡੀਗੜ੍ਹ ਚੋਂ ਆਈ ਟੀਮ ਸੀ ਜਦੋਂਕਿ ਦੂਸਰੀ ਟੀਮ ਡੀਐਸਪੀ ਕੁਲਵੰਤ ਸਿੰਘ ਲਹਿਰੀ ਦੀ ਅਗਵਾਈ ਕਰ ਰਹੇ ਸਨ।  ਹਾਲਾਂਕਿ ਵਿਜੀਲੈਂਸ ਬਿਊਰੋ ਬਠਿੰਡਾ ਦੇ ਅਧਿਕਾਰੀ ਇਸ ਮੁੱਦੇ ਤੇ ਬਹੁਤੀ ਗੱਲਬਾਤ ਕਰਨ ਲਈ ਤਿਆਰ ਨਹੀਂ ਹੋਵੇ ਪਰੰਤੂ ਵਿਜੀਲੈਂਸ ਦੀ ਇਸ ਕਾਰਵਾਈ ਨਾਲ ਸਾਬਕਾ ਮਾਲ ਮੰਤਰੀ ਕਾਂਗੜ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ  ਰਹੀਆਂ ਹਨ।                                              ਕਾਂਗੜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀਆਂ ਵਿਚੋਂ ਇੱਕ ਹਨ ਜਿੰਨ੍ਹਾਂ ਨੇ ਕੈਪਟਨ ਤੋਂ ਬਾਅਦ ਭਾਜਪਾ ’ਚ ਸ਼ਮੂਲੀਅਤ ਕਰ ਲਈ ਪਰ ਮਗਰੋਂ ਮੁੜ ਤੋਂ ਕਾਂਗਰਸ ਦਾ ਹੱਥ ਫੜ੍ਹ ਲਿਆ ਸੀ। ਵਿਜੀਲੈਂਸ ਨੇ ਅੱਜ ਦੀ ਕਾਰਵਾਈ ਦੌਰਾਨ ਕੋਠੀ ਵਿੱਚ ਪਏ ਕੀਮਤੀ ਸਮਾਨ ਅਤੇ ਗੱਡੀਆਂ ਆਦਿ ਦਾ ਬਿਉਰਾ ਵੀ ਤਿਆਰ ਕੀਤਾ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਵੱਲੋਂ ਗੁਰਪ੍ਰੀਤ ਕਾਂਗੜ ਨਾਲ ਜੁੜੀਆਂ ਹੋਰ ਵੀ ਸੰੰਪਤੀਆਂ ਦਾ ਚਿੱਠਾ ਤਿਆਰ ਕੀਤਾ ਜਾ ਚੁੱਕਿਆ ਹੈ। ਵਿਜੀਲੈਂਸ ਇਸ ਤੋਂ ਪਹਿਲਾਂ ਦੋ ਵਾਰ ਕਾਂਗੜ ਤੋਂ ਕਾਫੀ ਡੂੰਘਾਈ ਨਾਲ ਪੁੱਛ ਪੜਤਾਲ ਵੀ ਕਰ ਚੁੱਕੀ ਹੈ। ਇੱਕ ਵਾਰ ਤਾਂ ਕਾਂਗੜ ਤੋਂ ਵਿਜੀਲੈਂਸ ਦੇ ਬਠਿੰਡਾ ਸਥਿਤ ਦਫ਼ਤਰ ’ਚ ਕਰੀਬ ਸਾਢੇ ਸੱਤ ਘੰਟੇ ਤੱਕ ਪੁੱਛਗਿੱਛ ਕੀਤੀ ਗਈ।  ਪਤਾ  ਲੱਗਿਆ ਹੈ ਕਿ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਕਾਂਗੜ ਵੱਲੋਂ ਦਿੱਤੇ ਜਵਾਬਾਂ ਪ੍ਰਤੀ  ਤਸੱਲੀ ਨਹੀਂ ਹੋਈ ਸੀ।  
           ਜਾਣਕਾਰੀ ਅਨੁਸਾਰ ਵਿਜੀਲੈਂਸ ਨੂੰ ਕਾਂਗੜ ਖਿਲਾਫ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਬਾਰੇ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ । ਗੁਰਪ੍ਰੀਤ ਕਾਂਗੜ ਵੱਲੋਂ ਚੋਣ ਕਮਿਸ਼ਨ ਕੋਲ ਨਸ਼ਰ ਕੀਤੇ ਵੇਰਵਿਆਂ ਅਨੁਸਾਰ ਜਦੋਂ ਕਾਂਗੜ 2017 ਵਿਚ ਚੋਣ ਜਿੱਤੇ ਸਨ ਤਾਂ ਉਦੋਂ ਉਨ੍ਹਾਂ ਕੋਲ 9.36 ਕਰੋੜ ਰੁਪਏ ਦੀ ਜਾਇਦਾਦ ਸੀ ਅਤੇ 10 ਲੱਖ ਰੁਪਏ ਦਾ ਕਰਜ਼ਾ ਸੀ। ਮਾਲ ਮੰਤਰੀ ਰਹਿਣ ਮਗਰੋਂ ਜਦੋਂ ਉਨ੍ਹਾਂ ਨੇ 2022 ਵਿਚ ਚੋਣ ਲੜੀ ਤਾਂ ਉਸ ਵਕਤ ਉਨ੍ਹਾਂ ਦੀ ਜਾਇਦਾਦ 14.77 ਕਰੋੜ ਰੁਪਏ ਸੀ ਅਤੇ ਕਰਜ਼ਾ ਵੱਧ ਕੇ 1.89 ਕਰੋੜ ਰੁਪਏ ਹੋ ਗਿਆ ਸੀ। ਕਾਂਗੜ ਕੋਲ ਇੱਕ ਫਾਰਚੂਨਰ ਅਤੇ ਦੋ ਇਨੋਵਾ ਗੱਡੀਆਂ ਤੋਂ ਇਲਾਵਾ 7.40 ਕਰੋੜ ਦੀ ਖੇਤੀ ਵਾਲੀ ਜ਼ਮੀਨ ਹੈ।
                    ਜਾਣਕਾਰੀ ਅਨੁਸਾਰ 2007 ਵਿਚ ਕਾਂਗੜ ਪਰਿਵਾਰ ਕੋਲ 18.40 ਲੱਖ ਰੁਪਏ ਦੇ ਗਹਿਣੇ ਸਨ ਜਦੋਂ ਕਿ ਬਾਅਦ ’ਚ 75 ਲੱਖ ਰੁਪਏ ਦੇ ਗਹਿਣੇ ਹੋਣ ਦੀ ਗੱਲ ਸਾਹਮਣੇ ਆਈ ਸੀ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਵੱਲੋਂ ਬਰਨਾਲਾ ਜਿਲ੍ਹੇ ’ਚ ਇੱਕ ਅਜਿਹੀ ਸੰਪਤੀ ਦੀ ਨਿਸ਼ਾਨਦੇਹੀ ਕੀਤੀ ਹੈ ਜਿਸ ਦੇ ਕਾਂਗੜ ਨਾਲ ਜੁੜੇ ਹੋਣ ਬਾਰੇ ਸ਼ੱਕ ਕੀਤਾ ਜਾ ਰਿਹਾ ਹੈ। ਇਸ ਤੋਂ ਬਿਨਾਂ ਹੋਰ ਵੀ ਕਈ ਸੰਪਤੀਆਂ ਹਨ ਜਿੰਨ੍ਹਾਂ ਦੀ ਸੂਚੀ ਵਿਜੀਲੈਂਸ ਅਧਿਕਾਰੀਆਂ ਨੇ ਤਿਆਰ ਕੀਤੀ ਸੀ। ਅੱਜ ਕੋਠੀ ਦੀ ਹੋਈ ਪੈਮਾਇਸ ਉਪਰੰਤ ਮੰਨਿਆ ਜਾ ਰਿਹਾ ਹੈ ਕਿ ਸਾਬਕਾ ਮੰਤਰੀ ਕਾਂਗੜ ਖਿਲਾਫ ਜਾਂਚ ਅੰਤਮ ਦੌਰ ਵਿੱਚ ਹੈ।  ਦੱਸਣਯੋਗ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਪਹਿਲੀ ਵਾਰ ਆਜ਼ਾਦ ਚੋਣ ਜਿੱਤੇ ਗੁਰਪ੍ਰੀਤ ਕਾਂਗੜ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਕਾਂਗਰਸ ਵਿਚ ਸ਼ਮੂਲੀਅਤ ਕੀਤੀ ਸੀ।
                  ਕੈਪਟਨ ਨੇ ਹੀ ਉਨ੍ਹਾਂ ਨੂੰ ਮੰਤਰੀ ਬਣਾਇਆ ਸੀ ਅਤੇ ਜਦੋਂ  ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਲਾਂਭੇ ਕੀਤਾ ਗਿਆ ਤਾਂ ਚਾਰ ਮੰਤਰੀ ਵੀ ਹਟਾਏ ਗਏ ਸਨ ਜਿੰਨ੍ਹਾਂ ਚੋਂ ਇੱਕ ਗੁਰਪ੍ਰੀਤ ਸਿੰਘ ਕਾਂਗੜ ਵੀ ਸੀ । ਗੁਰਪ੍ਰੀਤ ਸਿੰਘ ਕਾਂਗੜ ਆਖ ਚੁੱਕੇ ਹਨ ਕਿ ਉਨਾਂ ਦੀ ਜਾਇਦਾਦ ਆਦਿ ਬਾਰੇ   ਕੁਝ ਵੀ ਲੁਕਿਆ ਛੁਪਿਆ ਨਹੀਂ ਬਲਕਿ ਸਭ ਕੁੱਝ ਪਾਰਦਰਸ਼ੀ ਹੈ ।  ਉਨ੍ਹਾਂ ਕਿਹਾ ਕਿ ਉਹ ਤਾਂ ਖੁਦ ਇਸ ਗੱਲ ਦੇ ਹਾਮੀ ਹਨ ਕਿ ਗਲਤ ਕੰਮ ਜਾਂ ਭ੍ਰਿਸ਼ਟਾਚਾਰ ਕਰਨ  ਵਾਲਿਆਂ ਖ਼ਿਲਾਫ਼ ਸਖਤ  ਕਾਰਵਾਈ ਕੀਤੀ ਜਾਣੀ ਚਾਹੀਦੀ ਹੈ । ਗੁਰਪ੍ਰੀਤ ਕਾਂਗੜ ਨੇ ਸੰਪਤੀ ਸਬੰਧੀ ਕੀਤੀ ਸ਼ਕਾਇਤ ਨੂੰ ਆਪਣੇ ਖਿਲਾਫ ਸਾਜਿਸ਼ ਵੀ ਕਰਾਰ ਦਿੱਤਾ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਕਾਂਗਰਸ ਸਰਕਾਰ ਦੇ ਜਿੰਨ੍ਹਾਂ ਮੰਤਰੀਆਂ ਖਿਲਾਫ ਵਿਜੀਲੈਂਸ ਜਾਂਚ ਚੱਲ ਰਹੀ ਹੈ ਉਨ੍ਹਾਂ ਚੋਂ ਕਾਂਗੜ ਅਹਿਮ ਮਾਲ ਵਿਭਾਗ ਦੇ ਮੰਤਰੀ ਰਹੇ ਹਨ।

Advertisement

ਕੋਠੀ ਦੀ ਪੈਮਾਇਸ਼:ਡੀਐਸਪੀ
ਡੀਐਸਪੀ ਵਿਜੀਲੈਂਸ ਕੁਲਵੰਤ ਸਿੰਘ ਲਹਿਰੀ ਦਾ ਕਹਿਣਾ ਸੀ ਕਿ ਅੱਜ ਪਿੰਡ ਕਾਂਗੜ ਵਿਖੇ ਦੋ ਟੀਮਾਂ ਵੱਲੋਂ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਕੋਠੀ ਦੀ ਪੈਮਾਇਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੱਕ ਟੀਮ ਚੰਡੀਗੜ੍ਹ ਤੋਂ ਆਈ ਸੀ ਅਤੇ ਦੂਸਰੀ ਟੀਮ ਦੀ ਅਗਵਾਈ ਉਨ੍ਹਾਂ ਖੁਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਅੱਜ ਦੀ  ਕਾਰਵਾਈ ਦੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ।

Advertisement
Advertisement
Advertisement
Advertisement
Advertisement
error: Content is protected !!