ਗਗਨ ਹਰਗੁਣ , ਬਰਨਾਲਾ 31 ਦਸੰਬਰ 2023
ਚਾਲੂ ਸਾਲ ਦੇ ਅੰਤਲੇ ਦਿਨਾਂ ‘ਚ ਨਾਬਾਲਿਗ ਲੜਕੀਆਂ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਲੰਘੇ ਚਾਰ ਦਿਨਾਂ ਅੰਦਰ 3 ਲੜਕੀਆਂ ਨਾਲ ਬਲਾਤਕਾਰ ਦੀਆਂ ਉਪਰੋਥਲੀ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਘਟਨਾਵਾਂ ਕਿਤੇ ਦੂਰ ਦਰਾਜ ਖੇਤਰਾਂ ਦੀਆਂ ਨਹੀਂ, ਬਲਕਿ ਬਰਨਾਲਾ ਸ਼ਹਿਰ ਤੇ ਆਸ ਪਾਸ ਦੇ ਖੇਤਰ ਵਿੱਚ ਹੀ ਵਾਪਰੀਆਂ ਹਨ। ਤਾਜ਼ਾ ਘਟਨਾ ਵੀ ਥਾਣਾ ਸਦਰ ਬਰਨਾਲਾ ਅਧੀਨ ਆਉਂਦੀ ਪੁਲਿਸ ਚੌਂਕੀ ਹੰਡਿਆਇਆ ਦੇ ਖੇਤਰ ‘ਚ ਵਾਪਰੀ ਹੈ। ਜਦੋਂ ਹੰਡਿਆਇਆ ਦੇ ਇੱਕ ਨਾਮਵਰ ਹਲਵਾਈ ਦੀ ਦੁਕਾਨ ਤੇ ਕੰਮ ਕਰਦੇ ਇੱਕ ਮੁਲਾਜਮ ਨੇ ਦਸਵੀਂ ਵਿੱਚ ਪੜ੍ਹ ਰਹੀ ਕੁੜੀ ਨੂੰ ਹੀ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਪੁਲਿਸ ਨੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਦੋਸ਼ੀ ਖਿਲਾਫ ਕੇਸ ਦਰਜ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਸਕੂਲੀ ਵਿੱਦਿਆਰਥਣ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਲਿਖਾਇਆ ਹੈ ਕਿ ਉਸ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ‘ਤੇ ਪਿਤਾ ਦੂਰ ਸ਼ਹਿਰ ਵਿਖੇ ਇੱਕ ਪ੍ਰਾਈਵੇਟ ਫੈਕਟਰੀ ਵਿੱਚ ਨੌਕਰੀ ਕਰਦਾ ਹੈ ।
ਪੀੜਤ ਮੁਤਾਬਿਕ ਉਸ ਦੀ ਜਾਣ ਪਹਿਚਾਣ ਮਾਰਚ 2021 ਵਿੱਚ ਸੋਨੂੰ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਵਾਸੀ ਪ੍ਰੇਮ ਨਗਰ ਬਰਨਾਲਾ ਨਾਲ ਹੋਈ ਸੀ । ਉਹ ਦੋਵੇਂ ਇੱਕ ਦੂਜੇ ਨਾਲ ਫੋਨ ਪਰ ਗੱਲਬਾਤ ਕਰਨ ਲੱਗ ਪਏ ਸੀ। ਮਿਤੀ 27.12.2023 ਨੂੰ ਸੋਨੂੰ ਦੇ ਦੋਸਤ ਅਮਰ ਰਾਜ ਨਾਲ ਫੋਨ ਪਰ ਗੱਲ ਹੋਈ ਸੀ। ਜਿਸ ਨੇ ਉਸ ਨੂੰ ਦੱਸਿਆ ਸੀ ਕਿ ਸੋਨੂੰ ਨੇ ਆਊਟਲੈਟ ਵਿਖੇ ਲੰਗਰ ਲਗਾਇਆ ਹੋਇਆ ਹੈ । ਵਕਤ ਕਰੀਬ 5:00 ਵਜੇ ਸ਼ਾਮ ਜਦੋਂ, ਉਹ ਆਊਟਲੈਟ ਵਿਖੇ ਘੁੰਮਣ ਗਈ ਹੋਈ ਸੀ । ਉੱਥੇ ਹੀ ਲੰਗਰ ਵਿੱਚ ਸੋਨੂੰ ਮਿਲ ਗਿਆ ‘ਤੇ ਫਿਰ ਉਹ ਉਥੋਂ ਆਪਣੇ ਮੋਟਰਸਾਈਕਲ ਪਰ ਬਿਠਾ ਕੇ ਉਸ ਨੂੰ ਖੁੱਡੀ ਕਲਾਂ ਵਿਖੇ ਕਿਸੇ ਦੇ ਘਰ ਲੈ ਗਿਆ ਸੀ। ਉਸ ਨੂੰ ਇਹ ਨਹੀਂ ਪਤਾ ਕਿ ਉਹ ਘਰ ਕਿਸਦਾ ਸੀ, ਪਰ ਉਥੇ ਜਾ ਕੇ ਉਹ ਉਸ ਵਿੱਚ ਘਰ ਲਿਜਾ ਸਕਦੀ ਹੈ । ਪੀੜਤਾ ਨੇ ਕਿਹਾ ਕਿ ਸੋਨੂੰ ਨੇ ਉਸ ਦੀ ਸਹਿਮਤੀ ਤੋਂ ਬਿਨਾਂ ਜਬਰਦਸਤੀ ਸਰੀਰਕ ਸਬੰਧ ਬਣਾ ਕੇ ਜਬਰ ਜਿਨਾਹ ਕੀਤਾ ਹੈ। ਕੰਟਰੋਲ ਰੂਮ ਤੋਂ ਰੁੱਕਾ ਮਿਲਦਿਆਂ ਹੀ ਵੂ੍ਮੈਨ ਸੈਲ ਬਰਨਾਲਾ ਦੀ ਇੰਚਾਰਜ ਇੰਸਪੈਕਟਰ JASWINDER KAUR INSP ਪੁਲਿਸ ਚੌਕੀ ਹੰਡਿਆਇਆ ਵਿਖੇ ਪਹੁੰਚੀ ਅਤੇ ਪੀੜਤਾ ਦਾ ਬਿਆਨ ਕਲਮਬੰਦ ਕੀਤਾ। ਚੌਂਕੀ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤਾ ਦੇ ਬਿਆਨ ਦੇ ਅਧਾਰ ਪਰ, ਦੋਸ਼ੀ ਸੋਨੂੰ ਦੇ ਖਿਲਾਫ ਅਧੀਨ ਜੁਰਮ 376 IPC, 6 POCSO Act 2012 ਤਹਿਤ ਥਾਣਾ ਸਦਰ ਬਰਨਾਲਾ ਵਿਖੇ ਕੇਸ ਦਰਜ ਕਰਕੇ,ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਜਲਦ ਹੀ ਉਸ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਲੰਘੇ 2 ਦਿਨਾਂ ‘ਚ ਕ੍ਰਮਾਨੁਸਾਰ ਬਰਨਾਲਾ ਸ਼ਹਿਰ ਅਤੇ ਸੰਘੇੜਾ ਪਿੰਡ ਵਿਖੇ ਦੋ ਨਾਬਾਲਿਗ ਕੁੜੀਆਂ ਨਾਲ ਹੋਏ ਜਬਰ ਜਿਨਾਹ ਸਬੰਧੀ ਥਾਣਾ ਸਿਟੀ 1 ਬਰਨਾਲਾ ਵਿਖੇ ਕੇਸ ਦਰਜ ਹੋ ਚੁੱਕੇ ਹਨ।