ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ 24 ਨਵੰਬਰ 2023
ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਿਵਲ ਸਰਜਨ ਡਾ ਸੁਸ਼ਮਾ ਠੱਕਰ ਵਲੋ ਸਮੂਹ ਮੈਡੀਕਲ ਅਤੇ ਫੀਲਡ ਸਟਾਫ ਨਾਲ ਵੀਡੀਓ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਸਮੂਹ ਮੈਡੀਕਲ ਸਟਾਫ ਨਾਲ ਵਿਕਸਿਤ ਭਾਰਤ ਸੰਕਲਪ ਯਾਤਰਾ ਦੀਆਂ ਤਿਆਰੀਆਂ ਸਬੰਧੀ ਵਿਚਾਰ ਚਰਚਾ ਕੀਤੀ। ਸਿਵਲ ਸਰਜਨ ਡਾ. ਸੁਸ਼ਮਾ ਠੱਕਰ ਨੇ ਦੱਸਿਆ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਲਈ ਸਿਹਤ ਵਿਭਾਗ ਫਿਰੋਜ਼ਪੁਰ ਨੂੰ 06 ਵੈਨਾਂ ਮਿਲਣਗੀਆਂ, ਜਿਨ੍ਹਾਂ ਵਿਚੋਂ 4 ਵੈਨਾਂ ਬਲਾਕਾਂ ਵਿੱਚ ਭੇਜੀਆਂ ਜਾਣਗੀਆਂ ਅਤੇ 2 ਵੈਨਾਂ ਫਿਰੋਜ਼ਪੁਰ ਸ਼ਹਿਰ ਵਿਚ ਭੇਜੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵੈਨਾਂ ਰਾਹੀਂ ਜ਼ਿਲ੍ਹੇ ਵਿੱਚ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਸਕੀਮਾਂ, ਬਿਮਾਰੀਆਂ ਦੀ ਰੋਕਥਾਮ ਅਤੇ ਲੱਛਣਾਂ ਸਮੇਤ ਹੋਰ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਨਾਲ ਕਈ ਥਾਵਾਂ ਤੇ ਮੈਡੀਕਲ ਕੈਂਪ ਵੀ ਲਗਾਏ ਜਾਣਗੇ ਅਤੇ ਲੋਕਾਂ ਦੇ ਆਯੂਸ਼ਮਾਨ ਭਾਰਤ ਦੇ ਕਾਰਡ ਵੀ ਵਿਸ਼ੇਸ਼ ਤੌਰ ਤੇ ਬਣਾਏ ਜਾਣਗੇ ਅਤੇ ਅਭਾਹ ਖਾਤੇ ਖੋਲੇ ਜਾਣਗੇ। ਉਨ੍ਹਾਂ ਮੈਡੀਕਲ ਸਟਾਫ ਨੂੰ ਇਹਨਾਂ ਸੇਵਾਵਾਂ ਨੂੰ ਵੱਧ ਤੋਂ ਵੱਧ ਜਨਤਾ ਤਕ ਪਹੁੰਚਾਉਣ ਲਈ ਕਿਹਾ।ਉਨ੍ਹਾਂ ਦੱਸਿਆ ਕਿ ਇਹ ਵੈਨਾਂ 26 ਜਨਵਰੀ 2024 ਤੱਕ ਫਿਰੋਜ਼ਪੁਰ ਵਿਖੇ ਹਰ ਪਿੰਡ ਵਿੱਚ ਜਾਣਗੀਆਂ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਮੀਨਾਕਸ਼ੀ, ਜ਼ਿਲ੍ਹਾ ਮਹਾਮਾਰੀ ਅਫਸਰ ਡਾ. ਯੁਵਰਾਜ, ਸੁਪਰਡੈਂਟ ਪਰਮਬੀਰ ਮੋਂਗਾ, ਡੀਪੀਐਮ ਹਰੀਸ਼ ਕਟਾਰੀਆ ਅਤੇ ਡਿਪਟੀ ਮਾਸ ਮੀਡੀਆ ਅਫਸਰ ਸੰਦੀਪ ਹਾਜ਼ਰ ਸਨ।