ਦੋ ਕਤਲਾਂ ਪਿੱਛੋਂ ਕਾਤਿਲ ਨੇ ਖੁਦ ਵੀ ਕਰ ਲਈ ਖੁਦਕਸ਼ੀ
ਅਸ਼ੋਕ ਵਰਮਾ , ਬਠਿੰਡਾ 10 ਨਵੰਬਰ 2023
ਜਿਲ੍ਹੇ ਦੇ ਪਿੰਡ ਕੋਠਾ ਗੁਰੂ ’ਚ ਦੋ ਪ੍ਰੀਵਾਰਾਂ ਵਿਚਕਾਰ ਖੜਕਣ ਦੇ ਮਾਮਲੇ ਨੇ ਅੱਜ ਤਿੰਨ ਜਣਿਆਂ ਦੀ ਜਾਨ ਲੈ ਲਈ । ਮ੍ਰਿਤਕਾਂ ’ਚ ਇੱਕ ਅਜਿਹਾ ਨੌਜਵਾਨ ਵੀ ਸ਼ਾਮਲ ਹੈ , ਜਿਸ ਦਾ ਇੰਨ੍ਹਾਂ ਦੋਵਾਂ ਪ੍ਰੀਵਾਰਾਂ ਨਾਲ ਪਿੰਡ ਪੱਧਰ ਦੇ ਆਪਸੀ ਮੂੰਹ ਮੁਲਾਹਜੇ ਤੋਂ ਇਲਾਵਾ ਹੋਰ ਕੋਈ ਬਹੁਤਾ ਸਬੰਧ ਨਹੀਂ ਸੀ। ਅਹਿਮ ਗੱਲ ਇਹ ਵੀ ਹੈ ਕਿ ਜਿਸ ਨੌਜਵਾਨ ਨੇ ਅੰਨੇਵਾਹ ਗੋਲੀਆਂ ਚਲਾਕੇ ਦੋ ਜਣਿਆ ਦਾ ਕਤਲ ਕੀਤਾ। ਉਸ ਨੇ ਖੁਦ ਵੀ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਗੁਰਸ਼ਾਂਤ ਸਿੰਘ ਪੁੱਤਰ ਰਜਿੰਦਰ ਸਿੰਘ ਉਰਫ ਕਾਕਾ ਸਰਦਾਰ ਅਤੇ ਭੋਲਾ ਸਿੰਘ ਉਰਫ ਵੱਡੇ ਘਰ ਵਾਲਾ ਵਜੋਂ ਹੋਈ ਹੈ । ਜਦੋਂਕਿ ਆਤਮ ਹੱਤਿਆ ਕਰਨ ਵਾਲਾ ਗੁਰਸ਼ਰਨ ਸਿੰਘ ਉਰਫ ਸ਼ਰਨੀ ਪੁੱਤਰ ਲਾਲਜੀਤ ਸਿੰਘ ਹੈ।
ਅੱਜ ਦਿਨ ਭਰ ਪਿੰਡ ’ਚ ਇਸ ਹੱਤਿਆ ਕਾਂਡ ਤੇ ਇਸ ਦੇ ਪਿਛੋਕੜ ਨੂੰ ਲੈਕੇ ਪਿੰਡ ਦੀਆਂ ਗਲੀਆਂ ਬਜ਼ਾਰਾਂ ਅਤੇ ਸੱਥਾਂ ’ਚ ਚਰਚਾ ਹੁੰਦੀ ਰਹੀ। ਮੁਹੰਮਦ ਸਦੀਕ ਰਣਜੀਤ ਕੌਰ ਦੇ ਅਖਾੜੇ ਮੌਕੇ ਦੋ ਧਿਰਾਂ ਵਿਚਲੇ ਆਪਸੀ ਵਿਵਾਦ ਨੂੰ ਲੈ ਕੇ ਮਿਲਦਾ ਜੁਲਦਾ ਨਾਮ ਹੋਣ ਕਾਰਨ ਹੋਈ ਕਰੀਬ ਪੰਜ ਦਹਾਕੇ ਪਹਿਲਾਂ ਇੱਕ ਨੌਜਵਾਨ ਦੀ ਹੋਈ ਹੱਤਿਆ ਉਪਰੰਤ ਵਾਪਰੀ ਇਹ ਪਹਿਲੀ ਵੱਡੀ ਵਾਰਦਾਤ ਹੈ । ਅੱਜ ਇਸ ਘਟਨਾ ਦੌਰਾਨ ਹੋਈਆਂ ਮੌਤਾਂ ਕਾਰਨ ਪਿੰਡ ’ਚ ਮਹੌਲ ਗਮਗੀਨ ਅਤੇ ਦਹਿਸ਼ਤਜ਼ਦਾ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਕੁੱਝ ਮਹੀਨੇ ਪਹਿਲਾਂ ਅਕਾਲ ਚਲਾਣਾ ਕਰ ਗਏ ਪਿੰਡ ਕੋਠਾ ਗੁਰੂ ਨਿਵਾਸੀ ਮਨਿੰਦਰ ਸਿੰਘ ਉਰਫ ਨਿੰਦੀ ਦੀ ਆਤਮਿਕ ਸ਼ਾਂਤੀ ਲਈ ਘਰ ਵਿੱਚ ਪੌਣੇ ਸਾਲ ਹੋਣ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰਖਵਾਇਆ ਗਿਆ ਸੀ।
ਅੱਜ ਪਾਠ ਦਾ ਭੋਗ ਪਾਇਆ ਜਾਣਾ ਸੀ ਜਿਸ ਕਰਕੇ ਗੁਰਸ਼ਾਂਤ ਸਿੰਘ ਜੋ ਮਨਿੰਦਰ ਸਿੰਘ ਨਿੰਦੀ ਦਾ ਭਤੀਜਾ ਵੀ ਇਸ ਸਮਾਗਮ ’ਚ ਸ਼ਾਮਲ ਹੋਣ ਲਈ ਆਇਆ ਸੀ। ਇਸੇ ਦੌਰਾਨ ਸਵੇਰ ਵਕਤ ਨਜ਼ਦੀਕ ਪੈਂਦੇ ਆਪਣੇ ਘਰ ਚੋਂ ਗੁਰਸ਼ਰਨ ਸਿੰਘ ਉਰਫ ਸ਼ਰਨੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ । ਜਿਸ ਦੇ ਸਿੱਟੇ ਵਜੋਂ ਗੰਭੀਰ ਰੂਪ ’ਚ ਜਖਮੀ ਹੋਏ ਗੁਰਸ਼ਾਂਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸੇ ਦੌਰਾਨ ਕੁੱਝ ਪਿੰਡ ਵਾਸੀ ਗੁਰਸ਼ਾਂਤ ਸਿੰਘ ਨੂੰ ਦੇਖਣ ਲਈ ਗਏ ਤਾਂ ਗੁਰਸ਼ਰਨ ਨੇ ਉਨ੍ਹਾਂ ਤੇ ਵੀ ਗੋਲੀਆਂ ਚਲਾ ਦਿੱਤੀਆਂ । ਇਸ ਮੌਕੇ ਨੌਜਵਾਨ ਭੋਲਾ ਸਿੰਘ ਪਿੱਠ ਤੇ ਗੋਲੀ ਲੱਗਣ ਕਾਰਨ ਮਾਰਿਆ ਗਿਆ। ਭੋਲਾ ਸਿੰਘ ਦੀ ਲਾਸ਼ ਕਈ ਘੰਟੇ ਗਲੀ ਵਿੱਚ ਰੁਲਦੀ ਰਹੀ ਅਤੇ ਗੋਲੀ ਚੱਲਦੀ ਹੋਣ ਕਰਕੇ ਕਿਸੇ ਦਾ ਅੱਗੇ ਜਾਣ ਲਈ ਹੌਂਸਲਾ ਨਹੀਂ ਪਿਆ।
ਸਥਿਤੀ ਦੀ ਗੰਭੀਰਤਾ ਦਾ ਅੰਦਾਜਾ ਇਸ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਗੁਰਸ਼ਰਨ ਨੂੰ ਕਾਬੂ ਕਰਨ ਲਈ ਮੌਕੇ ਤੇ ਪੁੱਜੀ ਪੁਲਿਸ ਪਾਰਟੀ ਨੂੰ ਕਰੜੀ ਮੁਸ਼ੱਕਤ ਕਰਨੀ ਪਈ। ਪੁਲਿਸ ਨੇ ਆਂਢੀਆਂ ਗੁਆਂਢੀਆਂ ਦੇ ਘਰਾਂ ਦੀਆਂ ਛੱਤਾਂ ਰਾਹੀਂ ਗੁਰਸ਼ਰਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ’ਤੇ ਵੀ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਦੇ ਜਵਾਬ ਵਿੱਚ ਪੁਲਿਸ ਨੂੰ ਵੀ ਗੋਲੀਆਂ ਚਲਾਉਣੀਆਂ ਪਈਆਂ। ਪੁਲਿਸ ਅਨੁਸਾਰ ਦੋਵਾਂ ਧਿਰਾਂ ਵਿਚਕਾਰ ਕਰੀਬ ਅੱਧਾ ਘੰਟਾ ਗੋਲੀਆਂ ਦਾ ਆਦਾਨ ਪ੍ਰਦਾਨ ਹੋਇਆ ਹੈ। ਇਸ ਦੀ ਗਵਾਹੀ ਨੌਜਵਾਨ ਵੱਲੋਂ ਕੀਤੀ ਫਾਇਰਿੰਗ ਕਾਰਨ ਗਲੀ ’ਚ ਖਿੱਲਰੇ ਖੋਲ ਭਰਦੇ ਸਨ । ਪਿੰਡ ਵਾਸੀ ਦੱਸਦੇ ਹਨ ਕਿ ਇਸ ਮੌਕੇ ਗੁਰਸ਼ਰਨ ਸਿੰਘ ਨੇ ਤਿੰਨ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਹਨ ,ਜਿਸ ਕਾਰਨ ਇਲਾਕੇ ’ਚ ਦਹਿਸ਼ਤ ਬਣੀ ਰਹੀ।
ਉਨ੍ਹਾਂ ਦੱਸਿਆ ਕਿ ਗੁਰਸ਼ਰਨ ਸਿੰਘ ਤੇ ਇੱਕ ਤਰਾਂ ਨਾਲ ਭੂਤ ਸਵਾਰ ਲੱਗਦਾ ਸੀ ਤੇ ਜੋ ਵੀ ਅੱਗੇ ਜਾਂਦਾ ਤਾਂ ਉਸ ਤੇ ਹੀ ਗੋਲੀ ਚਲਾ ਦਿੰਦਾ ਸੀ। ਇਸ ਸਬੰਧ ’ਚ ਸਾਹਮਣੇ ਆਈ ਵੀਡੀਓ ਤੋਂ ਵੀ ਪਤਾ ਲੱਗਦਾ ਹੈ ਕਿ ਘਟਨਾਂ ਵਾਲੀ ਥਾਂ ਤੇ ਕਿੱਦਾਂ ਤਾਂਬੜਤੋੜ ਫਾਇਰਿੰਗ ਕੀਤੀ ਜਾ ਰਹੀ ਹੈ । ਪੁਲਿਸ ਨੇ ਲਾਸ਼ਾਂ ਕਬਜੇ ’ਚ ਲੈਕੇ ਪੋਸਟਮਾਰਟਮ ਲਈ ਰਾਮਪੁਰਾ ਦੇ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ। ਮੌਕੇ ਤੇ ਪੁੱਜੇ ਡੀ ਐਸ ਪੀ ਰਾਮਪੁਰਾ ਫੂਲ ਮੋਹਿਤ ਅੱਗਰਵਾਲ ਨੇ ਦੱਸਿਆ ਕਿ ਮਾਮਲਾ ਦੋ ਪ੍ਰੀਵਾਰਾਂ ਦੀ ਪੁਰਾਣੀ ਰੰਜਿਸ਼ ਦਾ ਹੈ। ਇਸ ਸਬੰਧ ’ਚ ਇੱਕ ਐਫ ਆਈ ਆਰ ਦਰਜ ਹੋਈ ਹੈ ,ਜਿਸ ਦੀ ਸੁਣਵਾਈ ਅਦਾਲਤ ’ਚ ਚੱਲ ਰਹੀ ਹੈ । ਜਿਸ ਬਾਰੇ ਜਾਂਚ ਦੌਰਾਨ ਇਹ ਵੀ ਪਤਾ ਲਾਇਆ ਜਾਏਗਾ ਕਿ ਅਸਲ ’ਚ ਇਹ ਕੀ ਮਾਮਲਾ ਹੈ ।
ਉਨ੍ਹਾਂ ਦੱਸਿਆ ਕਿ ਇਸੇ ਕਾਰਨ ਅੱਜ ਗੁਰਸ਼ਰਨ ਸਿੰਘ ਨੇ ਆਪਣੇ ਸ਼ਰੀਕੇ ਵਿੱਚੋਂ ਭਰਾ ਲੱਗਦੇ ਗੁਰਸ਼ਾਂਤ ਸਿੰਘ ਨੂੰ ਆਪਣੀ ਲਾੲਸੰਸੀ ਰਾਈਫਲ ਦੀ ਗੋਲੀ ਮਾਰਕੇ ਕਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਗੋਲੀਆਂ ਲੱਗਣ ਨਾਲ ਪਿੰਡ ਵਾਸੀ ਭੋਲਾ ਸਿੰਘ ਵੀ ਮਾਰਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਘਟਨਾ ਦੌਰਾਨ ਪਿੰਡ ਵਾਸੀ ਜਸਪਾਲ ਸਿੰਘ ਪਾਲਾ ਤੋਂ ਇਲਾਵਾ ਤੇਜੀ ਅਤੇ ਘੋਨਾ ਜਖਮੀ ਹੋਏ ਹਨ । ਜਿੰਨ੍ਹਾਂ ਦਾ ਵੱਖ ਵੱਖ ਹਸਪਤਾਲਾਂ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰੀਵਾਰ ਨੇ ਪੁਲਿਸ ਨੂੰ ਜਾਣਕਾਰੀ ਅਤੇ ਕੁੱਝ ਕਾਗਜ਼ ਪੱਤਰ ਦਿੱਤੇ ਹਨ। ਜਿੰਨ੍ਹਾਂ ਮੁਤਾਬਕ ਗੁਰਸ਼ਰਨ ਸਿੰਘ ਡਿਪਰੈਸ਼ਨ ਦਾ ਸ਼ਿਕਾਰ ਸੀ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਸੀ । ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇੰਨ੍ਹਾਂ ਤੱਥਾਂ ਦੇ ਨਾਲ ਨਾਲ ਸਮੁੱਚੇ ਮਾਮਲੇ ਦੀ ਪੂਰੀ ਡੁੰਘਾਈ ਨਾਲ ਪੜਤਾਲ ਕੀਤੀ ਜਾਏਗੀ।