ਰਘਬੀਰ ਹੈਪੀ,ਬਰਨਾਲਾ,19 ਸਤੰਬਰ 2023
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਹਿਲ ਕਲਾਂ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਅਤੇ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਜਗਦੀਸ਼ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਸਿਖਲਾਈ ਅਫਸਰ ਬਰਨਾਲਾ ਡਾ. ਸਤਪਾਲ ਸਿੰਘ ਅਤੇ ਬਲਾਕ ਖੇਤੀਬਾੜੀ ਅਫ਼ਸਰ ਮਹਿਲ ਕਲਾਂ ਡਾ. ਗੁਰਚਰਨ ਸਿੰਘ ਦੀ ਅਗਵਾਈ ਹੇਠ ਪਿੰਡ ਛੀਨੀਵਾਲ ਕਲਾਂ ਦੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਸਤਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਅਸੀਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ, ਉੱਥੇ ਧਰਤੀ ਦੀ ਉਪਜਾਊ ਸ਼ਕਤੀ ਅਤੇ ਮਿੱਤਰ ਕੀੜੇ ਵੀ ਮਾਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਨਵੀਆਂ ਤਕਨੀਕਾਂ (ਹੈਪੀਸੀਡਰ, ਸੁਪਰਸੀਡਰ, ਸਰਫੇਸ ਸੀਡਰ ਆਦਿ) ਨਾਲ ਹੀ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਨਸਲਾਂ ਲਈ ਸ਼ੁੱਧ ਵਾਤਾਵਰਨ ਪ੍ਰਦਾਨ ਕੀਤਾ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਖੇਤ ਦੀ ਪਰਾਲੀ ਨੂੰ ਬੇਲਰ ਰਾਹੀਂ ਗੰਢਾਂ ਬਣਾ ਕੇ ਜਾਂ ਤੂੜੀ ਬਣਾ ਕੇ ਵਪਾਰੀਆਂ ਨੂੰ ਵੇਚ ਸਕਦੇ ਹਨ। ਜੇਕਰ ਅਸੀਂ ਪਿੰਡ ਪੱਧਰ ਤੋਂ ਹੀ ਅੱਗ ਨਾ ਲਗਾਉਣ ਦੇ ਉਪਰਾਲੇ ਸ਼ੁਰੂ ਕਰਾਂਗੇ ਤਾਂ ਹੀ ਸਾਡਾ ਸਾਰਾ ਪੰਜਾਬ ਪ੍ਰਦੂਸ਼ਣ ਮੁੱਕਤ ਹੋ ਸਕੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਸਿਫਾਰਿਸ਼ ਕੀਤੀਆਂ ਕਿਸਮਾਂ ਅਤੇ ਦਵਾਈਆਂ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਜੋ ਕਿਸਾਨ ਦੇ ਖੇਤੀ ਖਰਚੇ ਘਟ ਸਕਣ।
ਇਸ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਡਾ. ਜਸਮੀਨ ਸਿੰਘ ਸਿੱਧੂ ਨੇ ਹਾੜ੍ਹੀ ਦੀਆਂ ਫ਼ਸਲਾਂ ਦੀ ਕਾਸ਼ਤ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਖੇਤੀਬਾੜੀ ਯੂਨੀਵਰਿਸਟੀ ਵਲੋਂ ਸਿਫਾਰਸ਼ ਕੀਤੀਆਂ ਗਈਆਂ ਕਣਕ ਦੀਆਂ ਕਿਸਮਾਂ, ਖੁਰਾਕੀ ਤੱਤ, ਕੀੜੇ- ਮਕੌੜੇ ਅਤੇ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਇੱਕ ਏਕੜ ਵਿੱਚੋਂ ਪੈਦਾ ਹੋਈ ਪਰਾਲੀ ਨੂੰ ਆਪਣੇ ਖੇਤ ਵਿੱਚ ਹੀ ਵਾਹੁੰਦਾ ਹੈ ਤਾਂ ਕਿਸਾਨ ਦਾ ਪ੍ਰਤੀ ਏਕੜ 4000 ਤੋਂ 5000 ਖਰਚਾ ਵੀ ਘਟੇਗਾ ਅਤੇ
ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਵੀ ਹੋਵੇਗਾ। ਉਨ੍ਹਾਂ ਕਣਕ ਦੇ ਮੁੱਖ ਦੁਸ਼ਮਣ ਗੁੱਲੀ ਡੰਡੇ ਅਤੇ ਉਸ ਦੀ ਰੋਕਥਾਮ ਲਈ ਸਿਫਾਰਸ਼ ਕੀਤੇ ਨਦੀਨ-ਨਾਸ਼ਕਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ।
ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸੀ.ਆਰ. ਐੱਮ. ਸਕੀਮ ਅਧੀਨ ਕਿਸਾਨਾਂ ਨੂੰ ਸਬਸਿਡੀ ਉੱਪਰ ਪਰਾਲੀ ਸਾਂਭਣ ਵਾਲੀਆਂ ਵੱਖ-ਵੱਖ ਮਸ਼ੀਨਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਕਿਸਾਨ ਭਰਪੂਰ ਲਾਭ ਲੈ ਸਕਦੇ ਹਨ। ਇਸ ਮੌਕੇ ਉੱਪਰ ਸ੍ਰੀਮਤੀ ਮਹਿੰਦਰ ਕੌਰ ਏ.ਟੀ.ਐੱਮ. ਨੇ ਸਟੇਜ ਦਾ ਸੰਚਾਲਣ ਕੀਤਾ। ਇਸ ਮੌਕੇ ਸ੍ਰੀ ਚਰਨ ਰਾਮ ਏ.ਈ.ਓ, ਸ੍ਰੀ ਜਸਵਿੰਦਰ ਸਿੰਘ ਏ.ਟੀ.ਐੱਮ., ਸ੍ਰੀ ਭਗਵਾਨ ਸਿੰਘ ਬੇਲਦਾਰ ਅਤੇ ਅਗਾਂਹਵਧੂ ਕਿਸਾਨ ਜਗਤਾਰ ਸਿੰਘ, ਗੁਰਮੇਲ ਸਿੰਘ, ਸ਼ਿੰਗਾਰਾ ਸਿੰਘ, ਹਰਮੇਲ ਸਿੰਘ, ਨਿਰਭੈ ਸਿੰਘ, ਗੁਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਚਾਇਤ ਮੈਂਬਰ ਅਤੇ ਕਿਸਾਨ ਹਾਜ਼ਰ ਸਨ।