ਅਸ਼ੋਕ ਵਰਮਾ, ਬਠਿੰਡਾ, 15 ਸਤੰਬਰ 2023
ਬਠਿੰਡਾ ਪੁਲਿਸ ਨੇ ਇੱਕ ਅਜਿਹੇ ਤਿੱਕੜੀ ਗਿਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਮ੍ਰਿਤਕਾਂ ਦੇ ਖਾਤਿਆਂ ਵਿਚੋਂ ਵਿੱਚੋਂ ਪੈਸੇ ਕੱਢਵਾਉਣ ਦਾ ਮਾਹਿਰ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਗਿਰੋਹ ਦੀ ਇੱਕ ਮੈਂਬਰ ਬਜ਼ੁਰਗ ਔਰਤ ਹੈ ਜਿਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਦੰਗ ਰਹਿ ਗਏ ਕਿ ਉਮਰ ਦੇ ਇਸ ਮੁਕਾਮ ਤੇ ਵੀ ਕੋਈ ਏਨਾ ਸ਼ਾਤਿਰ ਹੋ ਸਕਦਾ ਹੈ ਕਿ ਕਿਸੇ ਹੋਰ ਦੇ ਬੈਂਕ ਖਾਤੇ ਨੂੰ ਮਿੰਟੋ-ਮਿੰਟੀ ਸਾਫ ਕਰ ਦੇਵੇ। ਥਾਣਾ ਨੇਹੀਆਂ ਵਾਲਾ ਪੁਲਿਸ ਨੇ ਸਟੇਟ ਬੈਂਕ ਆਫ ਇੰਡੀਆ ਦੇ ਖਜ਼ਾਨਚੀ ਬਖਸ਼ੀਸ਼ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ ਗੋਨਿਆਨਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਧਾਰਾ 420, 419, 34 ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਵੱਲੋਂ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਸੁਭਾਸ਼ ਕੁਮਾਰ ਪੁੱਤਰ ਸਵਰਨ ਰਾਮ ਵਾਸੀ ਪਿੰਡ ਰਾਮਨਗਰ ਮਲੋਟ ਗੁਰਮੇਲ ਕੌਰ ਵਿਧਵਾ ਸੁਖਮੰਦਰ ਸਿੰਘ ਵਾਸੀ ਮਲੋਟ ਅਤੇ ਜੈਦੀਪ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਭੋਖੜਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਤੌਰ ਤੇ ਕੀਤੀ ਗਈ ਹੈ ਜਦੋਂ ਕਿ ਪੁਲਿਸ ਨੇ ਇੱਕ ਅਣਪਛਾਤੇ ਬਜ਼ੁਰਗ ਨੂੰ ਵੀ ਮਾਮਲੇ ਵਿਚ ਨਾਮਜ਼ਦ ਕੀਤਾ ਹੈ ਜਿਸ ਨੂੰ ਕਾਬੂ ਕਰਨ ਲਈ ਪੁਲਿਸ ਨੇ ਤਿਆਰੀਆਂ ਖਿੱਚ ਦਿੱਤੀਆਂ ਹਨ। ਪੁਲਿਸ ਅਧਿਕਾਰੀ ਹੈਰਾਨ ਹਨ ਕਿ ਉਨ੍ਹਾਂ ਨੇ ਜਿਉਂਦੇ ਵਿਅਕਤੀਆਂ ਨਾਲ ਠੱਗੀ ਮਾਰਨ ਅਤੇ ਏਟੀਐਮ ਬਦਲ ਕੇ ਪੈਸੇ ਕਢਵਾਉਣ ਦੇ ਮਾਮਲੇ ਤਾਂ ਸਾਹਮਣੇ ਆਏ ਹਨ ਪਰ ਆਪਣੀ ਕਿਸਮ ਦਾ ਇਹ ਨਿਵੇਕਲਾ ਮਾਮਲਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗਿਰੋਹ ਨੇ ਪਿੰਡ ਮਹਿਮਾ ਸਰਜਾ ਦੇ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿੱਚੋਂ ਪਿੰਡ ਦੀ ਹੀ ਇੱਕ ਮ੍ਰਿਤਕ ਔਰਤ ਦੇ ਦੇ ਨਾਮ ਤੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਥਾਣਾ ਨੇਹਿਆਵਾਲਾ ਅਧੀਨ ਆਉਂਦੀ ਪੁਲਿਸ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਪਿੰਡ ਮਹਿਮਾ ਸਰਜਾ ਦੇ ਸਟੇਟ ਬੈਂਕ ਦੀ ਟੀਮ ਨਾਲ ਮਿਲਕੇ ਇਹਨਾਂ ਮੁਲਜ਼ਮਾਂ ਨੂੰ ਦਬੋਚ ਲਿਆ। ਵੇਰਵੇ ਅਨੁਸਾਰ ਦੋ ਦਿਨ ਪਹਿਲਾਂ ਹੀ ਇਸ ਗਿਰੋਹ ਨੇ ਪਿੰਡ ਮਹਿਮਾ ਭਗਵਾਨਾ ਦੇ ਮ੍ਰਿਤਕ ਬਜ਼ੁਰਗ ਗੋਰਖ ਸਿੰਘ ਦੇ ਸਟੇਟ ਬੈਂਕ ਆਫ ਇੰਡੀਆ ਵਿਚਲੇ ਖਾਤੇ ਵਿਚੋਂ 50 ਹਜ਼ਾਰ ਰੁਪਏ ਕਢਵਾਏ ਸਨ। ਜਦੋਂ ਖਾਤੇ ਵਿੱਚੋਂ ਇਹ ਰਾਸ਼ੀ ਕਢਵਾਈ ਤਾਂ ਮ੍ਰਿਤਕ ਦੇ ਪੋਤੇ ਦੇ ਮੋਬਾਇਲ ਫ਼ੋਨ ‘ਚ ਉਸਦੇ ਦਾਦੇ ਦੇ ਖਾਤੇ ਵਿਚੋਂ 50 ਹਜ਼ਾਰ ਰੁਪਏ ਨਿਕਲਣ ਦਾ ਮੈਸੇਜ ਚਲਾ ਗਿਆ ।
ਇਸ ਤੋਂ ਬਾਅਦ ਪਰਿਵਾਰ ਵਿੱਚ ਗਈ ਅਤੇ ਉਨ੍ਹਾਂ ਸਟੇਟ ਬੈਂਕ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ । ਬਖਸ਼ੀਸ਼ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ 13 ਸਤੰਬਰ ਨੂੰ ਵਜ਼ੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮਹਿਮਾ ਭਗਵਾਨਾ ਨੇ ਬੈਂਕ ਵਿੱਚ ਆ ਕੇ ਉਸਨੂੰ ਦੱਸਿਆ ਕਿ ਉਸਦੇ ਦਾਦਾ ਗੋਰਖ ਸਿੰਘ ਦੇ ਖਾਤੇ ਵਿੱਚੋਂ ਮਿਤੀ 11ਸਤੰਬਰ ਨੂੰ 50,000/-ਰੁਪਏ ਨਿਕਲੇ ਹਨ ਜਦ ਕਿ ਉਸਦੇ ਦਾਦੇ ਦੀ ਕਾਫੀ ਸਮਾਂ ਪਹਿਲਾ ਮੌਤ ਹੋ ਚੁੱਕੀ ਹੈ। ਇਸ ਮੌਕੇ ਉਨ੍ਹਾਂ ਨੇ ਸੀ.ਸੀ.ਟੀ.ਵੀ. ਫੁਟੇਜ ਚੈਕ ਕੀਤੀ ਤਾਂ ਪਤਾ ਲੱਗਾ ਕਿ ਇਹ ਪੈਸੇ ਇੱਕ ਆਦਮੀ ਤੇ ਇੱਕ ਬਜੁਰਗ ਕਢਵਾ ਕੇ ਲੈ ਗਏ ਸਨ।
ਜਾਣਕਾਰੀ ਅਨੁਸਾਰ ਆਪਣੀ ਪਹਿਲੀ ਸਫਲਤਾ ਅਤੇ ਲਾਲਚ ਵਿੱਚ ਅੰਨ੍ਹਾ ਹੋ ਕੇ ਇਹ ਗਿਰੋਹ 13 ਸਤੰਬਰ ਨੂੰ ਇੱਕ ਹੌਰ ਮ੍ਰਿਤਕ ਔਰਤ ਸੁਚਿਆਰ ਕੌਰ ਪਤਨੀ ਮੱਲ ਸਿੰਘ ਵਾਸੀ ਮਹਿਮਾ ਭਗਵਾਨਾ ਦੇ ਖਾਤੇ ਵਿਚੋਂ 53 ਹਜ਼ਾਰ ਕਢਵਾਉਣ ਪੁੱਜ ਗਿਆ। ਪਹਿਲਾਂ ਹੀ ਪੰਜਾਹ ਹਜ਼ਾਰ ਰੁਪਏ ਨਿਕਲ ਜਾਣ ਤੋਂ ਬਾਅਦ ਬੈਂਕ ਅਧਿਕਾਰੀ ਪੂਰੀ ਤਰ੍ਹਾਂ ਚੌਕਸ ਸਨ । ਜਦੋਂ ਉਹਨਾਂ ਨੇ ਸੀਸੀਟੀਵੀ ਦੀ ਫੁਟੇਜ ਚੈੱਕ ਕੀਤੀ ਤਾਂ ਭੇਦ ਖੁੱਲ ਗਿਆ ਕਿ ਇਹ ਉਹ ਹੀ ਵਿਅਕਤੀ ਹਨ ਜਿਨ੍ਹਾਂ ਨੇ ਪਹਿਲਾਂ 50 ਹਜ਼ਾਰ ਰੁਪਏ ਕਢਵਾਏ ਹਨ। ਬੈਂਕ ਸਟਾਫ਼ ਨੇ ਇਸ ਮੌਕੇ ਪੂਰੀ ਚੌਕਸੀ ਨਾਲ ਬੈਂਕ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਪੁਲਿਸ ਨੂੰ ਬੁਲਾ ਲਿਆ। ਇਸ ਦੌਰਾਨ ਬੈਂਕ ਦੇ ਬਾਹਰ ਖਲੋਤਾ ਇਸ ਗਿਰੋਹ ਦਾ ਇੱਕ ਸਾਥੀ ਪੁਲਿਸ ਤੇ ਆਉਣ ਤੋਂ ਪਹਿਲਾਂ ਫਰਾਰ ਹੋ ਗਿਆ। ਪੁਲਿਸ ਨੇ ਹੁਸ਼ਿਆਰੀ ਵਰਤਦਿਆਂ ਗਿਰੋਹ ਦੇ ਦੂਜੇ ਮੈਂਬਰਾਂ ਤੋਂ ਫੋਨ ਕਰਾ ਕੇ ਉਸ ਨੂੰ ਵੀ ਕਾਬੂ ਕਰ ਲਿਆ।
ਬਠਿੰਡਾ ਪੁਲੀਸ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਸੁਭਾਸ਼ ਕੁਮਾਰ ਅਤੇ ਜੈਦੀਪ ਸਿੰਘ ਨੇ ਆਪਸ ਵਿੱਚ ਮਿਲ ਕੇ ਗਿਰੋਹ ਬਣਾਇਆ ਹੋਇਆ ਹੈ। ਇਹ ਲੋਕ ਮਿਰਤਕ ਵਿਅਕਤੀਆਂ ਦੇ ਖਾਤਿਆਂ ਦੀ ਜਾਣਕਾਰੀ ਲੈ ਲੈਂਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਦੀਆਂ ਸ਼ਕਲਾਂ ਨਾਲ ਮਿਲਦੇ ਜੁਲਦੇ ਵਿਅਕਤੀਆਂ ਨੂੰ ਲੈ ਕੇ ਪੈਸਾ ਕਢਵਾ ਲਿਆ ਜਾਂਦਾ ਹੈ। ਪੁਲਿਸ ਰਿਮਾਂਡ ਲੈਣ ਤੋਂ ਬਾਅਦ ਮੁਲਜ਼ਮਾਂ ਤੋਂ ਪੁੱਛ ਪੜਤਾਲ ਕਰੇਗੀ ਕਿ ਉਹਨਾਂ ਨੇ ਇਸ ਤੋਂ ਪਹਿਲਾਂ ਅਜਿਹੇ ਕਿੰਨੇ ਕਾਂਡ ਕੀਤੇ ਹਨ ਅਤੇ ਕਿਹੜੇ ਕਿਹੜੇ ਬੈਂਕਾਂ ਨੂੰ ਨਿਸ਼ਾਨਾ ਬਣਾਇਆ ਹੈ। ਪੁਲਿਸ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰੇਗੀ ਕੇ ਕਿੱਧਰੇ ਇਸ ਗਿਰੋਹ ਨਾਲ ਕੋਈ ਬੈਂਕ ਦੇ ਮੁਲਾਜ਼ਮ ਤਾਂ ਨਹੀਂ ਮਿਲੇ ਹੋਏ ਹਨ। ਪੁਲਿਸ ਨੂੰ ਸ਼ੱਕ ਹੈ ਕਿ ਬਿਨਾਂ ਬੈਂਕ ਮੁਲਾਜ਼ਮਾਂ ਦੀ ਮਿਲੀ ਭੁਗਤ ਦੇ ਅਜਿਹੀ ਵਾਰਦਾਤ ਕਰਨੀ ਮੁਸ਼ਕਿਲ ਹੈ।