ਅਸ਼ੋਕ ਧੀਮਾਨ, ਫ਼ਤਹਿਗੜ੍ਹ ਸਾਹਿਬ ,29 ਜੁਲਾਈ 2023
ਬਰਸਾਤੀ ਮੌਸਮ ਨੂੰ ਦੇਖਦੇ ਹੋਏ ਸਿਹਤ ਵਿਭਾਗ ਫਤਿਹਗੜ੍ਹ ਸਾਹਿਬ ਵਲੋ ਆਮ ਲੋਕਾਂ ਨੂੰ ਬਿਮਾਰੀਆਂ ਤੋ ਬਚਾਅ ਸਬੰਧੀ ਸਮੇ ਸਮੇ ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਬਰਸਾਤੀ ਮੌਸਮ ਵਿਚ ਕੰਜਕਟਿਵਾਈਟਸ (ਅੱਖਾਂ ਦੀ ਫਲੂ) ਵਰਗੀ ਬਿਮਾਰੀ ਨੂੰ ਫੈਲਣ ਤੋ ਰੋਕਣ ਲਈ ਸਿਹਤ ਵਿਭਾਗ ਵਲੋ ਇਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਅੱਖਾਂ ਦਾ ਲਾਲ ਹੋਣਾ, ਅੱਖਾਂ ਵਿਚ ਖੁਜਲੀ ਹੋਣੀ, ਅੱਖਾਂ ਵਿਚੋ ਪਾਣੀ ਆਉਣਾ, ਅੱਖਾਂ ਵਿਚ ਗਿੱਡ ਆਉਣੀ, ਅੱਖਾਂ ਦੇ ਹੇਠਲੇ ਹਿੱਸੇ ਵਿਚ ਸੋਜ ਆਉਣੀ ਆਦਿ ਲੱਛਣ ਨਜ਼ਰ ਆਉਣ ਤਾਂ ਆਪਣੇ ਆਪ ਇਸਦਾ ਘਰ ਵਿੱਚ ਇਲਾਜ ਨਾ ਕਰੋ ਸਗੋਂ ਤੁਰੰਤ ਆਪਣੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਖ਼ੇ ਅੱਖਾਂ ਦੇ ਮਾਹਿਰ ਡਾਕਟਰ ਕੋਲੋਂ ਅੱਖਾਂ ਦਾ ਚੈਕਅਪ ਕਰਵਾਇਆ ਜਾਵੇ।ਉਨਾਂ ਦੱਸਿਆ ਕਿ ਇਹ ਅੱਖਾਂ ਦੀ ਬਿਮਾਰੀ ਇਕ ਵਿਅਕਤੀ ਤੋ ਦੂਸਰੇ ਵਿਅਕਤੀ ਨੂੰ ਹੋ ਸਕਦੀ ਹੈ।ਇਸ ਲਈ ਆਪਣੀਆਂ ਅੱਖਾਂ ਨੂੰ ਵਾਰ ਵਾਰ ਛੂਹਣ ਤੋ ਬਚੋ ਅਤੇ ਹੱਥਾਂ ਨੂੰ ਵਾਰ ਵਾਰ ਸਾਬਣ ਅਤੇ ਪਾਣੀ ਨਾਲ ਸਾਫ ਕਰੋ। ਕਾਲੀਆਂ ਐਨਕਾਂ ਲਗਾ ਕੇ ਰੱਖੋ। ਭੀੜ ਵਾਲੇ ਇਲਾਕਿਆਂ ਵਿੱਚ ਜਾਣ ਤੋਂ ਗੁਰੇਜ ਕਰੋ।ਦੂਸਰੇ ਵਿਅਕਤੀ ਦੇ ਵਰਤੇ ਹੋਏ ਤੋਲੀਏ ਜਾਂ ਰੁਮਾਲ ਦੀ ਵਰਤੋੰ ਨਾ ਕੀਤੀ ਜਾਵੇ।ਘਰ ਵਿਚ ਕਿਸੇ ਪਰਿਵਾਰਕ ਮੈਬਰ ਨੂੰ ਉਪਰੋਕਤ ਲੱਛਣ ਪਾਏ ਜਾਂਦੇ ਹਨ ਤਾਂ ਉਸ ਤੋ ਦੂਰੀ ਬਣਾ ਕੇ ਰੱਖੀ ਜਾਵੇ।ਉਨਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਸਕੂਲ ਵਿਚ ਪੜ੍ਹਣ ਵਾਲੇ ਬੱਚੇ ਨੂੰ ਉਪਰੋਕਤ ਲੱਛਣ ਪਾਏ ਜਾਂਦੇ ਹਨ ਤਾਂ ਉਸ ਬੱਚੇ ਨੂੰ ਸਕੂਲ ਤੋ ਛੁੱਟੀ ਦਿੱਤੀ ਜਾਵੇ ਅਤੇ ਉਸ ਦਾ ਇਲਾਜ ਹੋਣ ਉਪਰੰਤ ਹੀ ਸਕੂਲ ਭੇਜਿਆ ਜਾਵੇ।ਕਿਸੇ ਵਿਅਕਤੀ ਨੂੰ ਇਹ ਲੱਛਣ ਪਾਏ ਜਾਦੇ ਹਨ ਤਾਂ ਨਾਂ ਘਬਰਾਉ ਸਗੋਂ ਸਰਕਾਰੀ ਹਸਪਤਾਲਾਂ ਵਿੱਚ ਇਸਦਾ ਮੁਫ਼ਤ ਇਲਾਜ ਕਰਾਓ ।