ਹਾਲੇ ਅੱਜ ਹੀ ਪ੍ਰਕਾਸ਼ਿਤ ਹੋਈਆਂ ਸੀ ਚਮੜੀ ਰੋਗਾਂ ਦੀ ਮਾਹਿਰ ਡਾਕਟਰ ਰਵਨੀਤ ਕੌਰ ਦੀ ਬਦਲੀ ਦੀਆਂ ਖਬਰਾਂ
ਹਰਿੰਦਰ ਨਿੱਕਾ , ਬਰਨਾਲਾ 29 ਜੁਲਾਈ 2023
ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦਾ ਬਾਬਾ ਆਦਮ ਹੀ ਨਿਰਾਲਾ ਹੈ। ਲੋਕ ਹਿੱਤ ਦੱਸਦਿਆਂ ਲੰਘੀ ਕੱਲ੍ਹ ਸੂਬੇ ਦੇ ਵੱਖ ਵੱਖ ਹਸਪਤਾਲਾਂ ‘ਚੋਂ 21 ਡਾਕਟਰਾਂ ਦੀਆਂ ਕੀਤੀਆਂ ਬਦਲੀਆਂ ਦੀ ਜ਼ਾਰੀ ਸੂਚੀ ਨੇ ਤਪਾ ਮੰਡੀ ਇਲਾਕੇ ਦੇ ਲੋਕਾਂ ਅੰਦਰ ਕਾਫੀ ਭੰਬਲਭੂਸਾ ਪੈਦਾ ਕਰ ਦਿੱਤਾ ਹੈ । ਬਰਨਾਲਾ ਜਿਲ੍ਹੇ ਦੀ ਤਪਾ ਸਬ ਡਿਵੀਜਨਲ ਦੇ ਸਿਵਲ ਹਸਪਤਾਲ ਵਿੱਚ ਹਾਲ ਹੀ ‘ਚ ਤਾਇਨਾਤ ਹੋਈ ਚਮੜੀ ਰੋਗਾਂ ਦੀ ਮਾਹਿਰ ਡਾਕਟਰ ਰਵਨੀਤ ਕੌਰ ਦੀ ਬਦਲੀ, ਸਬੰਧੀ ਅੱਜ ਦੀਆਂ ਅਖਬਾਰਾਂ ਵਿੱਚ ਪ੍ਰਕਾਸ਼ਿਤ ਖਬਰਾਂ ਦੀ ਸਿਆਹੀ ਸੁੱਕਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਬਦਲੀ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕੇ ਦੇ ਸਿਵਲ ਹਸਪਤਾਲ ਧੂਰੀ ਵਿਖੇ ਕਰ ਦਿੱਤੀ ਗਈ ਹੈ। ਅਜਿਹਾ ਹੋਣ ਨਾਲ, ਇਲਾਕੇ ਦੇ ਲੋਕਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਡਾਕਟਰ ਰਵਨੀਤ ਕੌਰ ਤਪਾ ਹਸਪਤਾਲ ਵਿਖੇ ਰਹਿਣਗੇ ਜਾਂ ਫਿਰ ਧੂਰੀ ਹਸਪਤਾਲ ਵਿਖੇ ਜਾ ਕੇ ਹਾਜਿਰ ਹੋਣਗੇ। ਉੱਝ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਵੱਲੋਂ ਜ਼ਾਰੀ ਹੁਕਮਾਂ ‘ਚ ਸਾਫ ਲਿਖਿਆ ਹੋਇਆ ਹੈ ਕਿ ਇਹ ਹੁਕਮ ਸਮਰੱਥ ਅਧਾਰਟੀ ਦੀ ਪ੍ਰਵਾਨਗੀ ਉਪਰੰਤ ਜ਼ਾਰੀ ਕੀਤੇ ਜਾਂਦੇ ਹਨ ਜੋ ਕਿ ਤੁਰੰਤ ਲਾਗੂ ਹੋਣਗੇ।
ਵਰਨਦਯੋਗ ਹੈ ਕਿ ਬਤੌਰ ਮੈਡੀਕਲ ਅਫਸਰ ਡਾਕਟਰ ਰਵਨੀਤ ਕੌਰ , ਸਿਵਲ ਹਸਪਤਾਲ ਤਪਾ ਅਧੀਨ ਪੈਂਦੇ ਪ੍ਰਾਇਮਰੀ ਹੈਲਥ ਸੈਂਟਰ ( P. H. C. ) ਸ਼ਹਿਣਾ ਵਿਖੇ ਤਾਇਨਾਤ ਸੀ, ਜਿੰਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਆਪਣੀ ਐਮ.ਡੀ. ਮੁਕੰਮਲ ਕਰਨ ਤੋਂ ਬਾਅਦ ਪਹਿਲੀ ਤਾਇਨਾਤੀ ਆਰਜੀ ਤੌਰ ਤੇ ਸਬ ਡਿਵੀਜਨਲ ਹਸਪਤਾਲ ਤਪਾ ਵਿਖੇ ਤਾਇਨਾਤ ਕੀਤਾ ਗਿਆ ਸੀ। ਇਸ ਸਬੰਧੀ ਖਬਰਾਂ ਵੀ ਅੱਜ ਦੇ ਵੱਖ ਵੱਖ ਅਖਬਾਰਾਂ ਵਿੱਚ ਕਾਫੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਹੋਈਆਂ ਹਨ। ਪ੍ਰਕਾਸ਼ਿਤ ਖਬਰਾਂ ਵਿੱਚ ਡਾਕਟਰ ਰਵਨੀਤ ਕੌਰ ਦੀ ਤਪਾ ਵਿਖੇ ਤਾਇਨਾਤੀ ਦਾ ਸਿਹਰਾ ਮੁੱਖ ਤੌਰ ਤੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਸਿਰ ਬੰਨ੍ਹਿਆ ਗਿਆ ਸੀ। ਪਰੰਤੂ ਡਾਕਟਰ ਰਵਨੀਤ ਕੌਰ ਦੀ ਤਾਜ਼ਾ ਬਦਲੀ ਸਬੰਧੀ ਹੁਕਮਾਂ ਨੂੰ ਇਲਾਕੇ ਦੇ ਲੋਕ ਕੀਹਦੇ ਖਾਤੇ ਪਾਉਣ, ਅਜਿਹੀ ਚਰਚਾ ਹਰ ਕਿਸੇ ਦੀ ਜੁਬਾਨ ਤੇ ਹੈ।