ਔਰਤ ਨੂੰ ਨਿਰਵਸਤਰ ਕਰਕੇ ਘੁੰਮਾਉਣ ਨਾਲ ਸਰਕਾਰ ਤੇ ਪ੍ਰਸ਼ਾਸਨ ਹੋਇਆ ਨੰਗਾ-ਡਾਕਟਰ ਕੋਚਰ
ਅੰਜੂ ਅਮਨਦੀਪ ਗਰੋਵਰ , ਲੁਧਿਆਣਾ 26, ਜੁਲਾਈ 2023
ਸੀ.ਪੀ.ਆਈ, ਲੁਧਿਆਣਾ ਵੱਲੋਂ ਪੰਜਾਬ ਇਸਤਰੀ ਸਭਾ (ਰਜਿ.) ਲੁਧਿਆਣਾ, ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ, ਭਾਰਤ ਜਨ ਗਿਆਨ ਵਿਗਿਆਨ ਜਥਾ, ਆਤਮ ਨਿਰਭਰ ਪੰਜਾਬ ਅਤੇ ਹੋਰ ਲੇਖਕ ਤੇ ਸਮਾਜ ਸੇਵੀ ਜਥੇਬੰਦੀਆਂ ਨਾਲ ਮਿਲ ਕੇ ਇੱਕ ਵਿਸ਼ਾਲ ਰੋਸ ਰੈਲੀ ਕੱਢੀ ਗਈ । ਰੈਲੀ ਵਿੱਚ ਮਨੀ ਪੁਰ ਵਿਚ ਹੋਈ ਹਿਰਦਾ ਛਲਣੀ ਕਰਨ ਵਾਲੀ ਅਣਮਨੁੱਖੀ, ਸ਼ਰਮਨਾਕ ਅਤੇ ਬਹੁਤ ਹੀ ਘਿਨੌਣੀ ਘਟਨਾ ਦਾ ਅਤੇ ਮਨੀਪੁਰ ਦੀ ਰਾਜ ਸਰਕਾਰ ਵੱਲੋਂ ਸੂਬੇ ਵਿੱਚ ਹਿੰਸਾ ਨੂੰ ਕੰਟਰੋਲ ਕਰਨ ਵਿੱਚ ਨਾਕਾਮਯਾਬ ਰਹਿਣ ਲਈ ਵਿਰੋਧ ਕਰਨ ਵਾਸਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੰਜਾਬ ਇਸਤਰੀ ਸਭਾ ਦੀ ਪ੍ਰਧਾਨ ਡਾ਼ ਗੁਰਚਰਨ ਕੌਰ ਕੋਚਰ ਨੇ ਕਿਹਾ ਕਿ ਔਰਤ ਨੂੰ ਨਿਰਵਸਤਰ ਕਰ ਕੇ ਘੁੰਮਾਉਣਾ,ਉਸ ਦੇ ਅੰਗਾਂ ਨਾਲ ਛੇੜ-ਛਾੜ ਕਰਨੀ ਇਕ ਅਣਮਨੁੱਖੀ , ਸ਼ਰਮਨਾਕ ਤੇ ਨਿੰਦਣਯੋਗ ਵਰਤਾਰਾ ਹੈ ਜਿਸ ਨੂੰ ਇਤਿਹਾਸ ਵੀ ਕਦੇ ਮਾਫ਼ ਨਹੀਂ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਨਾਲ ਸਿਰਫ਼ ਔਰਤ ਹੀ ਨਿਰਵਸਤਰ ਨਹੀਂ ਹੋਈ, ਸਗੋਂ ਮਨੀਪੁਰ ਦਾ ਪ੍ਰਸ਼ਾਸਨ, ਸਮੁੱਚਾ ਸਿਸਟਮ ,ਦੋਗਲੀ ਸੋਚ, ਕਥਨੀ ਤੇ ਕਰਨੀ ਵਿਚਲਾ ਅੰਤਰ ਵੀ ਨੰਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਅਸੀਂ ਮਿੱਟੀ ਤੋਂ ਬਣੀ ਹੋਈ ਔਰਤ ਦੀ ਮੂਰਤ ਨੂੰ ਵੀ ਦੇਵੀ ਦਾ ਦਰਜਾ ਦੇ ਕੇ ਸਤਿਕਾਰ ਕਰਦੇ ਹਾਂ ਪਰ ਇੱਕ ਜਿਉਂਦੀ- ਜਾਗਦੀ ਔਰਤ ਨੂੰ ਤਿ੍ਸਕਾਰਦੇ ਹਾਂ। ਔਰਤ ਦੀ ਬਚਪਨ ਰੁੱਤ ਨੂੰ ਕੰਜਕ ਬਣਾ ਕੇ ਪੂਜਦੇ ਹਾਂ, ਪਰ ਉਸ ਦੀ ਜੋਬਨ ਰੁੱਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹੋਏ ਉਸ ਦੀ ਇੱਜ਼ਤ ਨੂੰ ਤਾਰ-ਤਾਰ ਕਰਦੇ ਹਾਂ। ਉਨ੍ਹਾਂ ਨੇ ਪੀੜਤ ਔਰਤਾਂ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਜਲਦੀ ਤੋਂ ਜਲਦੀ ਇਨਸਾਫ਼ ਦਿਵਾਉਣ ਅਤੇ ਅਪਰਾਧੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਡਾ਼ ਅਰੁਣ ਮਿੱਤਰਾ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਇਸਦੇ ਬਾਵਜੂਦ ਕਿ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਸੀ, ਪ੍ਰਧਾਨ ਮੰਤਰੀ ਨੇ ਇਨ੍ਹਾਂ ਹਾਲਾਤਾਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿੱਤਾ। ਜਦੋਂ ਮਨੀਪੁਰ ਜਿਹਾ ਇੱਕ ਬਹੁਤ ਹੀ ਮਹੱਤਵਪੂਰਨ ਰਾਜ ਸੜ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਵਿਦੇਸ਼ਾਂ ਦੇ ਦੌਰੇ ਵਿਚ ਮਸਤ ਸਨ। ਇਹ ਗੱਲ ਹੁਣ ਪੂਰੀ ਤਰ੍ਹਾਂ ਸਪੱਸ਼ਟ ਹੋ ਗਈ ਹੈ ਕਿ 4 ਮਈ ਨੂੰ ਔਰਤਾਂ ਦੀ ਨਗਨ ਪਰੇਡ ਅਤੇ ਬਲਾਤਕਾਰ ਕਰਨ ਦੀ ਭਿਆਨਕ ਹਿੰਸਾ ਦੀ ਘਟਨਾ ਬਾਰੇ ਸਰਕਾਰ ਨੂੰ ਚੰਗੀ ਤਰ੍ਹਾਂ ਪਤਾ ਸੀ। ਪਰ ਉਹਨਾਂ ਨੇ ਇਸ ਨੂੰ ਜਾਣਬੁੱਝ ਕੇ ਛੁਪਾਇਆ। ਇਹ ਔਰਤਾਂ ਪ੍ਰਤੀ ਉਨ੍ਹਾਂ ਦੀ ਮਾਨਸਿਕਤਾ ਦਾ ਪ੍ਰਤੀਕ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਇਸ ਘਟਨਾ ਬਾਰੇ ਈਮੇਲ ਮਿਲੀ ਸੀ। ਇਹ ਮੰਨਣ ਯੋਗ ਨਹੀਂ ਕਿ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਦੀ ਲਗਾਤਾਰ ਚੁੱਪੀ ਉਹਨਾਂ ਵਲੋਂ ਹਿੰਸਾ ਨੂੰ ਟੇਢੇ ਸਮਰਥਨ ਨੂੰ ਦਰਸਾਉਂਦੀ ਹੈ।
ਇਹ ਬਹੁਤ ਹੀ ਨਿੰਦਣਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਜੋ ਹਮੇਸ਼ਾ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਗੱਲ ਕਰਦੇ ਹਨ, ਨੇ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਹੈ।
ਰੋਸ ਪ੍ਰਦਰਸ਼ਨ ਕਰਦੇ ਹੋਰ ਬੁਲਾਰਿਆਂ ਨੇ ਕਿਹਾ ਕਿ ਮਨੀਪੁਰ ਵਿੱਚ ਹੋਈ ਗੁੰਡਾਗਰਦੀ ਅਤੇ ਹਿੰਸਾ ਤੋਂ ਬਾਅਦ ਡਬਲ ਇੰਜਣ ਸਰਕਾਰ ਨੂੰ ਬਣੇ ਰਹਿਣ ਦਾ ਕੋਈ ਹੱਕ ਨਹੀਂ। ਮਨੀਪੁਰ ‘ਤੇ ਕੇਂਦਰ ਸਰਕਾਰ ਦੀ ਚੁੱਪ ਹਿੰਸਾ ਨੂੰ ਸਪੱਸ਼ਟ ਸਮਰਥਨ ਦਾ ਪ੍ਰਤੀਕ ਹੈ। ਸੂਬੇ ਅਤੇ ਕੇਂਦਰ ਦੀ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ। ਪੂਰੀ ਤਰ੍ਹਾਂ ਅਸੰਵੇਦਨਸ਼ੀਲ ਇਸ ਸਰਕਾਰ ਨੂੰ ਉਖਾੜਨ ਲਈ ਇੱਕਜੁੱਟ ਹੋਣ ਦਾ ਸਮਾਂ ਆ ਗਿਆ ਹੈ।
ਪੰਜਾਬੀ ਭਵਨ ਤੋਂ ਮਿੰਨੀ ਸਕੱਤਰੇਤ ਤੱਕ ਰੋਸ ਮਾਰਚ ਕਰਨ ਵਾਲੇ ਇਸ ਰੋਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰੀਆਂ ਨੇ ਸ਼ਮੂਲੀਅਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ। ਦੇਸ਼ ਦੇ ਰਾਸ਼ਟਰਪਤੀ ਨੂੰ ਈ ਮੇਲ ਰਾਹੀਂ ਕੇਂਦਰ ਤੇ ਮਨੀਪੁਰ ਦੀ ਸੂਬਾ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ। ਜਿਨ੍ਹਾਂ ਨੇ ਸੰਬੋਧਨ ਕੀਤਾ ਉਨਾ ਵਿੱਚ ਕਾਮਰੇਡ ਡੀ ਪੀ ਮੌੜ ਜ਼ਿਲ੍ਹਾ ਸਕੱਤਰ,ਡਾਕਟਰ ਅਰੁਣ ਮਿੱਤਰਾ, ਐਮ.ਐਸ ਭਾਟੀਆ, ਡਾਕਟਰ ਗੁਰਚਰਨ ਕੌਰ ਕੋਚਰ, ਕੁਸੁਮ ਲਤਾ, ਸੁਸ਼ਮਾ ਉਬਰਾਏ, ਅਨੂ, ਕੁਲਵੰਤ ਕੌਰ, ਡਾਕਟਰ ਆਰ.ਐਸ ਔਲਖ , ਬਲਵਿੰਦਰ ਗਲੈਕਸੀ, ਸ.ਬਲਕੌਰ ਸਿੰਘ ਗਿੱਲ, ਸ. ਅੰਮ੍ਰਿਤਪਾਲ ਸਿੰਘ, ਹਰਬੰਸ ਮਾਲਵਾ , ਸ. ਅਜਮੇਰ ਸਿੰਘ ਆਦਿ ਸ਼ਾਮਿਲ ਸਨ।