ਸਿਵਲ ਤੇ ਪੁਲਿਸ ਦੀ ਸਾਂਝੀ ਕਰਵਾਈ : 2 ਟਰੈਵਲ ਏਜੰਟਾਂ ਦੇ ਦਫ਼ਤਰ ਸੀਲ

Advertisement
Spread information

ਪਟਿਆਲਾ ਦੇ 50 ਤੋਂ ਜ਼ਿਆਦਾ ਟਰੈਵਲ ਏਜੰਟਾਂ ਅਤੇ ਆਈਲੈਟਸ ਸੈਂਟਰਾਂ ਦਾ ਕੀਤਾ ਅਚਨਚੇਤ ਨਿਰੀਖਣ

ਰਾਜੇਸ਼ ਗੌਤਮ , ਪਟਿਆਲਾ, 18 ਜੁਲਾਈ 2023
       ਪਟਿਆਲਾ ਦੇ ਸਿਵਲ ਪ੍ਰਸ਼ਾਸਨ ਤੇ ਜ਼ਿਲ੍ਹਾ ਪੁਲਿਸ ਨੇ ਸਾਂਝੀ ਕਰਵਾਈ ਕਰਦਿਆਂ ਜ਼ਿਲ੍ਹੇ ਦੇ ਦੋ ਟਰੈਵਲ ਏਜੰਟਾਂ ਦੇ ਦਫ਼ਤਰ ਆਰਜ਼ੀ ਤੌਰ ‘ਤੇ ਸੀਲ ਕੀਤੇ ਅਤੇ 50 ਤੋਂ ਜ਼ਿਆਦਾ ਟਰੈਵਲ ਏਜੰਟਾਂ ਅਤੇ ਆਈਲੈਟਸ ਸੈਂਟਰਾਂ ਦਾ ਅਚਨਚੇਤ ਨਿਰੀਖਣ ਕਰਕੇ ਦਸਤਾਵੇਜ਼ਾਂ ਦੀ ਜਾਂਚ ਵੀ ਕੀਤੀ। ਟੀਮ ਦੀ ਅਗਵਾਈ ਐਸ.ਡੀ.ਐਮ. ਪਟਿਆਲਾ ਡਾ. ਇਸਮਿਤ ਵਿਜੈ ਸਿੰਘ ਤੇ ਐਸ.ਪੀ. ਸਿਟੀ ਸਰਫ਼ਰਾਜ਼ ਆਲਮ ਨੇ ਕੀਤੀ।
     ਇਸ ਮੌਕੇ ਐਸ.ਡੀ.ਐਮ. ਪਟਿਆਲਾ ਡਾ. ਇਸਮਿਤ ਵਿਜੈ ਸਿੰਘ ਅਤੇ ਐਸ.ਪੀ. ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਜਾਂਚ ਦੌਰਾਨ ਲਾਅਬਰੇਲਾ ਕੰਸਲਟੈਂਸੀ ਅਤੇ ਟਾਈਟਨ ਵੀਜ਼ਾ ਐਂਡ ਇਮੀਗਰੇਸ਼ਨ ਸਰਵਿਸਿਜ਼ ਨੂੰ ਆਰਜ਼ੀ ਤੌਰ ‘ਤੇ ਸੀਲ ਕੀਤਾ ਗਿਆ ਹੈ ਤੇ ਇਨ੍ਹਾਂ ਨੂੰ ਆਪਣੇ ਦਸਤਾਵੇਜ਼ ਦਿਖਾਉਣ ਲਈ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸਬੰਧਤ ਦਸਤਾਵੇਜ਼ ਮੁਹੱਈਆ ਕਰਵਾ ਦਿੰਦੇ ਹਨ ਤਾਂ ਇਹ ਦਫ਼ਤਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਜਾਵੇਗੀ, ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਦਸਤਾਵੇਜ਼ ਨਾ ਪੇਸ਼ ਕੀਤੇ ਗਏ ਤਾਂ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।                         
   ਉਨ੍ਹਾਂ ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗਿਊਲੇਸ਼ਨ ਐਕਟ, 2014 ਅਤੇ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਸਮਗਲਿੰਗ ਰੂਲਜ਼, 2013 ਦੇ ਤਹਿਤ ਪਟਿਆਲਾ ਜ਼ਿਲ੍ਹੇ ਅਧੀਨ ਆਉਂਦੇ ਵੱਖ ਵੱਖ ਕੰਮ ਕਰਦੇ ਇਮੀਗਰੇਸ਼ਨ, ਕੰਸਲਟੈਂਟ, ਟਰੈਵਲ ਏਜੰਟ ਆਦਿ ਫਰਮ/ਸੰਗਠਨ ਆਦਿ ਨੂੰ ਕਾਨੂੰਨੀ ਤਰੀਕੇ ਨਾਲ ਕੰਮ ਕਰਨ ਲਈ ਲਾਇਸੰਸ ਜਾਰੀ ਕੀਤੇ ਜਾਂਦੇ ਹਨ, ਜੋ ਕਿ ਪੰਜ ਸਾਲ ਲਈ ਵੈਲਿਡ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਟੀਮਾਂ ਵੱਲੋਂ ਲਾਇਸੈਂਸ ਦੀ ਮਿਆਦ ਸਮੇਤ ਪਿਛਲੇ ਪੰਜ ਸਾਲ ਤੋਂ ਜੋ ਵੀ ਵਿਦੇਸ਼ ਜਾਣ ਵਾਸਤੇ ਪਬਲਿਕ ਦੀਆਂ ਫਾਈਲਾਂ ਅਪਲਾਈ ਕੀਤੀਆਂ ਗਈਆਂ ਹਨ, ਉਨ੍ਹਾਂ ਸਬੰਧੀ ਰਿਕਾਰਡ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ 600 ਦੇ ਕਰੀਬ ਟਰੈਵਲ ਏਜੰਟ ਅਤੇ ਆਈਲੈਟਸ ਸੈਂਟਰ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ‘ਤੇ ਇਨ੍ਹਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾਂਦੀ ਹੈ। ਇਸ ਮੌਕੇ ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ, ਡੀ.ਐਸ.ਪੀ. ਸੰਜੀਵ ਸਿੰਗਲਾ, ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਵੀ ਮੌਜੂਦ ਸਨ।

Advertisement
Advertisement
Advertisement
Advertisement
Advertisement
error: Content is protected !!