ਗਗਨ ਹਰਗੁਣ ,ਪਟਿਆਲਾ,8 ਜੁਲਾਈ:2023
ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ, ਸਿਹਤ ਤੇ ਪਰਿਵਾਰ ਭਲਾਈ ਵਿਭਾਗਾਂ ਦੇ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ, ਸਰਕਾਰੀ ਡੈਂਟਲ ਕਾਲਜ ਅਤੇ ਸਰਕਾਰੀ ਆਯੁਰਵੈਦਿਕ ਕਾਲਜ ਦਾ ਦੌਰਾ ਕਰਕੇ ਸਟਾਫ਼ ਅਤੇ ਵਿਦਿਆਰਥੀਆਂ ਪਾਸੋਂ ਇਨ੍ਹਾਂ ਤਿੰਨੋਂ ਵੱਕਾਰੀ ਸੰਸਥਾਵਾਂ ਵਿੱਚ ਹੋਰ ਸੁਧਾਰ ਲਈ ਫੀਡ ਬੈਂਕ ਪ੍ਰਾਪਤ ਕੀਤੀ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਤਰਫ਼ੋ ਸਰਕਾਰੀ ਆਯੁਰਵੈਦਿਕ ਕਾਲਜ ਦੇ ਸਟਾਫ਼ ਨੂੰ ਵੱਡੇ ਤੋਹਫ਼ੇ ਦਾ ਐਲਾਨ ਕਰਦਿਆਂ ਕਿਹਾ ਕਿ ਸਟਾਫ਼ ਨੂੰ ਰੈਗੂਲਰ ਕਰਨ ਅਤੇ ਨਿਯਮਾਂ ਅਨੁਸਾਰ ਬਣਦੀਆਂ ਤਰੱਕੀਆਂ ਦੇਣ ਲਈ ਅਗਲੇ ਦੋ ਮਹੀਨੇ ‘ਚ ਕਾਰਵਾਈ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੈਸ਼ਨਲ ਕਮਿਸ਼ਨ ਫ਼ਾਰ ਇੰਡੀਅਨ ਸਿਸਟਮ ਆਫ਼ ਮੈਡੀਸਨ (ਐਨ.ਸੀ.ਆਈ.ਐਸ.ਐਮ) ਵੱਲੋਂ ਆਯੁਰਵੈਦਿਕ ਕਾਲਜ ਨੂੰ ਬੰਦ ਕਰਨ ਲਈ ਕਿਹਾ ਗਿਆ ਸੀ, ਪਰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ‘ਚ ਇਸ ਕਾਲਜ ਨੂੰ ਨਾ ਕੇਵਲ ਚਾਲੂ ਰੱਖਣ ਸਗੋਂ ਇਸ ਦੇ ਸਟਾਫ਼ ਨੂੰ ਰੈਗੂਲਰ ਕਰਨ ਅਤੇ ਇਥੇ ਕਾਲਜ ਦੇ ਨਾਲ ਨਾਲ ਫਾਰਮੇਸੀ ਅਤੇ ਹਸਪਤਾਲ ਦੀਆਂ ਸਾਰੀਆਂ ਸਹੂਲਤਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਦੋ ਮਹੀਨਿਆਂ ਵਿੱਚ ਰੈਗੂਲਰ ਸਟਾਫ਼ ਅਤੇ ਨਿਯਮਾਂ ਅਨੁਸਾਰ ਤਰੱਕੀਆਂ ਦੀ ਸਾਰੀ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਅੱਜ ਦਾ ਦਿਨ ਸਰਕਾਰੀ ਆਯੁਰਵੈਦਿਕ ਕਾਲਜ ਲਈ ਇਤਿਹਾਸਕ ਹੋਵੇਗਾ ਜਦ ਸਾਲਾਂ ਤੋਂ ਅਣਗੌਲੇ ਭਾਰਤ ਦੀ ਪੁਰਾਤਨ ਇਲਾਜ ਪੱਧਤੀ ਨਾਲ ਲੋਕਾਂ ਨੂੰ ਤੰਦਰੁਸਤ ਕਰਨ ਵਾਲੇ ਇਸ ਅਦਾਰੇ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਇਥੇ ਸਟਾਫ਼ ਦੀ ਰੈਗੂਲਰ ਭਰਤੀ ਕਰਨ ਸਮੇਤ ਹਸਪਤਾਲ ਤੇ ਫਾਰਮੇਸੀ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਥੋਂ ਦੇ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਚੰਗੇ ਮੌਕੇ ਵੀ ਪ੍ਰਦਾਨ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਸਰਕਾਰੀ ਆਯੁਰਵੈਦਿਕ ਕਾਲਜ ਦੇ ਵਿਦਿਆਰਥੀਆਂ ਨਾਲ ਵੱਖਰੇ ਤੌਰ ‘ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਤਿੰਨ ਮਹੀਨੇ ਵਿੱਚ ਕਾਲਜ ਦੀ ਕਾਰਜਪ੍ਰਣਾਲੀ ਅੰਦਰ ਵੱਡੇ ਸੁਧਾਰ ਕੀਤੇ ਜਾਣਗੇ।
ਮੈਡੀਕਲ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ, ਸਰਕਾਰੀ ਡੈਂਟਲ ਕਾਲਜ ਅਤੇ ਸਰਕਾਰੀ ਆਯੁਰਵੈਦਿਕ ਕਾਲਜ ਦੇਸ਼ ਦੇ ਮੋਹਰੀ ਮੈਡੀਕਲ ਕਾਲਜਾਂ ਦੀ ਸੂਚੀ ‘ਚ ਸ਼ੁਮਾਰ ਹੋਣਗੇ, ਜਿਸ ਲਈ ਪੰਜਾਬ ਸਰਕਾਰ ਵੱਲੋਂ ਉਲੀਕੀ ਯੋਜਨਾ ‘ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਸਿਹਤ ਦੇ ਖੇਤਰ ਵਿੱਚ ਵੱਡੇ ਪੱਧਰ ‘ਤੇ ਸੁਧਾਰ ਕੀਤੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਸਰਕਾਰੀ ਮੈਡੀਕਲ ਕਾਲਜ ਨੂੰ ਦੇਸ਼ ਦੇ ਮੋਹਰੀ ਮੈਡੀਕਲ ਕਾਲਜਾਂ ‘ਚ ਸ਼ੁਮਾਰ ਕਰਨ ਲਈ ਬਣਾਈ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਉੱਚ ਪੱਧਰੀ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਟਰੋਮਾ ਸੈਂਟਰ, ਸਟਾਫ਼ ਲਈ ਰਿਹਾਇਸ਼, ਵਿਦਿਆਰਥੀਆਂ ਲਈ ਹੋਸਟਲ, ਸਪੋਰਟਸ ਕੰਪਲੈਕਸ, ਲਾਡਰੀ ਪਲਾਟ ਲਈ ਜਲਦੀ ਕੰਮ ਸ਼ੁਰੂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇੰਸਟੀਚਿਊਟ ਬਿਲਡਿੰਗ ਦਾ ਕੰਮ ਮੁਕੰਮਲ ਕਰਕੇ ਨਵਾਂ ਬੈਚ ਸ਼ੁਰੂ ਕੀਤਾ ਜਾਵੇ।
ਸਿਹਤ ਮੰਤਰੀ ਨੇ ਰਾਜਿੰਦਰਾ ਹਸਪਤਾਲ ਦੀਆਂ ਸਾਰੀਆਂ ਸਰਵਿਸਿਜ਼ ਨੂੰ ਡਿਜੀਟਲ ਕਰਨ ਅਤੇ ਆਯੂਸ਼ਮਾਨ ਦੀ ਸਹੂਲਤ ਹਫ਼ਤੇ ਦੇ ਸਾਰੇ ਦਿਨ 24 ਘੰਟੇ ਦੇਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸੰਸਥਾ ਦੀ ਤਰੱਕੀ ਲਈ ਸਾਰਾ ਸਟਾਫ਼ ਇੱਕ ਟੀਮ ਦੇ ਤੌਰ ‘ਤੇ ਕੰਮ ਕਰੇ ਇਸ ਨਾਲ ਜਿਥੇ ਕੰਮ ਦੀ ਕਾਰਜਕੁਸ਼ਲਤਾ ਵਧੇਗੀ, ਉਥੇ ਸਿਹਤ ਦੇ ਖੇਤਰ ‘ਚ ਵੱਡੇ ਸੁਧਾਰ ਹੋਣਗੇ। ਉਨ੍ਹਾਂ ਸਟਾਫ਼ ਨੂੰ ਇਹ ਵੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਕਿ ਕੋਈ ਵੀ ਮਰੀਜ਼ ਦਵਾਈ ਲੈਣ ਹਸਪਤਾਲ ਤੋਂ ਬਾਹਰ ਨਾ ਜਾਵੇ ਸਗੋਂ ਸਾਰੀਆਂ ਦਵਾਈਆਂ ਅੰਦਰ ਹੀ ਉਪਲਬਧ ਕਰਵਾਈਆਂ ਜਾਣ ਅਤੇ ਹਸਪਤਾਲ ਦੀ ਲੈਬਾਰਟਰੀ ਵੀ 24 ਘੰਟੇ ਕੰਮ ਕਰਨੀ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਦਵਾਈਆਂ ਅਤੇ ਮੈਡੀਕਲ ਉਪਕਰਨਾਂ ਦੀ ਖਰੀਦ ਲਈ ਸਥਾਨਕ ਪੱਧਰ ‘ਤੇ ਹੀ ਅਧਿਕਾਰੀਆਂ ਨੂੰ ਅਧਿਕਾਰਤ ਕਰ ਦਿੱਤਾ ਗਿਆ ਹੈ ਤਾਂ ਕਿ ਕੰਮ ‘ਚ ਬੇਲੋੜੀ ਦੇਰੀ ਨਾ ਹੋਵੇ।
ਉਨ੍ਹਾਂ ਮੈਡੀਕਲ ਸਿੱਖਿਆ ਸੰਸਥਾ ਨੂੰ ਆਪਣੀ ਵੈਬਸਾਈਟ ਬਣਾਉਣ ਅਤੇ ਹੈਲਥ ਸਿਸਟਮ ਅਤੇ ਸੰਸਥਾ ਦੀ ਬਿਹਤਰੀ ਲਈ ਪੁਰਾਣੇ ਵਿਦਿਆਰਥੀਆਂ ਨੂੰ ਨਾਲ ਜੋੜਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਪੁਰਾਣੇ ਵਿਦਿਆਰਥੀਆਂ ਦੇ ਮੈਡੀਕਲ ਖੇਤਰ ਦੇ ਸਾਲਾਂ ਦੇ ਤਜਰਬੇ ਦਾ ਸੰਸਥਾ ਨੂੰ ਵੱਡਾ ਲਾਭ ਹੋਵੇਗਾ।
ਇਸ ਮੌਕੇ ਉਨ੍ਹਾਂ ਸਰਕਾਰੀ ਡੈਂਟਲ ਕਾਲਜ ਦਾ ਦੌਰਾ ਕਰਕੇ ਸਟਾਫ਼ ਅਤੇ ਵਿਦਿਆਰਥੀਆਂ ਪਾਸੋਂ ਸੰਸਥਾਂ ਦੀ ਬਿਹਤਰੀ ਲਈ ਸੁਝਾਅ ਲੈਂਦਿਆਂ ਆਖਿਆ ਕਿ ਸੰਸਥਾਂ ‘ਚ ਰੁੱਕੀਆਂ ਦਰਜ਼ਾ ਚਾਰ ਤੋਂ ਲੈਕੇ ਅਧਿਆਪਨ ਦੀਆਂ ਤਰੱਕੀਆਂ ਜਲਦੀ ਕੀਤੀਆਂ ਜਾਣਗੀਆਂ ਅਤੇ ਵਿਦਿਆਰਥੀਆਂ ਨੂੰ ਹੋਰਨਾਂ ਸੰਸਥਾਵਾਂ ਦੇ ਦੌਰੇ ਵੀ ਕਰਵਾਏ ਜਾਣਗੇ ਤਾਂ ਜੋ ਗਿਆਨ ਤੇ ਤਕਨੀਕ ਦਾ ਆਦਾਨ ਪ੍ਰਦਾਨ ਹੋ ਸਕੇ। ਸਿਹਤ ਮੰਤਰੀ ਨੇ ਕਿਹਾ ਕਿ ਸਮੁੱਚੇ ਸਿਸਟਮ ਨੂੰ ਪਾਰਦਰਸ਼ੀ ਤੇ ਕੁਸ਼ਲ ਬਣਾਉਣਾ ਉਨ੍ਹਾਂ ਦੀ ਮੁਢਲੀ ਤਰਜੀਹ ਹੈ।
ਇਸ ਮੌਕੇ ਮੈਡੀਕਲ ਸਿੱਖਿਆ ਦੇ ਵਿਸ਼ੇਸ਼ ਮੁੱਖ ਸਕੱਤਰ ਅਨੁਰਾਗ ਅਗਰਵਾਲ, ਗੁਰੂ ਰਵੀਦਾਸ ਆਯੂਰਵੈਦਿਕ ਯੂਨੀਵਰਸਿਟੀ ਉਪ ਕੁਲਪਤੀ ਰਾਹੁਲ ਗੁਪਤਾ, ਦਿਲ ਦੇ ਰੋਗਾਂ ਦੇ ਮਾਹਰ ਡਾ. ਸੁਧੀਰ ਵਰਮਾ, ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਡਾ. ਅਵਨੀਸ਼ ਕੁਮਾਰ, ਜੁਆਇੰਟ ਡਾਇਰੈਕਟਰ ਡਾ. ਅਕਾਸ਼ਦੀਪ ਅਗਰਵਾਲ, ਡਾਇਰੈਕਟਰ ਪ੍ਰਿੰਸੀਪਲ ਮੈਡੀਕਲ ਕਾਲਜ ਡਾ.ਰਾਜਨ ਸਿੰਗਲਾ, ਸਰਕਾਰੀ ਡੈਂਟਲ ਕਾਲਜ ਦੇ ਪ੍ਰਿੰਸੀਪਲ ਡਾ. ਜਗਵਿੰਦਰ ਸਿੰਘ, ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ, ਡਾ. ਆਰ.ਪੀ.ਐਸ. ਸਿਬੀਆ, ਕਰਨਲ ਜੇ.ਵੀ. ਸਿੰਘ, ਡਾ. ਜਤਿੰਦਰ ਕਾਂਸਲ, ਤੋਂ ਇਲਾਵਾ ਲੋਕ ਨਿਰਮਾਣ, ਜਨ ਸਿਹਤ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਸਰਕਾਰੀ ਆਯੁਰਵੈਦਿਕ ਕਾਲਜ ਦੇ ਸਟਾਫ਼ ਨੂੰ ਮੁੱਖ ਮੰਤਰੀ ਵੱਲੋਂ ਵੱਡਾ ਤੋਹਫ਼ਾ
