ਪਿਛਲੇ ਲੰਬੇ ਸਮੇਂ ਤੋਂ ਹੋ ਰਹੀ ਪਾਣੀ ਦੀ ਬਰਬਾਦੀ ਕਾਰਨ ਪੰਜ ਦਰਿਆਵਾਂ ਦੀ ਧਰਤੀ ਪੰਜਾਬ, ਪਾਣੀ ਦੇ ਗੰਭੀਰ ਸੰਕਟ ਨਾਲ ਜੂਝਦੀ ਨਜ਼ਰ ਆ ਰਹੀ ਹੈ। ਪਾਣੀ ਦੀ ਬਰਬਾਦੀ ਕਾਰਨ ਹਰਿਆ ਭਰਿਆ ਪੰਜਾਬ ਰੇਗਿਸਤਾਨ ਵਿੱਚ ਬਦਲ ਸਕਦਾ ਹੈ। ਜੇਕਰ ਪਾਣੀ ਦੀ ਬਰਬਾਦੀ ਇਸੇ ਤਰਾਂ ਜਾਰੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਇੱਥੋਂ ਦੀ ਉਪਜਾਊ ਜਮੀਨ ਰੇਤੀਲੇ ਟਿੱਬਿਆਂ ਵਿੱਚ ਬਦਲ ਜਾਵੇਗੀ। ਪਾਣੀ ਦਾ ਪੱਧਰ ਨੀਵਾਂ ਹੋਣ ਕਾਰਨ ਜ਼ਹਿਰੀਲਾ ਪਾਣੀ ਵਰਤੋਂ ਵਿੱਚ ਆਉਣ ਲੱਗਾ ਅਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ ਜਹਿਰੀਲਾ ਹੋਇਆ ਇਹ ਪਾਣੀ ਕਈ ਨਾ-ਮੁਰਾਦ ਬਿਮਾਰੀਆਂ ਨੂੰ ਜਨਮ ਦੇਣ ਲੱਗਾ ਹੈ।
ਪਾਣੀ ਦੀ ਸਮੱਸਿਆ ਪੈਦਾ ਕਰਨ ਵਿੱਚ ਵੱਡਾ ਯੋਗਦਾਨ ਝੋਨੇ ਦੀ ਖੇਤੀ ਦਾ ਵੀ ਹੈ। ਸੂਬੇ ਅੰਦਰ ਪਾਣੀ ਦੀ ਕੁੱਲ ਖਪਤ ਦਾ 35 ਤੋਂ 40ਫੀਸਦੀ ਹਿੱਸਾ ਸਿਰਫ ਝੋਨੇ ਦੀ ਸਿੰਜਾਈ ਲਈ ਵਰਤਿਆ ਜਾਂਦਾ ਹੈ। ਕਣਕ ਲਈ ਤਕਰੀਬਨ30 ਫੀਸਦੀ, ਬਾਕੀ ਹੋਰ ਫਸਲਾਂ ਲਈ 14 ਫੀਸਦੀ ਪਾਣੀ ਵਰਤਿਆ ਜਾਂਦਾ ਹੈ। ਇਸ ਤੋਂ ਛੁੱਟ ਘਰੇਲੂ ਅਤੇ ਵਪਾਰਿਕ ਅਦਾਰਿਆਂ ਵਿੱਚ ਪਾਣੀ ਦੀ ਖਪਤ ਕੁੱਲ ਖਪਤ ਦਾ ਕੇਵਲ 5 ਫੀਸਦੀ ਹੈ।
ਸਿਰਫ ਝੋਨਾ ਅਤੇ ਕਣਕ ਹੀ ਪਾਣੀ ਦਾ 65 ਫੀਸਦੀ ਤੋਂ ਜਿਆਦਾ ਹਿੱਸਾ ਡਕਾਰ ਜਾਂਦੇ ਹਨ। ਇੱਕ ਇੱਕ ਕਿੱਲੋ ਝੋਨਾ ਤਿਆਰ ਕਰਨ ਲਈ ਤਕਰੀਬਨ ਦੋ ਹਜ਼ਾਰ ਲੀਟਰ ਪਾਣੀ ਦੀ ਖਪਤ ਹੁੰਦੀ ਹੈ ਅਤੇ ਕਣਕ ਦੀ ਪੈਦਾਵਾਰ ਲਈ ਗਈ ਪਾਣੀ ਦੀ ਖਪਤ ਕਾਫੀ ਜ਼ਿਆਦਾ ਹੈ ਜਿਸ ਕਾਰਨ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗ ਰਿਹਾ ਹੈ। ਪਾਣੀ ਦੇ ਡਿੱਗ ਰਹੇ ਪੱਧਰ ਸਬੰਧੀ ਸਭ ਤੋਂ ਮਾੜਾ ਹਾਲ ਕੇਂਦਰੀ ਪੰਜਾਬ ਦਾ ਹੈ ਜਿੱਥੇ ਹਰ ਸਾਲ ਪਾਣੀ ਦਾ ਪੱਧਰ 60 ਤੋਂ 70 ਸੈਂਟੀਮੀਟਰ ਥੱਲੇ ਜਾ ਰਿਹਾ ਹੈ। ਪੰਜਾਬ ਦੇ ਵੱਡੀ ਗਿਣਤੀ ਬਲਾਕ ਡਾਰਕ ਜੋਨ ਵਿਚ ਚਲੇ ਗਏ ਹਨ।
1980 ਵਿੱਚ ਸੂਬੇ ਦੇ ਲਗਭਗ 13 ਹਜ਼ਾਰ ਪਿੰਡਾਂ ਵਿੱਚੋਂ 3700 ਦੇ ਕਰੀਬ ਪਿੰਡ ਅਜਿਹੇ ਸਨ ਜਿੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਜੋ ਕਿ 2006 ਤੱਕ 8000 ਦੇ ਅੰਕੜੇ ਤੇ ਪਹੁੰਚ ਗਈ ਜਦਕਿ ਮੌਜੂਦਾ ਸਮੇਂ ਵਿੱਚ ਇਹ ਅੰਕੜਾ 10 ਹਜ਼ਾਰ ਤੋਂ ਉੱਪਰ ਟੱਪ ਚੁੱਕਿਆ ਹੈ। ਇਸ ਹਿਸਾਬ ਨਾਲ ਪੰਜਾਬ ਵਿੱਚ ਗਿਣਤੀ ਦੇ ਪਿੰਡ ਹੀ ਅਜਿਹੇ ਹਨ ਜਿੰਨ੍ਹਾਂ ਨੂੰ ਪੀਣ ਯੋਗ ਸਾਫ ਪਾਣੀ ਮਿਲਦਾ ਹੈ ਕਿਉਂਕਿ ਅੰਨ੍ਹੇਵਾਹ ਕੀਟਨਾਸ਼ਕਾਂ ਦੀ ਵਰਤੋਂ ਕਰਨ ਕਾਰਨ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੈ।
ਅੱਜ ਹਰ ਪਾਸੇ ਪਾਣੀ ਦੀ ਬੇਹਤਾਸ਼ਾ ਬਰਬਾਦੀ ਹੋ ਰਹੀ ਹੈ ਅਤੇ ਇਸਨੂੰ ਰੋਕਣ ਦੀ ਬਜਾਏ ਅਸੀਂ ਇਸ ਪਾਸਿਓਂ ਅੱਖਾਂ ਮੀਟੀ ਬੈਠੇ ਹਾਂ। ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਜਾਂ ਹੋਰ ਜਨਤਕ ਥਾਵਾਂ ਤੇ ਜੇਕਰ ਪਾਣੀ ਡੁੱਲ੍ਹ ਰਿਹਾ ਹੋਵੇ ਤਾਂ ਉਸਨੂੰ ਬੰਦ ਕਰਨ ਦੀ ਬਜਾਏ ਅਸੀਂ ਮੂੰਹ ਦੂਜੇ ਪਾਸੇ ਘੁਮਾ ਲੈਂਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਬੇਸ਼ੱਕ ਇਹ ਪਾਣੀ ਬੱਸ ਅੱਡੇ ਜਾਂ ਕਿਸੇ ਹੋਰ ਥਾਂ ਤੇ ਡੁੱਲ੍ਹ ਰਿਹਾ ਹੈ ਪਰ ਇਹ ਪਾਣੀ ਆ ਤਾਂ ਧਰਤੀ ਹੇਠੋਂ ਹੀ ਰਿਹਾ ਹੈ। ਜੇਕਰ ਮੂੰਹ ਫੇਰਨ ਦੀ ਬਜਾਏ ਪਾਣੀ ਡੁੱਲ੍ਹਣ ਤੋਂ ਰੋਕਿਆ ਜਾਵੇ ਤਾਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।
ਜੇਕਰ ਸਾਡੇ ਨਿੱਤਵਰਤੀ ਰੁਝਾਨ ਵੱਲ ਨਜਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸਾਡੀ ਰੋਜਾਨਾ ਦੀ ਜਿੰਦਗੀ ਵਿੱਚ ਪਾਣੀ ਦੀ ਵੱਡੇ ਪੱਧਰ ਤੇ ਹੋ ਰਹੀ ਬਰਬਾਦੀ ਲਈ ਅਸੀਂ ਖੁਦ ਹੀ ਜਿੰਮੇਵਾਰ ਹਾਂ। ਰੋਜਾਨਾ ਸ਼ੇਵ ਜਾਂ ਬੁਰਸ਼ ਕਰਨ ਸਮੇਂ ਟੂਟੀ ਖੁੱਲੀ ਰੱਖਣੀ, ਪਾਈਪ ਨਾਲ ਗੱਡੀ ਜਾਂ ਫਰਸ਼ਾਂ ਧੋਣਾ ਆਦਿ ਕੁਝ ਅਜਿਹੀਆਂ ਆਦਤਾਂ ਹਨ ਜਿੰਨ੍ਹਾ ਨਾਲ ਅਸੀਂ ਹਜਾਰਾਂ ਲੀਟਰ ਪਾਣੀ ਰੋਜਾਨਾ ਅਜਾਈਂ ਗਵਾ ਰਹੇ ਹਾਂ। ਅੱਜ ਲੋੜ ਹੈ ਇਹਨਾਂ ਆਦਤਾਂ ਨੂੰ ਬਦਲਣ ਦੀ। ਸ਼ੇਵ ਜਾਂ ਬੁਰਸ਼ ਕਰਨ ਸਮੇਂ ਟੂਟੀ ਖੁੱਲ੍ਹੀ ਛੱਡਣ ਦੀ ਬਜਾਇ ਕੱਪ ਨਾਲ ਵੀ ਕੰਮ ਚਲਾਇਆ ਜਾ ਸਕਦਾ ਹੈ ਅਤੇ ਗੱਡੀ ਜਾਂ ਫਰਸ਼ਾਂ ਧੋਣ ਲਈ ਬਾਲਟੀ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਹੈ। ਜੇਕਰ ਵਕਤ ਰਹਿੰਦੇ ਇਹਨਾਂ ਆਦਤਾਂ ਨੂੰ ਨਾ ਬਦਲਿਆ ਗਿਆ ਤਾਂ ਆਉਣ ਵਾਲੇ ਵਕਤ ਵਿੱਚ ਇਸਦੇ ਬਹੁਤ ਹੀ ਗੰਭੀਰ ਸਿੱਟੇ ਨਿੱਕਲਣਗੇ।
ਦਿਨੋਂ ਦਿਨ ਡਿੱਗ ਰਿਹਾ ਪਾਣੀ ਦਾ ਪੱਧਰ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਹ ਸਾਡੇ ਆਉਣ ਵਾਲੇ ਬੁਰੇ ਵਕਤ ਦੀ ਚੇਤਾਵਨੀ ਹੈ। ਜਿਸ ਢੰਗ ਨਾਲ ਅੱਜ ਪਾਣੀ ਦੀ ਬਰਬਾਦੀ ਹੋ ਰਹੀ ਹੈ ਉਸਨੂੰ ਦੇਖ ਕੇ ਇੰਜ ਜਾਪਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਾਣੀ ਸਾਡੀ ਪਹੁੰਚ ਤੋਂ ਬਾਹਰ ਹੋ ਜਾਵੇਗਾ। ਅੱਜ ਵੱਖ ਵੱਖ ਸੰਸਥਾਵਾਂ ਵੱਲੋਂ ਪਾਣੀ ਦੇ ਨਿਰੰਤਰ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸਾਡਾ ਸਭ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਪਾਣੀ ਦੀ ਸਾਂਭ ਸੰਭਾਲ ਲਈ ਲੋੜੀਂਦੇ ਯਤਨ ਕਰੀਏ ਅਤੇ ਪਾਣੀ ਦੀ ਸਾਂਭ ਸੰਭਾਲ ਲਈ ਕੰਮ ਕਰ ਰਹੀਆਂ ਸੰਸਥਾਵਾਂ ਨੂੰ ਪੂਰਨ ਸਹਿਯੋਗ ਦੇਈਏ।
ਹਰ ਮਨੁੱਖ ਸਭ ਤੋਂ ਪਹਿਲਾਂ ਆਪਣੀਆਂ ਆਦਤਾਂ ਬਦਲੇ ਅਤੇ ਦੂਸਰੇ ਵਿਅਕਤੀਆਂ ਨੂੰ ਵੀ ਪਾਣੀ ਬਚਾਉਣ ਲਈ ਪ੍ਰੇਰਿਤ ਕਰੇ। ਇਸ ਤੋਂ ਇਲਾਵਾ ਪਾਣੀ ਦੀ ਸਾਂਭ ਸੰਭਾਲ ਲਈ ਸਰਕਾਰੀ ਯਤਨਾਂ ਦੀ ਵੀ ਸਖਤ ਜ਼ਰੂਰਤ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪਾਣੀ ਦੀ ਬਰਬਾਦੀ ਰੋਕਣ ਲਈ ਪਿੰਡਾਂ ਸ਼ਹਿਰਾਂ ਵਿੱਚ ਜਾਗਰੁਕਤਾ ਕੈਂਪ ਲਗਾਏ ਜਾਣ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਅਨਮੋਲ ਖਜ਼ਾਨੇ ਦੀ ਸੰਭਾਲ ਸਬੰਧੀ ਜਾਣਕਾਰੀ ਮਿਲ ਸਕੇ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਪਾਣੀ ਦੀ ਬੇਲੋੜੀ ਵਰਤੋਂ ਤੋਂ ਗੁਰੇਜ਼ ਕਰਨ ਤਾਂ ਜੋ ਬੰਜਰ ਹੋ ਰਹੀ ਪੰਜਾਬ ਦੀ ਧਰਤੀ ਨੂੰ ਬਚਾਇਆ ਜਾ ਸਕੇ।
ਮੋਹਿਤ ਵਰਮਾ, ਬਠਿੰਡਾ- ਸੰਪਰਕ 92367-10000