ਹਰਿੰਦਰ ਨਿੱਕਾ , ਬਰਨਾਲਾ 28 ਮਈ 2023
ਸਦਰ ਬਜ਼ਾਰ ਸਥਿਤ ਨੀਲਕੰਠ ਜਵੈਲਰ ਵਾਲਾ ਆਪਣੇ ਇੱਕ ਹੋਰ ਸਾਥੀ ਸਣੇ ਬਰਨਾਲਾ ਪੁਲਿਸ ਦੇ ਅੜਿੱਕੇ ਆ ਹੀ ਗਿਆ। ਪੁਲਿਸ ਨੇ ਦੋਵਾਂ ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਕਰਕੇ,ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਦੋਵਾਂਜਣਿਆਂ ਨੂੰ ਇੱਕ ਦਿਨ ਦੇ ਰਿਮਾਂਡ ਉਪਰੰਤ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ , ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੇ ਸ਼ਹਿਰ ਅੰਦਰ ਕੁੱਝ ਮਹੀਨਿਆਂ ਤੋਂ ਬਹੁਚਰਚਿਤ ਨੀਲਕੰਠ ਜਵੈਲਰ ਦੇ ਮਾਲਿਕ ਨਰੇਸ਼ ਕੁਮਾਰ ਬਿੱਲੂ ਦੇ ਪੁੱਤਰ ਅਤੇ ਭਾਜਪਾ ਯੁਵਾ ਮੋਰਚਾ ਦੇ ਸੂਬਾਈ ਮੀਤ ਪ੍ਰਧਾਨ ਹਰਸ਼ਿਲ ਗਰਗ ਵਾਸੀ ਗਰੀਨ ਕਲੋਨੀ ਨਾਨਕਸਰ ਰੋਡ ਬਰਨਾਲਾ ਅਤੇ ਉਸ ਦੇ ਸਾਥੀ ਰਵੀ ਕੁਮਾਰ ਪੁੱਤਰ ਮੰਗਲ ਰਾਮ ਵਾਸੀ ਬੈਕ ਸਾਈਡ ਰਾਮਬਾਗ ਰੋਡ ਬਰਨਾਲਾ ਨੂੰ ਅਨਾਜ ਮੰਡੀ ਬਰਨਾਲਾ ਵਿੱਚੋਂ ਗਿਰਫਤਾਰ ਕਰ ਲਿਆ ਸੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਸੇਵਾ ਸਿੰਘ ਦੀ ਅਗਵਾਈ ਵਿੱਚ ਬਾਲਮੀਕ ਚੌਂਕ ਬਰਨਾਲਾ ‘ਚ ਮੌਜੂਦ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਕਿ ਹਰਸ਼ਿਲ ਗਰਗ ਅਤੇ ਰਵੀ ਕੁਮਾਰ ਦਾਣਾ ਮੰਡੀ ਬਰਨਾਲਾ ਵਿਖੇ ਲੋਕਾਂ ਨੂੰ ਖਾਈ ਬਾਈ ਦੜਾ ਸੱਟਾ ਲਾਉਣ ਸਬੰਧੀ ਕਹਿ ਕੇ ਦੜਾ ਸੱਟਾ ਲਗਵਾ ਕੇ ਉਨ੍ਹਾਂ ਨੂੰ ਧੋਖੇ ਵਿੱਚ ਰੱਖਕੇ ਧੋਖਾਧੜੀ ਦਾ ਧੰਦਾ ਕਰ ਰਹੇ ਹਨ। ਪੁਲਿਸ ਪਾਰਟੀ ਨੇ ਦੋੳ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 420 ਆਈਪੀਸੀ ਅਤੇ 13 A/ 3/67 ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕਰਕੇ, ਉਨਾਂ ਨੂੰ ਦੜੇ ਸੱਟੇ ਦੀ ਰਾਸ਼ੀ ਸਣੇ ਗਿਰਫਤਾਰ ਕਰ ਲਿਆ। ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ੳ. ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਲੰਘੀ ਕੱਲ੍ਹ ਹਰਸ਼ਿਲ ਗਰਗ ਅਤੇ ਰਵੀ ਕੁਮਾਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ, ਦੋਵਾਂ ਜਣਿਆਂ ਦਾ ਪੁਲਿਸ ਰਿਮਾਂਡ ਦੇਣ ਲਈ ਡਿਮਾਂਡ ਕੀਤੀ ਸੀ। ਮਾਨਯੋਗ ਅਦਾਲਤ ਨੇ ਪੁਲਿਸ ਦੀ ਡਿਮਾਂਡ ਤੇ ਦੋਵਾਂ ਜਣਿਆਂ ਦੀ ਪੁੱਛਗਿੱਛ ਲਈ, ਇੱਕ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਸੀ। ਅੱਜ ਪੁਲਿਸ ਰਿਮਾਂਡ ਦੀ ਮਿਆਦ ਸਮਾਪਤ ਹੋਣ ਉਪਰੰਤ ਦੋਵਾਂ ਨੂੰ ਡਿਊਟੀ ਮੈਜਿਸਟ੍ਰੇਟ ਜੱਜ ਸੁਖਪ੍ਰੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ।