ਅਣਖ ਲਈ ਦੋ ਕਤਲ, ਪੁਲਿਸ ਨੇ ਲਾਸ਼ਾਂ ਕਬਜੇ ‘ਚ ਲਈਆਂ, ਦੋਸ਼ੀ ਫਰਾਰ
ਹਰਿੰਦਰ ਨਿੱਕਾ , ਬਰਨਾਲਾ 23 ਮਈ 2023
ਥਾਣਾ ਸਦਰ ਬਰਨਾਲਾ ਅਧੀਨ ਪੈਂਦੇ ਪਿੰਡ ਠੀਕਰੀਵਾਲ ਵਿਖੇ ਇੱਕ ਪਿਉ ਨੇ ਆਪਣੀ ਕੁੜੀ ਨੂੰ ਰਾਤ ਸਮੇਂ ਮਿਲਣ ਪਹੁੰਚੇ ਉਸਦੇ ਆਸ਼ਿਕ ਨੂੰ ਗੰਡਾਸਿਆਂ ਨਾਲ ਵੱਢ ਕੇ ’ਤੇ ਆਪਣੀ ਕੁੜੀ ਦਾ ਗਲਾ ਘੁੱਟ ਮੌਤ ਦੇ ਘਾਟ ਉਤਾਰ ਦਿੱਤਾ। ਸਵੇਰ ਵੇਲੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਐਚ.ੳ. ਗੁਰਤਾਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚ ਕੇ ਦੋਹਰੇ ਕਤਲ ਕਾਂਡ ਦੀ ਤਫਤੀਸ਼ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਡੀਐਸਪੀ ਸਤਵੀਰ ਸਿੰਘ ਬੈਂਸ ਵੀ ਮੌਕਾ ਵਾਰਦਾਤ ਤੇ ਉਚੇਚੇ ਤੌਰ ਤੇ ਪਹੁੰਚ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਧਾਲੀਵਾਲ ਪੱਤੀ ਠੀਕਰੀਵਾਲ ਦੇ ਰਹਿਣ ਵਾਲੇ ਗੁਰਦੀਪ ਸਿੰਘ (28) ਪੁੱਤਰ ਰੂਪ ਸਿੰਘ ਦਾ ਪਿੰਡ ਦੀ ਹੀ ਮਾਨ ਪੱਤੀ ਦੀ ਰਹਿਣ ਵਾਲੀ ਕੁੜੀ ਮਨਪ੍ਰੀਤ ਕੌਰ (25) ਨਾਲ ਇਸ਼ਕ ਚੱਲ ਰਿਹਾ ਸੀ। ਮੁੱਢਲੇ ਪੜਾਅ ਤੇ ਦੋਵੇਂ ਜਣੇ ਲੁਕ ਲੁਕ ਦੇ ਇੱਕ ਦੂਸਰੇ ਨੂੰ ਮਿਲਦੇ ਰਹੇ। ਕੁੱਝ ਅਰਸਾ ਪਹਿਲਾਂ ਦੋਵਾਂ ਦੀ ਆਸ਼ਿਕੀ ਦੇ ਗੁਆਂਢ ਵਿੱਚ ਹੀ ਨਹੀਂ, ਪਿੰਡ ਵਿੱਚ ਢੋਲ ਨਗਾਰੇ ਵੱਜਣੇ ਸ਼ੁਰੂ ਹੋ ਗਏ। ਆਸ਼ਿਕੀ ਦੀ , ਮੂੰਹੋਂ-ਮੂੰਹ ਹੁੰਦੀ ਚਰਚਾ ਹੌਲੀ ਹੌਲੀ , ਲੜਕੀ ਦੇ ਘਰ ਤੱਕ ਵੀ ਪਹੁੰਚ ਗਈ। ਲੜਕੀ ਦੇ ਪਰਿਵਾਰ ਉਦੋਂ ਕੁੱਝ ਸਮਾਂ ਸੁੱਖ ਦਾ ਸਾਂਹ ਲਿਆਂ ,ਜਦੋਂ ਗੁਰਦੀਪ ਸਿੰਘ ਵਰਕ ਪਰਮਿਟ ਤੇ ਦੁਬਈ ਚਲਾ ਗਿਆ। ਪਰੰਤੂ ਕੁੱਝ ਸਮਾਂ ਪਹਿਲਾਂ ਗੁਰਦੀਪ ਸਿੰਘ ਜਦੋਂ ਵਿਦੇਸ਼ ਤੋਂ ਵਾਪਿਸ ਆਇਆ ਤਾਂ ਉਸਨੇ ਫਿਰ ਤੋਂ ਆਪਣੀ ਮਾਸ਼ੂਕ ਨੂੰ ਮਿਲਣਾ-ਜੁਲਣਾ ਸ਼ੁਰੂ ਕਰ ਦਿੱਤਾ। ਸੋਮਵਾਰ-ਮੰਗਲਵਾਰ ਦੀ ਲੰਘੀ ਰਾਤ ਨੂੰ ਗੁਰਦੀਪ ਸਿੰਘ , ਮਨਪ੍ਰੀਤ ਕੌਰ ਤੇ ਘਰ ਚਲਾ ਗਿਆ। ਇਸ ਦੀ ਭਿਣਕ ਘਰ ਦੀ ਛੱਤ ਤੇ ਸੌਂ ਰਹੇ ਲੜਕੀ ਦੇ ਪਿਉ ਭੋਲਾ ਸਿੰਘ ਨੂੰ ਪੈ ਗਈ। ਉਸ ਨੇ ਆਪਣੇ ਪੁੱਤਰ ਸੁਖਬੀਰ ਸਿੰਘ ਮੋਟਾ ਨੂੰ ਵੀ ਉਠਾਇਆ। ਅੱਧੀ ਕੁ ਰਾਤ ਦੋਵੇਂ ਪਿਉ-ਪੁੱਤ ਆਪਣੇ ਘਰ ਅੰਦਰ ਬਣੇ, ਉਸ ਕਮਰੇ ਵਿੱਚ ਦਾਖਿਲ ਹੋ ਗਏ, ਜਿੱਥੇ ਗੁਰਦੀਪ ਸਿੰਘ ਅਤੇ ਮਨਪ੍ਰੀਤ ਕੌਰ ਚੋਹਲ -ਮੋਹਲ ਕਰ ਰਹੇ ਸਨ। ਭੋਲਾ ਸਿੰਘ ਨੇ ਲੜਕੇ ਦੇ ਸਿਰ ਤੇ ਗੰਡਾਸੇ ਨਾਲ ਕਈ ਵਾਰ ਕੀਤੇ, ਤੇ ਗੁਰਦੀਪ ਸਿੰਘ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਬਾਅਦ ਵਿੱਚ ਭੋਲਾ ਸਿੰਘ ਨੇ ਹੱਥੀ ਪਾਲ-ਪਲੋਸ ਦੇ ਜੁਆਨ ਕੀਤੀ ਧੀ ਨੂੰ ਵੀ ਤੇ ਆਪਣੇ ਪੁੱਤ ਸੁਖਬੀਰ ਸਿੰਘ ਦੀ ਮੱਦਦ ਨਾਲ ਗਲਾ ਦੱਬ ਕੇ ਮਾਰ ਦਿੱਤਾ। ਦੋਹਰੇ ਕਤਲ ਉਪਰੰਤ ਦੋਵੇਂ ਦੋਸ਼ੀ ਪਿਉ-ਪੁੱਤ ਫਰਾਰ ਹੋ ਗਏ। ਮਾਮਲੇ ਤੇ ਤਫਤੀਸ਼ ਅਧਿਕਾਰੀ ਐਸਐਚੳ ਗੁਰਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵੇਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ, ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ ਵਿਖੇ ਰੱਖ ਦਿੱਤੀਆਂ ਹਨ। ਉਨਾਂ ਦੱਸਿਆ ਕਿ ਮ੍ਰਿਤਕ ਗੁਰਦੀਪ ਸਿੰਘ ਦੇ ਭਰਾ ਕੁਲਦੀਪ ਸਿੰਘ ਦੇ ਬਿਆਨ ਪਰ, ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਨ ਦੀ ਪ੍ਰਕਿਰਿਆ ਜ਼ਾਰੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਅਣਖ ਲਈ ਕੀਤੇ ਦੋਹਰੇ ਕਤਲ ਤੋਂ ਬਾਅਦ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਠੀਕਰੀਵਾਲ ਦੇ ਕੁੱਝ ਬਾਸ਼ਿੰਦਿਆਂ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਬੁਰੇ ਕੰਮ ਦਾ ਬੁਰਾ ਨਤੀਜਾ ਹੀ ਨਿੱਕਲਦੈ , ਇਸ ਲਈ ਨਜਾਇਜ਼ ਸਬੰਧਾਂ ਤੋਂ ਲੋਕਾਂ ਨੂੰ ਤੌਬਾ ਕਰਨ ਵਿੱਚ ਹੀ ਭਲਾਈ ਹੈ।