ਰਵੀ ਸੈਣ , ਬਰਨਾਲਾ/ਸ਼ਹਿਣਾ, 22 ਮਈ 2023
ਬਲਾਕ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਸ਼ਹਿਣਾ ਵੱਲੋਂ ਪਿੰਡ ਭੋਤਨਾ ਵਿਖੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਚਰਨ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੂੰ ਕਿਤਾਬ ‘ਪਹੁੰਚ’ ਦੀ ਵੰਡ ਸਮਾਗਮ ਕਰਵਾਇਆ ਗਿਆ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਨੇ ਸ਼ਿਰਕਤ ਕਰਦਿਆਂ ਕਿਸਾਨਾਂ ਨੂੰ ਕਿਹਾ ਕਿ ਇਸ ਕਿਤਾਬਚੇ ਨੂੰ ਧਿਆਨ ਨਾਲ ਪੜ੍ਹ ਕੇ ਸੰਭਾਲ ਕੇ ਰੱਖਿਆ ਜਾਵੇ ਕਿਉਂਕ ਇਹ ਬਹੁਕੀਮਤੀ ਕਿਤਾਬਚਾ ਹੈ, ਜਿਸ ਦੀ ਸਹਾਇਤਾ ਲੈ ਕੇ ਕਿਸੇ ਵੀ ਸਰਕਾਰੀ ਸਕੀਮ ਦਾ ਲਾਭ ਲੈਣ ਲਈ ਆਪਣੇ ਘਰ ਤੋਂ ਫਾਈਲ ਤਿਆਰ ਕਰਕੇ ਸਬੰਧਤ ਦਫ਼ਤਰ ਵਿੱਚ ਫਾਈਲ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਦੇ ਸਾਰਥਕ ਉੱਦਮ ਪ੍ਰੋਜੈਕਟ ‘ਪਹੁੰਚ’ ਤਹਿਤ ਸਾਰੇ ਵਿਭਾਗਾਂ ਵਿੱਚ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਇਕ ਲੜੀ ਵਿੱਚ ਪੁਰੋਇਆ ਗਿਆ ਹੈ, ਜਿਸ ਵਿੱਚ ਸਮੂਹ ਵਿਭਾਗਾਂ ਦੇ ਨਾਲ-ਨਾਲ ਖੇਤੀਬਾੜੀ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ‘ਪਹੁੰਚ’ ਕਿਤਾਬਚਾ ਖੇਤੀਬਾੜੀ ਵਿਭਾਗ ਬਰਨਾਲਾ ਵੱਲੋਂ ਪਿੰਡਾਂ ਵਿੱਚ ਲੱਗ ਰਹੇ ਕੈਪਾਂ, ਨੁੱਕੜ ਮੀਟਿੰਗਾਂ ਵਿੱਚ ਵੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਜਿਹੜੇ ਲੋਕ ਪਹੁੰਚ ਕਿਤਾਬਚਾ ਦੀ ਪਹੁੰਚ ਤੋਂ ਦੂਰ ਹਨ, ਉਨ੍ਹਾਂ ਲਈ ਸੇਵਾ ਕੇਂਦਰਾਂ, ਸਾਂਝ ਕੇਂਦਰਾਂ, ਸੀਐਸਸੀ ’ਤੇ ਕਿਊਆਰ ਕੋਡ ਵੀ ਲਗਾਇਆ ਜਾ ਰਿਹਾ ਹੈ, ਜਿਸ ਨੂੰ ਸਕੈਨ ਕਰਕੇ ਪਹੁੰਚ ਕਿਤਾਬਚੇ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਇਸੇ ਲੜੀ ਤਹਿਤ ਪਿੰਡ ਟੱਲੇਵਾਲ ਵਿਖੇ ਵੀ ਕਿਸਾਨ ਸਿਖਲਾਈ ਕੈਂਪ ਲਗਾ ਕੇ ਕਿਸਾਨਾਂ ਨੂੰ ਪਹੁੰਚ ਕਿਤਾਬਚੇ ਵੰਡੇ ਗਏ। ਉਨ੍ਹਾਂ ਅਪੀਲ ਕੀਤੀ ਕਿ ਕਿਸਾਨ ਵੀਰ ਝੋਨੇ ਦੀ ਫਸਲ ਦੇ ਬਦਲ ਵਜੋਂ ਨਰਮਾ, ਮੱਕੀ ਫਸਲ ਦੀ ਕਾਸ਼ਤ ਕਰਨ ਵੱਲ ਕਦਮ ਵਧਾਉਣ ਤੇ ਖਾਲੀ ਖੜੇ ਖੇਤਾਂ ਵਿੱਚ ਪਾਣੀ ਖੜਾ ਕਰਕੇ ਪਾਣੀ ਦੀ ਦੁਰਵਰਤੋਂ ਨਾ ਕਰਨ। ਉਨ੍ਹਾਂ ਕਿਹਾ ਕਿ ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨ ਸਮਾਂ ਰਹਿੰਦੇ ਪੋਰਟਲ ’ਤੇ ਆਪਣਾ ਰਜਿਸਟ੍ਰੇਸ਼ਨ ਜਰੂਰ ਕਰਵਾ ਲੈਣ ਤਾਂ ਜੋ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਸਹਾਇਤਾ ਪ੍ਰਾਪਤ ਕੀਤੀ ਜਾ ਸਕੇ। ਇਸ ਮੌਕੇ ਏਡੀਓ ਡਾ. ਨਵਜੀਤ ਸਿੰਘ ਪੱਖੋਕੇ, ਸਹਾਇਕ ਟੈਕਨੋਲਜੀ ਮੈਨਜਰ ਸੁਖਪਾਲ ਸਿੰਘ ਤੇ ਸਤਨਾਮ ਸਿੰਘ ਤੋਂ ਇਲਾਵਾ ਕਿਸਾਨ ਹਾਜ਼ਰ ਸਨ।