ਅਨੁਭਵ ਦੂਬੇ, ਚੰਡੀਗੜ੍ਹ ,23 ਅਪ੍ਰੈਲ 2023
ਖਾਲਿਸਤਾਨ ਪੱਖੀ ਪ੍ਰਚਾਰਕ ਅਤੇ ਵਾਰਿਸ ਪੰਜਾਬ ਦੇ (ਡਬਲਯੂ.ਪੀ.ਡੀ.) ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਤਰਾਂ ਤਰਾਂ ਦੀਆਂ ਲੱਗ ਰਹੀਆਂ ਕਿਆਸਰਾਈਆਂ ਦਾ ਰੌਲਾ ਠੱਲ੍ਹ ਜਾਣ ਤੋਂਂ ਬਾਅਦ ਅੱਜ ਤੜਕੇ ਪੁਲਿਸ ਨੇ ਮੋਗਾ ਜਿਲੇ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕਰ ਲਿਆ ਹੈੇ। ਅੰਮ੍ਰਿਤਪਾਲ ਸਿੰਘ ਨੇ ਗ੍ਰਿਫਤਾਰੀ ਤੋਂ ਪਹਿਲਾਂ, ਪਿੰਡ ਰੋਡੇ ਦੇ ਗੁਰੂਦੁਆਰਾ ਸਾਹਿਬ ਵਿੱਚ ਲੋਕਾਂ ਨੂੰ ਸੰਬੋਧਨ ਵੀ ਕੀਤਾ ਗਿਆ, ਜਿਸ ਸਬਧੀ ਇੱਕ ਵੀਡੀਉ ਵੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈੇ। ਪੰਜਾਬ ਪੁਲਿਸ ਨੇ ਵੀ, ਆਪਣੇ ਟਵਿਟਰ ਹੈਂਡਲ ਤੋਂ ਇਹ ਜਾਣਕਾਰੀ ਸਾਂਝੀ ਕਰਕੇ,ਲੋਕਾਂ ਨੂੰ ਅਮਨ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਵੀ ਕੀਤੀ ਹੈ ਅਤੇ ਲੋਕਾਂ ਨੂੰ ਅਫਵਾਹਾਂ ਤੇ ਯਕੀਨ ਨਾ ਕਰਨ ਅਤੇ ਅਫਵਾਹਾਂ ਫੈਲਾਉਣ ਤੋਂ ਵਰਜਿਆ ਵੀ ਗਿਆ ਹੈੇੇੇ। ਕੌਮੀ ਸੁਰੱਖਿਆ ਐਕਟ (ਐਨ.ਐਸ.ਏ.) ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਪੁਲਿਸ ਵੱਲੋਂ ਇੱਕ ਮਹੀਨੇ ਬਾਅਦ ਹੋਈ ਹੈ। ਜਦੋਂਕਿ ਪੁਲਿਸ ਨੇ ਉਸ ਦੇ ਅਤੇ ਉਸ ਦੇ ਸੰਗਠਨ ਦੇ ਖਿਲਾਫ ਵੱਡੇ ਪੱਧਰ ‘ਤੇ ਕਾਰਵਾਈ ਆਰੰਭੀ ਹੋਈ ਸੀੇ ।
ਆਪਣੇ ਅਧਿਕਾਰਤ ਹੈਂਡਲ ਤੋਂ ਇੱਕ ਟਵੀਟ ਵਿੱਚ, ਪੰਜਾਬ ਪੁਲਿਸ ਨੇ ਐਤਵਾਰ ਨੂੰ ਕਿਹਾ, “ਅਮ੍ਰਿਤਪਾਲ ਸਿੰਘ ਨੂੰ ਮੋਗਾ, ਪੰਜਾਬ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।” ਪੁਲਿਸ ਨੇ ਨਾਗਰਿਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ, ਕੋਈ ਵੀ ਜਾਅਲੀ ਫਰਜੀ ਖ਼ਬਰਾਂ ਸਾਂਝੀਆਂ ਨਾ ਕਰਨ, ਅਤੇ ਹਮੇਸ਼ਾਂ ਖਬਰ ਤਸਦੀਕ ਹੋਣ ਤੋਂ ਬਾਅਦ ਹੀ ਸਾਂਝਾ ਕਰਨ ਦੀ ਅਪੀਲ ਕੀਤੀ। ਸੂਤਰਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਨੂੰ ਆਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਲਿਜਾਏ ਜਾਣ ਦੀ ਸੰਭਾਵਨਾ ਹੈ। ਹੁਣ ਤੱਕ ਅੰਮ੍ਰਿਤਪਾਲ ਅਤੇ ਉਸ ਦੇ 8 ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ। ਇਨ੍ਹਾਂ ਸਾਰਿਆਂ ‘ਤੇ NSA ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
18 ਮਾਰਚ ਨੂੰ ਪੰਜਾਬ ਪੁਲਿਸ ਨੇ ਵੱਖ ਵੱਖ ਅਪਰਾਧਿਕ ਮਾਮਲਿਆਂ ਦੇ ਸਬੰਧ ਵਿੱਚ 78 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਅੰਮ੍ਰਿਤਪਾਲ ਦੀ ਭਾਲ ਸ਼ੁਰੂ ਕੀਤੀ ਹੋਈ ਸੀ । ਇਹ ਕਾਰਵਾਈ 23 ਫਰਵਰੀ ਨੂੰ ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਵਿੱਚ ਉਸ ਦੇ ਇੱਕ ਸਾਥੀ ਲਵਪ੍ਰੀਤ ਤੂਫਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਧਾਵਾ ਬੋਲਣ ਤੋਂ ਲਗਭਗ ਤਿੰਨ ਹਫ਼ਤੇ ਬਾਅਦ ਹੋਈ ਹੈ।
23 ਫਰਵਰੀ ਨੂੰ ਅੰਮ੍ਰਿਤਪਾਲ ਦੀ ਅਗਵਾਈ ਵਿੱਚ ਇੱਕ ਹਿੰਸਕ ਭੀੜ ਨੇ ਪੰਜਾਬ ਦੇ ਅਜਨਾਲਾ ਵਿੱਚ ਇੱਕ ਪੁਲਿਸ ਸਟੇਸ਼ਨ ‘ਤੇ ਰੋਰ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਇੱਕ ਸਹਿਯੋਗੀ ਨੂੰ ਪੁਲਿਸ ਹਿਰਾਸਤ ਵਿੱਚੋਂ ਰਿਹਾਅ ਕੀਤਾ ਜਾਵੇ। ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਇਸ ਮੰਗ ਨੂੰ ਮੰਨ ਲਿਆ ਸੀ । ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਖਾਲਿਸਤਾਨ ਪੱਖੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਵਿਰੁੱਧ ਕੇਂਦਰ ਸਰਕਾਰ ਦੇ ਤਾਲਮੇਲ ਨਾਲ ਕਾਰਵਾਈ ਸ਼ੁਰੂ ਕੀਤੀ।
ਅੰਮ੍ਰਿਤਪਾਲ ‘ਭਾਰਤੀ ਦੰਡਾਵਲੀ ਦੇ ਤਹਿਤ ਫਿਰਕਿਆਂ ‘ਚ ਅਸ਼ਾਂਤੀ ਫੈਲਾਉਣ, ਕਤਲ ਦੀ ਕੋਸ਼ਿਸ਼, ਪੁਲਸ ਕਰਮਚਾਰੀਆਂ ‘ਤੇ ਹਮਲਾ ਕਰਨ ਅਤੇ ਸਰਕਾਰੀ ਕਰਮਚਾਰੀਆਂ ਦੁਆਰਾ ਕਾਨੂੰਨੀ ਤੌਰ ‘ਤੇ ਡਿਊਟੀ ਨਿਭਾਉਣ ‘ਚ ਰੁਕਾਵਟ ਪੈਦਾ ਕਰਨ ਦੇ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਉਹ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਰੂਪੋਸ਼ ਚੱਲ ਸੀੇ।
ਪੰਜਾਬ ਵਿੱਚ ਸਾਲ ਪੁਰਾਣੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਅਮਨ-ਕਾਨੂੰਨ ਦੀ ਮਾੜੀ ਸਥਿਤੀ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ ਅਤੇ ਪੁਲਿਸ ਵੱਲੋਂ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਵਿੱਚ ਨਾਕਾਮ ਰਹਿਣ ਤੋਂ ਬਾਅਦ ਆਪ ਸਰਕਾਰ ਨੂੰ ਬੈਕਫੁੱਟ ‘ਤੇ ਦੇਖਿਆ ਜਾ ਰਿਹਾ ਸੀ। ਵਿਰੋਧੀ ਪਾਰਟੀਆਂ ਇਸ ਮੁੱਦੇ ਨੂੰ ਲੈ ਕੇ ਆਪ ਸਰਕਾਰ ਨੂੰ ਨਿਸ਼ਾਨਾ ਬਣਾ ਰਹੀਆਂ ਸਨ। ਉੱਧਰ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਖੁਦ ਆਤਮ ਸਮਰਪਣ ਕੀਤਾ ਹੈ, ਇਸੇ ਲਈ ਹੀ, ਉਸ ਨੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪਿੰਡ ਦੀ ਹੀ ਚੋਣ ਕੀਤੀੇ ਹੈ। ਅਜਿਹੀਆਂ ਸਾਰੀਆਂ ਸਾਹਮਣੇ ਆ ਰਹੀਆਂ ਗੱਲਾਂ ਅਤੇ ਸਵਾਲਾਂ ਦੇ ਜੁਆਬ ਕੁੱਝ ਸਮੇਂ ਬਾਅਦ ਪੁਲਿਸ ਦੀ ਪ੍ਰਸਤਾਵਿਤ ਪ੍ਰੈੋਸ ਕਾਨਫਰੰਸ ਵਿੱਚ ਹੀ ਸਪੱਸ਼ਟ ਹੋਣਗੇ।