ਹਰਿੰਦਰ ਨਿੱਕਾ , ਬਰਨਾਲਾ 22 ਅਪ੍ਰੈਲ 2023
ਬਰਨਾਲਾ –ਠੀਕਰੀਵਾਲਾ ਰੋਡ ਤੇ ਲੰਘੀ ਕੱਲ੍ਹ ਸ਼ਾਮ ਇੱਕ ਤੇਜ਼ ਰਫਤਾਰ ਤੇ ਬੜੀ ਲਾਪਰਵਾਹੀ ਨਾਲ ਜਾ ਰਹੀ ਕਾਰ ਦਾ ਡਰਾਈਵਰ ਕਰੀਬ 6 ਸਾਲ ਦੇ ਬੱਚੇ ਨੂੰ ਕੁਚਲ ਕੇ ਮੌਕੇ ਤੋਂ ਫਰਾਰ ਹੋ ਗਿਆ। ਗੰਭੀਰ ਹਾਲਤ ਵਿੱਚ ਬੱਚੇ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਬੱਚੇ ਦੇ ਪਿਤਾ ਦੇ ਬਿਆਨ ਪਰ, ਕਾਰ ਚਾਲਕ ਦੇ ਖਿਲਾਫ ਕੇਸ ਦਰਜ਼ ਕਰਕੇ,ਅਗਲੀ ਕਾਨੂੰਨੀ ਪ੍ਰਕਿਰਿਆ ਆਰੰਭ ਦਿੱਤੀ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸੁਰੇਸ਼ ਕੁਮਾਰ ਵਾਸੀ ਯੂਪੀ ਨੇ ਦੱਸਿਆ ਕਿ ਉਹ ਠੀਕਰੀਵਾਲਾ-ਸੰਘੇੜਾ ਲਿੰਕ ਰੋਡ ਤੇ ਸਥਿਤ ਨੈਸ਼ਨਲ ਬੀਕੇੳ ਭੱਠੇ ਤੇ ਕੰਮ ਕਰਦਾ ਹੈ। ਪਰਿਵਾਰ ਸਮੇਤ ਭੱਠੇ ਦੇ ਨੇੜੇ ਹੀ ਰਹਿੰਦਾ ਹੈ। ਲੰਘੀ ਕੱਲ੍ਹ ਸ਼ਾਮ ਕਰੀਬ ਪੰਜ ਵਜੇ, ਉਹ ਆਪਣੇ ਕਰੀਬ ਛੇ ਵਰ੍ਹਿਆਂ ਦੇ ਪੁੱਤਰ ਰਵੀ ਨੂੰ ਨਾਲ ਲੈ ਕੇ ਠੀਕਰੀਵਾਲਾ ਮੇਨ ਰੋਡ ਤੇ ਸਬਜ਼ੀ ਲੈਣ ਪਹੁੰਚਿਆ। ਉਦੋਂ ਹੀ ਅਚਾਨਕ ਬੜੀ ਤੇਜ਼ ਰਫਤਾਰ ਕਾਰ PB 04U- 3093 ਡਰਾਈਵਰ ਨੇ ਸੜਕ ਕਿਨਾਰੇ ਖੜ੍ਹੇ ਬੱਚੇ ਨੂੰ ਕੁਚਲ ਦਿੱਤਾ ਤੇ ਕਾਰ ਡਰਾਈਵਰ ਬੱਚੇ ਨੂੰ ਤੜਫਦਾ ਛੱਡ ਕੇ ਫਰਾਰ ਹੋ ਗਿਆ। ਲੋਕਾਂ ਦੀ ਮੱਦਦ ਨਾਲ, ਗੰਭੀਰ ਹਾਲਤ ਵਿੱਚ ਜਖਮੀ ਹੋਏ ਰਵੀ ਨੂੰ ਤੁਰੰਤ ਹੀ, ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਨਾਂ ਕਿਹਾ ਕਿ ਹਾਸਦਾ ਕਾਰ ਚਾਲਕ ਦੀ ਲਾਪਰਵਾਹੀ ਨਾਲ ਹੋਇਆ ਹੈ। ਮਜਦੂਰ ਆਗੂ ਗੁਰਪ੍ਰੀਤ ਰੂੜੇਕੇ ਅਤੇ ਮਾਨ ਸਿੰਘ ਗੁਰਮ ਨੇ ਪੁਲਿਸ ਤੋਂ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਉੱਧਰ ਥਾਣਾ ਸਿਟੀ 1 ਬਰਨਾਲਾ ਦੇ ਐਸਐਚਉ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਕਿਹਾ ਮ੍ਰਿਤਕ ਬੱਚੇ ਦੇ ਪਿਤਾ ਸੁਰੇਸ਼ ਕੁਮਾਰ ਦੇ ਬਿਆਨ ਦੇ ਅਧਾਰ ਤੇ ਦੋਸ਼ੀ ਕਾਰ ਚਾਲਕ ਦੇ ਖਿਲਾਫ ਕੇਸ ਦਰਜ਼ ਕਰਕੇ, ਕਾਰ ਬਰਾਮਦ ਕਰ ਲਈ ਹੈ। ਅੱਜ ਮ੍ਰਿਤਕ ਬੱਚੇ ਦੇ ਹੋਰ ਪਰਿਵਾਰਿਕ ਮੈਂਬਰਾਂ ਦੇ ਨਾ ਪਹੁੰਚਣ ਕਰਕੇ,ਪੋਸਟਮਾਰਟ ਐਤਵਾਰ ਨੂੰ ਕਰਵਾਇਆ ਜਾਵੇਗਾ। ਜਲਦ ਹੀ ਦੋਸ਼ੀ ਕਾਰ ਚਾਲਕ ਨੂੰ ਵੀ ਗਿਰਫਤਾਰ ਕਰ ਲਿਆ ਜਾਵੇਗਾ।