ਆਬਕਾਰੀ ਅਧਿਕਾਰੀਆਂ ਦੀ ਮਿਲੀਭੁਗਤ-ਧੜੱਲੇ ਨਾਲ ਚੱਲਦੈ ਬਿਨ ਮੰਜੂਰੀ ਠੇਕਾ,,,
ਹਰਿੰਦਰ ਨਿੱਕਾ, ਬਰਨਾਲਾ 15 ਅਪ੍ਰੈਲ 2023
ਲਾਲ ਪਰੀ ਤਾਂ ਲਾਲ ਪਰੀ ਐ , ਬਰਾਂਡ ਚਾਹੇ ਕੋਈ ਹੋਵੇ, ਦੇਸੀ ਚਾਹੇ ਅੰਗਰੇਜ਼ੀ , ਆਪਣਾ ਜਲਬਾ ਤਾਂ ਇਹ ਹਰ ਥਾਂ ਦਿਖਾੳਂਦੀ ਹੀ ਦਿਖਾਉਂਦੀ ਹੈ। ਪੀਣ ਵਾਲਿਆਂ ਦਾ ਸਿਰ ਘੁੰਮਣ ਲਾ ਦਿੰਦੀ ਐ ‘ਤੇ ਵੇਚਣ ਵਾਲਿਆਂ ਦੇ ਸਿਰ ਚੜ੍ਹਕੇ ਬੋਲਦੀ ਹੈ। ਬੇਸ਼ੱਕ ਆਬਕਾਰੀ ਮਹਕਿਮੇ ਦਾ ਕੋਈ ਅਧਿਕਾਰੀ ਹੋਵੇ ਜਾਂ ਫਿਰ ਕਰਮਚਾਰੀ, ਕੋਈ ਪੀ ਕੇ ਝੂੰਮਦੈ ਤੇ ਕਿਸੇ ਨੂੰ ਬਿਨਾਂ ਪੀਤੀਉਂ ਸਰੂਰ ਚੜ੍ਹਿਆ ਰਹਿੰਦਾ ਹੈ। ਚੜ੍ਹੇ ਵੀ ਕਿਉਂ ਨਾ, ਜਦੋਂ ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ ਹੀ ਆਉਂਦਾ ਹੈ।
ਨਾ ਤਾਂ ਆਬਕਾਰੀ ਮਹਿਕਮੇ ਦੇ ਅਧਿਕਾਰੀਆਂ ਦੀ ਕੋਈ ਚਿੰਤਾ ਅਤੇ ਨਾ ਹੀ ,ਸੜ੍ਹਕਾਂ ਤੇ ਹੂਟਰ ਮਾਰਦੀਆਂ ਦਿਨ ਰਾਤ ਘੁੰਮ ਰਹੀਆਂ ਪੁਲਿਸ ਦੀਆਂ ਗੱਡੀਆਂ ਦਾ ਕੋਈ ਖੌਫ ! ਆਬਕਾਰੀ ਮਹਿਕਮੇ ਵਾਲਿਆਂ ਦਾ ਸਿਰ ਤੇ ਜੋ ਹੱਥ ਐ ,ਫਿਰ ਕਾਰਵਾਈ ਦਾ ਭੋਰਾ ਭੈਅ ਨਹੀਂ। ਸ਼ਰਾਬ ਠੇਕੇਦਾਰ, ਇਮਾਨਦਾਰ ਸਰਕਾਰ ਦੇ ਹੁੰਦਿਆਂ ਵੀ, ਚੰਮ ਦੀਆਂ ਚਲਾਉਣ ਦਾ ਹੱਥ ਆਇਆ ਵੇਲਾ , ਹੁਣ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੇ, ਜਿੱਥੇ ਜੀ ਕਰਦੈ, ਬਿਨ ਮੰਜੂਰੀ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਘੌਲ ਨਹੀਂ ਕਰਦੇ । ਕਰਨ ਵੀ ਕਿਉਂ ਜਦੋਂ, ਇਸ ਹਮਾਮ ਵਿੱਚ ਤਾਂ ਸਾਰੇ ਹੀ ਨੰਗੇ ਨੇ । ਹਰ ਕੋਈ ਆਪਣਾ ਹਿੱਸਾ ਲੈ , ਸਰਕਾਰੀ ਖਜਾਨੇ ਨੂੰ ਖੋਰਾ ਲਾ ਕੇ, ਆਪਣੀਆਂ ਤਿਜ਼ੋਰੀਆਂ ਭਰਨ ਤੇ ਲੱਗਿਆ ਹੋਇਆ ਹੈ। ਅਜਿਹਾ ਵਰਤਾਰਾ ਹੋਰ ਤਾਂ ਪਤਾ ਨਹੀਂ, ਬਰਨਾਲਾ ਜਿਲ੍ਹੇ ਦੇ ਆਊਟਰ ਖੇਤਰਾਂ ਵਿੱਚ ਇੱਕ ਤੋਂ ਵਧੇਰੇ ਪਿੰਡਾਂ ‘ਚ ਬਿਨਾਂ ਮੰਜੂਰੀ ਤੋਂ ਸ਼ਰੇਆਮ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਨੂੰ ਵੇਖਣ ਤੋਂ ਮਿਲਦਾ ਹੈ। ਕਿਤੇ ਲੁਕ ਛਿਪ ਕੇ ਨਹੀਂ, ਸਟੇਟ ਹਾਈਵੇ ਤੇ ਵੀ ਅਜਿਹੇ ਬਿਨ ਮੰਜੂਰੀ ਠੇਕੇ ਖੁੱਲ੍ਹੇ ਹੋਏ ਨੇ, ਜਦੋਂਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਪੱਸ਼ਟ ਹੁਕਮ ਪੇਂਡੂ ਖੇਤਰਾਂ ਚੋਂ ਲੰਘਦੇ ਸਟੇਟ ਤੇ ਨੈਸ਼ਨਲ ਹਾਈਵੇ ਤੇ ਲਾਗੂ ਨੇ, ਪਰ ਇੱਨ੍ਹਾਂ ਹੁਕਮਾਂ ਦੀ ਪਾਲਣਾ ਕਰਵਾਉਣਾ ਆਬਕਾਰੀ ਮਹਿਕਮੇ ਦੇ ਅਧਿਕਾਰੀਆਂ ਦੇ ਹਿੱਸੇ ਆਉਂਦਾ ਹੈ। ਇੱਕ ਪਿੰਡ ਅੰਦਰ ਮੰਜੂਰਸ਼ੁਦਾ ਠੇਕਿਆਂ ਤੋਂ ਵਧੇਰੇ ਸ਼ਰਾਬ ਦੀਆਂ ਦੁਕਾਨਾਂ ਬੇਖੌਫ ਚੱਲ ਰਹੀਆਂ ਹਨ। ਕਈ ਪਿੰਡ ਅਜਿਹੇ ਵੀ ਹਨ, ਜਿੱਥੇ ਸਰਕਾਰ ਦਾ ਮੰਜੂਰਸ਼ੁਦਾ ਠੇਕਾ ਵੀ ਨਹੀਂ, ਅਜਿਹੇ ਪਿੰਡ ‘ਚ ਅਫਸਰਾਂ ਦੀ ਨਜ਼ਰ ਏ ਇਨਾਇਤ ਵਾਲੀ ਦੁਕਾਨ ਹੀ ਚੱਲੀ ਜਾਂਦੀ ਹੈ। ਜਿੱਥੇ ਕੋਈ ਚੈਕਿੰਗ ਕਰਨ ਹੀ ਨਹੀਂ ਜਾਂਦਾ, ਕਰਨ ਵੀ ਕਿਉਂ, ਚੈਕਿੰਗ ਤਾਂ ਮੰਜੂਰਸ਼ੁਦਾ ਠੇਕਿਆ ਤੇ ਹੀ ਕਰਨੀ ਹੁੰਦੀ ਹੈ ਕਿ ਕੋਈ ਨਿਯਮਾਂ ਤੇ ਸ਼ਰਤਾਂ ਦਾ ਉਲੰਘਣ ਤਾਂ ਨਹੀਂ ਕਰ ਰਿਹਾ। ਪੁਲਿਸ ਵਾਲੇ ਤਾਂ ਕਰਕੇ ਚੁੱਪ ਨੇ, ਬਈ ਨਜਾਇਜ ਠੇਕਿਆਂ ਖਿਲਾਫ ਕਾਰਵਾਈ ਕਰਨਾ, ਆਬਕਾਰੀ ਮਹਿਕਮੇ ਦੇ ਜਿੰਮੇ ਆਉਂਦਾ ਹੈ। ਆਬਕਾਰੀ ਮਹਿਕਮੇ ਦੇ ਅਧਿਕਾਰੀਆਂ ਦੀ ਸਾਜਿਸ਼ੀ ਚੁੱਪ ਸਰਕਾਰੀ ਖਜਾਨੇ ਦੀ ਲੁੱਟ ਦਾ ਰਾਹ ਮੋਕਲਾ ਕਰ ਰਹੀ ਹੈ। ਯਾਨੀ ਇਉਂ ਸਮਝੋ ਕਿ ਕੋਈ ਰਾਜਾ ਬਾਬੂ, ਨਜਾਇਜ਼ ਸ਼ਰਾਬ ਦੇ ਠੇਕਿਆਂ ਨੂੰ ਠੱਲ੍ਹਣ ਵਾਲਾ ਕਿਧਰੇ ਨਜ਼ਰੀ ਨਹੀਂ ਆ ਰਿਹਾ। ਅਜਿਹੇ ਹਾਲਤਾਂ ਵਿੱਚ ਅਧਿਕਾਰੀਆਂ ਦੀ ਕੁੱਝ ਸ਼ਰਾਬ ਠੇਕੇਦਾਰਾਂ ਨਾਲ ਲੈ ਦੇ ਕੇ ਪਾਲੀ ਜਾ ਰਹੀ , ਸਾਂਝ ਭਿਆਲੀ ਸੂਬਾ ਸਰਕਾਰ ਦੇ ਵਧੇਰੇ ਮਾਲੀਆ ਜੁਟਾਉਣ ਦੇ ਯਤਨਾਂ ਨੂੰ ਢਾਹ ਲਾਉਣ ਤੋਂ ਇਲਾਵਾ ਇਮਾਨਦਾਰੀ ਦਾ ਹੋਕਾਂ ਦੇਣ ਵਾਲਿਆਂ ਦੇ ਸਿਰ ਖੇਹ ਵੀ ਪੁਆ ਰਹੀ ਹੈ । ਇੱਕ ਪਿੰਡ ‘ਚ ਪੈਟ੍ਰੋਲ ਪੰਪ ਦੇ ਨੇੜੇ ਇੱਕ ਕੋਠੜੀ ਵਿੱਚ ਚੱਲ ਰਹੇ ਠੇਕੇ ਦਾ ਬੋਰਡ ਖੇਤ ‘ਚ ਸੁੱਟਿਆ ਪਿਆ, ਕੋਠੜੀ ਦੇ ਬਾਹਰ ਹਿੰਦੀ ਵਿੱਚ ਠੇਕਾ ਸ਼ਰਾਬ ਦੇਸੀ, ਸਫੈਦ ਰੰਗ ਨਾਲ ਲਿਖਿਆ ਹੋਇਆ ਹੈ, ਇੱਥੇ ਦੇਸੀ ਤੇ ਅੰਗਰੇਜੀ ਦੋਵੇਂ ਤਰਾਂ ਦੀ ਸ਼ਰਾਬ ਉਪਲੱਭਧ ਹੈ, ਰੇਟ ਵੀ ਹੋਰਨਾਂ ਠੇਕਿਆਂ ਤੋਂ ਸਵੱਲਾ ਹੀ ਯਾਨੀ 240/250 ਵਾਲੀ ਦੇਸੀ ਸ਼ਰਾਬ ਦੀ ਬੋਤਲ 200 ਰੁਪੈ ‘ਚ ਮਿਲਦੀ ਹੈ । ਠੇਕੇ ਦੇ ਕਰਿੰਦੇ ਨੂੰ ਪੁੱਛਿਆ ਕਿ ਇੱਥੇ ਕੋਈ ਬੋਰਡ ਨਹੀਂ ਲੱਗਿਆ ਤੇ ਰੇਟ ਵੀ ਸਸਤਾ ਹੈ, ਉਸ ਨੇ ਦੋ ਟੁੱਕ ਸ਼ਬਦਾਂ ‘ਚ ਸਾਰਾ ਭੇਦ ਖੋਲ੍ਹਤਾ, ਸਰਦਾਰ ਜੀ, ਯੇ ਠੇਕਾ ਵਗਾਰ ਪੇ ਚਲਤਾ ਹੈ,ਲਸੰਸ ਕੀ ਜਰੂਰਤ ਨਹੀਂ। ਲੋਕਾਂ ਦੀ ਆਮ ਧਾਰਨਾ ਇਹੋ ਬਣੀ ਹੋਈ ਹੈ ਕਿ ਨਜਾਇਜ ਢੰਗ ਨਾਲ ਨਿਯਮ ਤੇ ਸ਼ਰਤਾਂ ਨੂੰ ਛਿੱਕੇ ਟੰਗ ਰਹੇ ਸ਼ਰਾਬ ਠੇਕੇਦਾਰਾਂ ਦੀ ਇੱਨ੍ਹੀ ਹਿੰਮਤ ਬਿਨਾਂ ਉੱਪਰਲਿਆਂ ਦੀ ਸ਼ਹਿ ਤੋਂ ਚੱਲ ਹੀ ਨਹੀਂ ਸਕਦੀ । ਆਬਕਾਰੀ ਵਿਭਾਗ ਦੇ ਈ.ਟੀ.ੳ. ਵਿਨੀਤ ਕੁਮਾਰ ਨੂੰ ਫੋਨ ਕਰਕੇ,ਉਕਤ ਚੱਲ ਰਹੇ ਵਰਤਾਰੇ ਬਾਰੇ ਉਨ੍ਹਾਂ ਦਾ ਪੱਖ ਜਾਣਨ ਲਈ ਕੋਸ਼ਿਸ਼ ਕੀਤੀ, ਪਰ ਉਨਾਂ ਫੋਨ ਰਿਸੀਵ ਹੀ ਨਹੀਂ ਕੀਤਾ।