ਦੋਸ਼-ਗੋਲਡੀ ਬਰਾੜ ਦੇ ਨਾਂ ਤੇ ਮੰਗੀ ਸੀ , ਪੰਜ ਲੱਖ ਰੁਪਏ ਦੀ ਫਿਰੌਤੀ
ਹਰਿੰਦਰ ਨਿੱਕਾ , ਬਰਨਾਲਾ 3 ਅਪ੍ਰੈਲ 2023
ਥਾਣਾ ਸ਼ਹਿਣਾ ਦੀ ਪੁਲਿਸ ਨੇ ਪੰਜ ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ ਨਾਮਜ਼ਦ ਨਾਮੀ ਗੈਂਗਸਟਰ ਨੂੰ ਗਿਰਫਤਾਰ ਕੀਤਾ ਹੈ। ਜਿਸ ਨੂੰ ਪੁਲਿਸ ਨੇ ਅੱਜ ਬਰਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ। ਮਾਨਯੋਗ ਅਦਾਲਤ ਨੇ ਗੈਂਗਸਟਰ ਦੀ ਪੁ€ਛਗਿੱਛ ਲਈ, 4 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜਗਸੀਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਜੋਧਪੁਰ ਰੋਡ,ਕਰਮੋ ਪੱਤੀ,ਉਗੋਕੇ, ਦੀ ਸ਼ਕਾਇਤ ਪਰ, ਅਣਪਛਾਤੇ ਵਿਅਕਤੀ ਖਿਲਾਫ ਫਿਰੌਤੀ ਮੰਗਣ ਦੇ ਦੋਸ਼ ਵਿੱਚ 8 ਜੂਨ 2022 ਨੂੰ ਥਾਣਾ ਸ਼ਹਿਣਾ ਵਿਖੇ ਕੇਸ ਦਰਜ ਕੀਤਾ ਗਿਆ ਸੀ। ਮੁਦਈ ਜਗਸੀਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਉਸ ਦੇ ਮੋਬਾਈਲ ਪਰ, ਕਿਸੇ ਅਣਪਛਾਤੇ ਵਿਅਕਤੀ ਨੇ 05/06/2022 ਨੂੰ ਵਕਤ ਕਰੀਬ 10:34 ਏ.ਐਮ. ਵਜੇ +918054479455 ਤੋਂ ਵਟਸਅੱਪ ਕਾਲ ਆਈ , ਵਟਸਅੱਪ ਕਾਲ ਕਰਨ ਵਾਲੇ ਨੇ ਖੁਦ ਨੂੰ ਗੋਲਡੀ ਬਰਾੜ ਦਾ ਬੰਦਾ ਦੱਸਦਿਆਂ ਕਿਹਾ ਕਿ ਉਸ ਨੂੰ ਪੰਜ ਲੱਖ ਰੁਪਏ ਦੀ ਫਿਰੌਤੀ ਦੇ, ਜਦੋਂ ਨਾਂਹ ਨੁੱਕਰ ਕੀਤੀ ਤਾਂ ਫੋਨ ਕਰਨ ਵਾਲੇ ਨੇ ਕਿਹਾ ਕਿ ਪਹਿਲਾਂ ਅਸੀਂ ਸਿੱਧੂ ਮੂਸੇਵਾਲਾ ਨੂੰ ਮਾਰਿਆ ਹੈ, ਜੇ ਤੂੰ ਫਿਰੌਤੀ ਨਾ ਦਿੱਤੀ ਤਾਂ ਫਿਰ ਤੈਨੂੰ ਵੀ ਗੱਡੀ ਚੜ੍ਹਾ ਦਿਆਂਗੇ। ਅਜਿਹੀ ਧਮਕੀ ਤੋਂ ਬਾਅਦ, ਮੁਦਈ ਨੇ ਪੁਲਿਸ ਨੂੰ ਸ਼ਕਾਇਤ ਕੀਤੀ ਤੇ ਪੁਲਿਸ ਨੇ ਥਾਣਾ ਸ਼ਹਿਣਾ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਅਧੀਨ ਜੁਰਮ 386/506/511 ਆਈਪੀਸੀ ਤਹਿਤ ਕੇਸ ਦਰਜ ਕਰਕੇ, ਅਣਪਛਾਤੇ ਦੀ ਤਲਾਸ਼ ਸ਼ੁਰੂ ਕੀਤੀ। ਪੁਲਿਸ ਨੇ, ਮਿਲੇ ਤੱਥਾਂ ਨੂੰ ਖੰਗਾਲਦਿਆਂ ਮਨਦੀਪ ਸਿੰਘ ਮੰਨਾ ਨੂੰ ਉਕਤ ਕੇਸ ਵਿੱਚ ਦੋਸ਼ੀ ਨਾਮਜਦ ਕਰਕੇ, ਆਖਿਰ ਹੁਣ ਉਸ ਨੂੰ ਗਿਰਫਤਾਰ ਕਰ ਲਿਆ। ਪੁਲਿਸ ਪਾਰਟੀ ਨੇ, ਕਰੜੇ ਸੁਰੱਖਿਆ ਬੰਦੋਬਸਤ ਕਰਕੇ, ਗੈਂਗਸਟਰ ਮਨਦੀਪ ਸਿੰਘ ਮੰਨਾ ਨੂੰ ਜੇ.ਐਮ.ਆਈ.ਸੀ. ਸਮੀਕਸ਼ਾ ਜੈਨ ਦੀ ਅਦਾਲਤ ਵਿੱਚ ਪੇਸ਼ ਕੀਤਾ। ਸਰਕਾਰੀ ਵਕੀਲ ਨੇ ਪੁੱਛਗਿੱਛ ਲਈ, 10 ਦਿਨ ਦਾ ਰਿਮਾਂਡ ਦੇਣ ਦੀ ਮੰਗ ਕੀਤੀ । ਗੈਂਗਸਟਰ ਮੰਨਾ ਦੀ ਤਰਫੋਂ ਮਾਨਯੋਗ ਅਦਾਲਤ ਵਿੱਚ ਐਡਵੋਕੇਟ ਰਜਿੰਦਰ ਪਾਲ ਸਿੰਘ ਪੇਸ਼ ਹੋਏ। ਉਨਾਂ ਅਦਾਲਤ ਨੂੰ ਦੱਸਿਆ ਕਿ ਜਿਸ ਦਿਨ ਦੀ ਪੁਲਿਸ ਨੇ , ਫਿਰੌਤੀ ਮੰਗਣ ਦੀ ਘਟਨਾ ਦਾ ਜਿਕਰ ਕੀਤਾ ਹੈ, ਉਦੋਂ ਮਨਦੀਪ ਮੰਨਾ , ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਦੋਸ਼ ਵਿੱਚ ਪੁਲਿਸ ਹਿਰਾਸਤ ਵਿੱਚ ਸੀ ਤੇ ਖਰੜ ਥਾਣੇ ਵਿੱਚ ਸਿੱਟ ਦੀ ਟੀਮ, ਉਸ ਤੋਂ ਪੁੱਛਗਿੱਛ ਕਰ ਰਹੀ ਸੀ। ਉਨਾਂ ਦਰਜ਼ ਕੇਸ ਨੂੰ ਝੂਠਾ ਕਰਾਰ ਦਿੰਦਿਆਂ , ਪੁਲਿਸ ਰਿਮਾਂਡ ਦੇਣ ਦਾ ਵਿਰੋਧ ਕੀਤਾ। ਮਾਨਯੋਗ ਅਦਾਲਤ ਵੱਲੋਂ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ , ਮਨਦੀਪ ਸਿੰਘ ਮੰਨਾ ਦੀ ਪੁੱਛਗਿੱਛ ਲਈ 4 ਦਿਨ ਦਾ ਪੁਲਿਸ ਰਿਮਾਂਡ ਦ। ਦਿੱਤਾ।