ਸਿਵਲ ਹਸਪਤਾਲ ਦਾਖਿਲ, 2 ਜਣਿਆਂ ਦੀ ਮੌਤ, ਇੱਕ ਦੀ ਹਾਲਤ ਨਾਜੁਕ
ਅਸ਼ੋਕ ਵਰਮਾ , ਬਠਿੰਡਾ 31 ਮਾਰਚ 2023
ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਸ਼ੱਕੀ ਹਾਲਤਾਂ ਵਿੱਚ ਝੀਲ ਵਿੱਚ ਛਾਲ ਮਾਰ ਦਿੱਤੀ । ਤਿੰਨਾਂ ਜਣਿਆਂ ਨੂੰ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ 2 ਜਣਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਇੱਕ ਜਣੇ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਜਿਸ ਦਾ ਇਲਾਜ ਜਾਰੀ ਹੈ। ਇਹ ਮੰਦਭਾਗੀ ਘਟਨਾ ਬਠਿੰਡਾ ਸ਼ਹਿਰ ਅੰਦਰ, ਸਵੇਰੇ-ਸਵੇਰੇ ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਸਵੇਰੇ ਇਕ ਔਰਤ ਸਣੇ ਤਿੰਨ ਜਣਿਆਂ ਨੇ ਝੀਲ ਨੰਬਰ-3 ‘ਚ ਛਾਲ ਮਾਰ ਦਿੱਤੀ। ਇਰਦ-ਗਿਰਦ ਵਾਲੇ ਲੋਕਾਂ ਨੇ,ਉਨਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ। ਸੂਚਨਾ ਮਿਲਦਿਆਂ ਪੁਲਿਸ ਪਾਰਟੀ ਵੀ ਮੌਕੇ ‘ਤੇ ਪਹੁੰਚ ਗਈ। ਸਾਰਿਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮਾਂ-ਪੁੱਤ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਪਿਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ਦੀ ਪਹਿਚਾਣ ਕੈਲਾਸ਼ ਰਾਣੀ ਅਤੇ ਉਸ ਦੇ ਪੁੱਤਰ ਪਬਨਿਸ਼ ਕੁਮਾਰ ਵਜੋਂ ਹੋਈ ਹੈ, ਜਦਕਿ ਪਰਿਵਾਰ ਦਾ ਮੁਖੀ ਸੁਰਿੰਦਰ ਕੁਮਾਰ ਹਾਲੇ ਗੰਭੀਰ ਹਾਲਤ ਵਿੱਚ ਹੈ। ਪਰਿਵਾਰ ਦੇ ਕਰੀਬੀ ਦੋਸਤ ਪ੍ਰਵੀਨ ਅਨੁਸਾਰ ਉਸ ਨੂੰ ਸੁਰਿੰਦਰ ਕੁਮਾਰ ਦਾ ਫੋਨ ਆਇਆ ਸੀ। ਉਸ ਨੇ ਅਲਵਿਦਾ ਕਹਿੰਦਿਆਂ ਫੋਨ ਕੱਟ ਦਿੱਤਾ ਤੇ ਆਹ ਭਾਣਾ ਵਰਤ ਗਿਆ। ਪ੍ਰਵੀਨ ਨੇ ਦੱਸਿਆ ਕਿ ਸੁਰਿੰਦਰ ਪ੍ਰਿੰਟਿੰਗ ਪ੍ਰੈਸ ਵਿੱਚ ਕੰਮ ਕਰਦਾ ਸੀ ਤੇ ਉਸ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਜਿਸ ਕਾਰਣ ਉਹ ਤੇ ਉਹਦਾ ਪਰਿਵਾਰ ਕਈ ਦਿਨਾਂ ਤੋਂ ਕਾਫੀ ਪਰੇਸ਼ਾਨੀ ਵਿੱਚੋਂ ਲੰਘ ਰਿਹਾ ਸੀ। ਪੁਲਿਸ ਨੇ ਦੋਵੇਂ ਲਾਸ਼ਾਂ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾਉਣ ਦੀ ਪ੍ਰਕਿਰਿਆ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਹਾਲੇ ਤੱਕ ਆਤਮ ਹੱਤਿਆ ਕਰਨ ਦੇ ਅਸਲੀ ਕਾਰਣ ਦਾ ਭੇਦ ਬਣਿਆ ਹੋਇਆ ਹੈ। ਪੁਲਿਸ ਪੂਰੇ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕਰ ਰਹੀ ਹੈ।