ਹਰਿੰਦਰ ਨਿੱਕਾ , ਬਰਨਾਲਾ 9 ਮਾਰਚ 2023
6 ਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਾ ਕਰਨ ਕਰਕੇ ਪਨਸਪ ਮੁਲਾਜਮਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹੁਣ ਪੇਅ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਵਾਉਣ ਲਈ ਜੂਝ ਰਹੇ ਮੁਲਾਜਮਾਂ ਨੇ ਸਰਕਾਰ ਨੂੰ ਘੁਰਕੀ ਦਿੰਦਿਆਂ ਕਿਹਾ ਹੈ ਕਿ ਜੇਕਰ 23 ਮਾਰਚ ਤੱਕ ਉਨਾਂ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਫਿਰ ਪਨਸਪ ਮੁਲਾਜਮ 24 ਮਾਰਚ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦੇਣਗੇ ਅਤੇ ਕਣਕ ਦੇ ਸੀਜਨ ਦੇ ਕੰਮਾਂ ਦਾ ਵੀ ਮੁਕੰਮਲ ਬਾਈਕਾਟ ਕਰਨ ਨੂੰ ਮਜਬੂਰ ਹੋਣਗੇ। ਮੀਡੀਆ ਨੂੰ ਇਹ ਜਾਣਕਾਰੀ 6ਵਾਂ ਪੇਅ ਕਮਿਸ਼ਨ ਤਾਲਮੇਲ ਕਮੇਟੀ ਪਨਸਪ (ਪੰਜਾਬ) ਦੇ ਮੈਂਬਰ ਮਨਿੰਦਰ ਸਿੰਘ ਬਰਨਾਲਾ ਨੇ ਪ੍ਰ੍ਰੈਸ ਨੋਟ ਜਰੀਏ ਦਿੱਤੀ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਸਾਰੇ ਵਿਭਾਗਾਂ ਵਿੱਚ ਅਤੇ ਬਾਕੀ ਖਰੀਦ ਏਜੰਸੀਆਂ (ਮਾਰਕਫੈੱਡ,ਪਨਗ੍ਰੇਨ ਆਦਿ) ਨੂੰ 6ਵੇਂ ਪੇਅ ਕਮਿਸ਼ਨ ਦੀਆਂ ਸਿਫਾਰਿਸ਼ਾ ਕਾਫੀ ਸਮੇਂ ਪਹਿਲਾਂ ਹੀ ਲਾਗੂ ਕੀਤੀਆਂ ਜਾ ਚੁੱਕੀਆਂ ਹਨ। ਪਨਸਪ ਵਿੱਚ 6 ਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾ ਲਾਗੂ ਨਾ ਕਰਨ ਕਾਰਣ ਪਨਸਪ ਪੰਜਾਬ ਦੇ ਸਮੂਹ ਮੁਲਾਜਮ ਮਿਤੀ 03.03.2023 ਤੋਂ ਮੁਕੰਮਲ ਹੜਤਾਲ ਤੇ ਚਲੇ ਗਏ ਸਨ। ਮਿਤੀ 07.03.2023 ਨੂੰ ਮੈਨੇਜਿੰਗ ਡਾਇਰੈਕਟਰ ਪਨਸਪ ਵੱਲੋਂ 6 ਵਾਂ ਤਨਖਾਹ ਕਮਿਸ਼ਨ ਤਾਲਮੇਲ ਕਮੇਟੀ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਕੋਈ ਸਿੱਟਾ ਨਾ ਨਿੱਕਲਣ ਕਾਰਨ ਪਨਸਪ ਮੁਲਾਜਮਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ। ਉਨਾਂ ਦੱਸਿਆ ਕਿ ਮੈਨੇਜਮੈਂਟ ਵੱਲੋਂ ਪੱਤਰ ਨੰ:ਅਮਲਾ/ਯੂਨੀਅਨ/2023/ਸਪੈਸ਼ਲ-1 ਮਿਤੀ 08.03.2023 ਰਾਹੀਂ ਪਸਨਪ ਦੇ ਸਮੂਹ ਮੁਲਾਜਮਾਂ ਨੂੰ ਪੇਅ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਵਾਉਣ ਲਈ ਭਰੋਸਾ ਦਿੱਤਾ ਗਿਆ ਹੈ। ਜਿਸ ਵਿੱਚ ਕਿਹਾ ਗਿਆ ਕਿ ਵਿੱਤ ਵਿਭਾਗ ਵੱਲੋਂ ਲਗਾਈਆਂ Observations ਦੂਰ ਕਰਵਾਉਣ ਲਈ 15 ਤੋਂ 20 ਦਿਨ ਦਾ ਸਮਾਂ ਲੱਗ ਸਕਦਾ ਹੈ। ਇਸ ਸਬੰਧੀ ਕਮੇਟੀ ਵੱਲੋਂ ਮੈਨੇਜਮੈਂਟ ਉੱਪਰ ਭਰੋਸਾ ਜਤਾਉਂਦੇ ਹੋਏ ਮਿਲੇ ਭਰੋਸੇ ਉੱਪਰ ਮੈਨੇਜਮੈਂਟ ਨੂੰ ਪੇਅ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਵਾਉਣ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।
ਉਨਾਂ ਦੱਸਿਆ ਕਿ 6ਵਾਂ ਤਨਖਾਹ ਕਮਿਸ਼ਨ ਤਾਲਮੇਲ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਮੈਨੇਜਮੈਂਟ ਵੱਲੋਂ ਦਿੱਤਾ ਪੱਤਰ ਜਾਰੀ ਹੋਣ ਤੋਂ 15 ਦਿਨ ਮਿਤੀ 23.03.2023 ਤੱਕ ਮੁਲਾਜਮਾਂ ਵੱਲੋਂ ਕੀਤੀ ਗਈ ਹੜਤਾਲ ਨੂੰ ਮੁਲਤਵੀ ਕੀਤਾ ਗਿਆ ਹੈ। ਪਰੰਤੂ ਜੇਕਰ ਮੈਨੇਜਮੈਂਟ ਮਿੱਥੇ ਸਮੇਂ ਅੰਦਰ-ਅੰਦਰ ਪੇਅ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਨਹੀ ਕਰਵਾ ਪਾਉਂਦੀ ਤਾਂ ਮਿਤੀ 24.03.2023 ਤੋਂ ਪਨਸਪ ਦੇ ਮੁਲਾਜਮ ਸੰਘਰਸ਼ ਨੂੰ ਵਿੱਢਦੇ ਹੋਏ ਪਨਸਪ ਦੇ ਸਮੂਹ ਮੁਲਾਜਮ ਪੰਜਾਬ ਦੇ ਸਾਰੇ ਜਿਲ੍ਹਿਆ ਵਿੱਚ ਅਣਮਿੱਥੇ ਸਮੇਂ ਲਈ ਮੁੜ ਤੋਂ ਹੜਤਾਲ ਤੇ ਜਾਣ ਲਈ ਮਜਬੂਰ ਹੋਣਗੇ ਅਤੇ ਕਮੇਟੀ ਵੱਲੋਂ ਮੁੱਖ ਦਫਤਰ ਵਿਖੇ ਭੁੱਖ ਹੜਤਾਲ ਦੀ ਸੂਰੁਆਤ ਕੀਤੀ ਜਾਵੇਗੀ। ਸਮੂਹ ਮੁਲਾਜਮਾਂ ਵੱਲੋਂ ਕਣਕ ਸੀਜਨ 2023-24 ਦੀ ਖਰੀਦ ਅਤੇ ਬਾਕੀ ਕੰਮਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ । ਤਾਲਮੇਲ ਕਮੇਟੀ ਨੇ ਕਿਹਾ ਕਿ ਇਸ ਦੌਰਾਨ ਸਰਕਾਰ ਅਤੇ ਨਿਗਮ ਨੂੰ ਜੇਕਰ ਕਿਸੇ ਵੀ ਕਿਸਮ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਪਨਸਪ ਮੁਲਾਜਮ ਜਿੰਮੇਵਾਰ ਨਹੀ ਹੋਣਗੇ। ਇਸ ਮੌਕੇ 6ਵਾਂ ਪੇਅ ਕਮਿਸ਼ਨ ਤਾਲਮੇਲ ਕਮੇਟੀ ਪਨਸਪ (ਪੰਜਾਬ) ਦੇ ਮੈਂਬਰ ਗਗਨਦੀਪ ਸਿੰਘ ਸੇਖੋਂ (ਫਾਜ਼ਿਲਕਾ) ਅਮਨਦੀਪ ਸਿੰਘ ਸਹੋਤਾ (ਹੈਡ ਆਫਿਸ) ਰਜਿੰਦਰ ਸਿੰਘ ਸੱਗੂ (ਸੰਗਰੂਰ) ਰਣਜੀਤ ਸਿੰਘ ਸਹੋਤਾ (ਮੋਗਾ) ਸ਼ਿਵਦੇਵ ਸਿੰਘ (ਅੰਮ੍ਰਿਤਸਰ) ਸਲਿਲ ਸੋਨੀ (ਲੁਧਿਆਣਾ) ਕੁਲਦੀਪ ਕੁਮਾਰ (ਗੁਰਦਾਸਪੁਰ-ਪਠਾਨਕੋਟ) ਪ੍ਰਵੀਨ (ਪਟਿਆਲਾ) ਅਜੇ ਪਠਾਨੀਆਂ ਆਦਿ ਮੌਜੂਦ ਸਨ।