ਰਘਵੀਰ ਹੈਪੀ , ਬਰਨਾਲਾ, 20 ਫਰਵਰੀ 2023
ਰਾਂਚੀ (ਝਾਰਖੰਡ) ਵਿਖੇ 10ਵੀਂ ਭਾਰਤੀ ਓਪਨ ਪੈਦਲ ਤੋਰ ਮੁਕਾਬਲੇ ਵਿਚ ਨਵਾਂ ਨੈਸ਼ਨਲ ਰਿਕਾਰਡ ਬਣਾਉਂਦਿਆਂ ਓਲੰਪਿਕ ਤੇ ਏਸ਼ੀਅਨ ਖੇਡਾਂ ਲਈ ਕੁਆਲੀਫਾਈ ਹੋਏ ਪਿੰਡ ਕਾਹਨੇਕੇ ਦੇ ਜੰਮਪਲ ਅਥਲੀਟ ਅਕਸ਼ਦੀਪ ਸਿੰਘ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਵੱਲੋਂ ਪ੍ਰੇਰਣਾਤਮਕ ਭਾਸ਼ਣ ਲਈ ਜੂਮ ਮੀਟਿੰਗ ਰਾਹੀਂ ਵਿਦਿਆਰਥੀਆਂ ਦੇ ਰੂ-ਬ-ਰੂ ਕੀਤਾ ਗਿਆ।
ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਅਥਲੀਟ ਅਕਸ਼ਦੀਪ ਸਿੰਘ ਨੇ ਕਿਹਾ ਕੇ ਭਾਰਤੀ ਸੈਨਾ ਵਿਚ ਭਰਤੀ ਹੋਣ ਦਾ ਸੁਪਨਾ ਮਨ ਵਿੱਚ ਪਾਲਦਿਆਂ ਉਹ ਪਿੰਡ ਕਾਹਨੇਕੇ ਦੀਆਂ ਗਲੀਆਂ, ਪਹੀਆਂ ਅਤੇ ਪਟੜੀਆਂ ‘ਤੇ ਦੌੜਿਆ। ਇੱਕ ਸਾਧਾਰਨ ਕਿਸਾਨ ਪਰਿਵਾਰ ਤੋਂ ਹੋਣ ਕਰਕੇ ਆਰਥਿਕ ਤੌਰ ‘ਤੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਿਰਫ਼ ਡੇਢ ਏਕੜ ਜ਼ਮੀਨ ਹੋਣ ਕਾਰਣ ਉਨ੍ਹਾਂ ਦੇ ਪਿਤਾ ਗੁਰਜੰਟ ਸਿੰਘ ਟਰਾਈਡੈਂਟ ਫੈਕਟਰੀ ਵਿੱਚ ਨੌਕਰੀ ਕਰਦੇ ਹਨ ਤੇ ਮਾਤਾ ਰੁਪਿੰਦਰ ਕੌਰ ਸਕੂਲ ਵਿੱਚ ਆਂਗਨਵਾੜੀ ਵਰਕਰ ਹਨ, ਜਿਨ੍ਹਾਂ ਨੇ ਤੰਗੀਆਂ-ਤੁਰਸ਼ੀਆਂ ਝੱਲਦੇ ਆਪਣੇ ਖਰਚੇ ਵਿਚੋਂ ਬੱਚਤ ਕਰਦਿਆਂ ਅਤੇ ਕਰਜ਼ਾ ਲੈ ਕੇ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਸਖ਼ਤ ਮਿਹਨਤ ਕੀਤੀ। ਉਨ੍ਹਾਂ ਕਿਹਾ ਕੇ ਉਨ੍ਹਾਂ ਦਾ ਹੁਣ ਇੱਕੋ ਇੱਕ ਮਕਸਦ ਆਉਣ ਵਾਲੀਆਂ ਉਲੰਪਿਕ ਖੇਡਾਂ ਵਿਚ ਭਾਰਤ ਦੀ ਝੋਲੀ ਵਿੱਚ ਸੋਨੇ ਦਾ ਤਮਗਾ ਪਾਉਣਾ ਹੈ। ਉਨ੍ਹਾਂ ਕਿਹਾ ਕਿ ਪੈਰਿਸ ਓਲੰਪਿਕ 2024 ਲਈ ਦੇਸ਼ ਲਈ ਅਥਲੈਟਿਕਸ ਵਿੱਚੋਂ ਕੁਆਲੀਫਾਈ ਕਰਨ ਵਾਲੇ ਉਹ ਪਹਿਲੇ ਹਨ।
ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਕੋਈ ਵੀ ਪ੍ਰਾਪਤੀ ਇੱਕ ਦਿਨ ਵਿੱਚ ਨਹੀਂ ਹੋ ਸਕਦੀ। ਇਸ ਲਈ ਸਖ਼ਤ ਮਿਹਨਤ, ਸਵੈ ਵਿਸ਼ਵਾਸ, ਆਪਣੇ ਗੁਰੂ, ਅਧਿਆਪਕ ਅਤੇ ਕੋਚ ਦੇ ਸਤਿਕਾਰ ਅਤੇ ਸਮਰਪਣ ਭਾਵ ਦਾ ਹੋਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਦਿੱਤੀ ਗਈ ਵਿੱਤੀ ਸਹਾਇਤਾ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਨੇ ਕਿਹਾ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਖੇਤਰ ਦਾ ਹੀਰਾ ਪੁੱਤ ਉਲੰਪਿਕ ਖੇਡਾਂ ਵਿੱਚ ਕੁਆਲੀਫਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਹਰੇਕ ਪਿੰਡ ਵਿੱਚ ਹਰੇਕ ਹੁਨਰ ਛੁੱਪਿਆ ਪਿਆ ਹੈ। ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਅਥਲੀਟ ਅਕਸ਼ਦੀਪ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਹਰਕੰਵਲਜੀਤ ਕੌਰ, ਪ੍ਰਿੰਸੀਪਲ ਰਾਕੇਸ਼ ਕੁਮਾਰ, ਹੈਡਮਾਸਟਰ ਪਰਦੀਪ ਸ਼ਰਮਾ ਕਾਹਨੇਕੇ, ਐਥਲੀਟ ਅਕਸ਼ਦੀਪ ਦੇ ਪਿਤਾ ਗੁਰਜੰਟ ਸਿੰਘ, ਡੀਐੱਮ (ਸਪੋਰਟਸ) ਸਿਮਰਦੀਪ ਸਿੰਘ, ਲੈਕਚਰਾਰ ਮੈਡਮ ਰੇਨੂੰ ਬਾਲਾ, ਡੀਐਮ ਗਣਿਤ ਕਮਲਦੀਪ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਤੇ ਅਧਿਆਪਕ ਜ਼ੂਮ ਮੀਟਿੰਗ ਰਾਹੀਂ ਹਾਜ਼ਰ ਰਹੇ।