ਉਹ ਪਿਆਰ ਜੋ ਸਿਰੇ ਨਾ ਚੜ੍ਹ ਸਕਿਆ
ਹਰਿੰਦਰ ਨਿੱਕਾ , ਪਟਿਆਲਾ 17 ਫਰਵਰੀ 2023
ਪਹਿਲਾਂ ਪਿਆਰ, ਫਿਰ ਵਿਆਹ ਦਾ ਕਰਾਰ ਤੇ ਬਾਅਦ ਵਿੱਚ ਧੋਖਾ ਹੋਣ ਦੇ ਉਲਾਂਭਿਆਂ ਨਾਲ ਭਰੇ ਕਿੱਸੇ ਕਹਾਣੀਆਂ ਅਕਸਰ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ, ਪਰ ਸ਼ਾਹੀ ਸ਼ਹਿਰ ਅੰਦਰ ਪਿਆਰ ਵਿੱਚ ਧੋਖਾ ਹੋਣ ਤੋਂ ਪ੍ਰੇਸ਼ਾਨ ਕੁੜੀ ਨੇ ਆਪਣੇ ਪ੍ਰੇਮੀ ਲੜਕੇ ਦੇ ਘਰ ਪਹੁੰਚ ਕੇ ਗਲ ਫਾਹਾ ਲੈ ਕੇ ਜਿੰਦਗੀ ਨੂੰ ਹੀ ਅਲਵਿਦਾ ਕਹਿ ਦਿੱਤਾ। ਪੁਲਿਸ ਨੇ ਮ੍ਰਿਤਕ ਲੜਕੀ ਦੀ ਮਾਂ ਦੇ ਬਿਆਨ ਤੇ ਦੋਸ਼ੀ ਲੜਕੇ ਤੇ ਉਸ ਦੀ ਮਾਂ ਸਣੇ ਪਰਿਵਾਰ ਦੇ ਹੋਰ ਮੈਂਬਰਾਂ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਦੇ ਜੁਰਮ ਵਿੱਚ ਕੇਸ ਦਰਜ਼ ਕਰ ਦਿੱਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਦੀ ਦੋਸ਼ੀ ਮਜੈਲ ਸਿੰਘ ਪੁੱਤਰ ਰਾਮ ਸਿੰਘ ਵਾਸੀ ਵਿਕਾਸ ਨਗਰ ਪਟਿਆਲਾ ਨਾਲ ਦੋਸਤੀ ਸੀ ‘ਤੇ ਉਹ ਦੋਸ਼ੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਪਰੰਤੂ ਦੋਸ਼ੀ ਨੇ ਮੇਰੀ ਲੜਕੀ ਨੂੰ ਧੋਖਾ ਦੇ ਕੇ ਆਪਣੇ ਪਰਿਵਾਰਿਕ ਮੈਬਰਾਂ ਦੇ ਕਹਿਣ ਤੇ ਕਿਸੇ ਹੋਰ ਕੁੜੀ ਨਾਲ ਮੰਗਣੀ ਕਰਾ ਲਈ ਸੀ, ਜਦੋਂ ਲੜਕੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਈ। ਆਖਿਰ ਦੋਸ਼ੀਆਂ ਤੋਂ ਤੰਗ ਆ ਕੇ ਉਸ ਨੇ ਦੋਸ਼ੀ ਦੇ ਘਰ ਪਹੁੰਚ ਕੇ ਢਾਹਾ ਲੈ ਕੇ ਆਤਮਹੱਤਿਆ ਕਰ ਲਈ। ਥਾਣਾ ਤ੍ਰਿਪੜੀ ਦੇ ਐਸ.ਐਚ.ੳ. ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਦੇ ਬਿਆਨ ਪਰ, ਦੋਸ਼ੀ ਲੜਕੇ ਮਜੈਲ ਸਿੰਘ, ਉਸਦੀ ਮਾਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਵਿਰੁੱਧ ਅਧੀਨ ਜੁਰਮ 306/34 ਆਈ.ਪੀ.ਸੀ. ਤਹਿਤ ਕੇਸ ਦਰਜ਼ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।