ਮਿਹਣੋ – ਮਿਹਣੀ ਹੋ ਗਏ BKU ਡਕੌਂਦਾ ਦੇ ਵੱਡੇ ਲੀਡਰ

Advertisement
Spread information

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੂੰ ਮੁਅੱਤਲ ਅਤੇ ਤਿੰਨ ਹੋਰ ਆਗੂਆਂ ਨੂੰ ਬਰਖ਼ਾਸਤ ਕਰਨ ਦੀ ਸਖ਼ਤ ਨਿਖੇਧੀ

ਐਸਕੇਐਮ ਵੱਲੋਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੂੰ ਜਾਰੀ ਕੀਤਾ ਪੱਤਰ ਵਿਚਾਰਨ ਤੋਂ ਲੀਡਰਸ਼ਿਪ ਹੋਈ ਭਗੌੜੀ

ਲੀਡਰਸ਼ਿਪ ਦੀ ਫੁੱਟ ਪਾਊ , ਗੈਰਸੰਵਿਧਾਨਕ, ਗੈਰ ਜਥੇਬੰਦਕ,ਗੁੱਟਬੰਦਕ ਕਾਰਵਾਈ ਨੂੰ ਹੇਠਲੇ ਅਦਾਰਿਆਂ ਵਿੱਚ ਲੈਕੇ ਜਾਣ ਦਾ ਐਲਾਨ – ਗੁਰਦੀਪ ਸਿੰਘ ਰਾਮਪੁਰਾ

ਦਸ ਦਿਨਾਂ ਤੱਕ ਜਨਰਲ ਕੌਂਸਲ ਬੁਲਾਕੇ ਜਥੇਬੰਦੀ ਦੇ ਸੰਵਿਧਾਨ ਨੂੰ ਬੁਲੰਦ ਕੀਤਾ ਜਾਵੇਗਾ

ਹਰਿੰਦਰ ਨਿੱਕਾ , ਬਰਨਾਲਾ 2 ਜਨਵਰੀ 2023

    ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅੱਜ ਤਰਕਸ਼ੀਲ ਭਵਨ ਬਰਨਾਲਾ ਵਿਖੇ ਐਸਕੇਐਮ ਵੱਲੋਂ ਬੂਟਾ ਸਿੰਘ ਬੁਰਜਗਿੱਲ ਨੂੰ ਕੇਂਦਰੀ ਸਰਕਾਰ ਅਤੇ ਉਸ ਦੀਆਂ ਏਜੰਸੀਆਂ ਨਾਲ ਮਿਲਕੇ ਗੈਰ ਅਸੂਲੀ ਸਮਝੌਤਾ ਕਰਨ ਅਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਫੁੱਟ ਪਾਉਣ ਲਈ ਜਾਰੀ ਕੀਤੀ ਹੋਈ ਚਿੱਠੀ ਸਬੰਧੀ ਹੋਣ ਵਾਲੀ ਵਿਚਾਰ ਚਰਚਾ ਅੱਜ ਮੂਹਰਲੀ ਕਤਾਰ ਦੇ ਲੀਡਰਾਂ ਦੀ  ਮਿਹਣੋ ਮਿਹਣੀ ਦੀ ਭੇਟ ਚੜ੍ਹ ਗਈ। ਚਿੱਠੀ ਉੱਪਰ ਵਿਚਾਰ ਚਰਚਾ ਦੀ ਥਾਂ ਮੀਟਿੰਗ ਵਿੱਚ ਸੂਬਾ ਲੀਡਰਸ਼ਿਪ ਦੇ ਇੱਕ ਗੁੱਟ ਵੱਲੋਂ ਫੁੱਟ ਪਾਊ , ਗੈਰਸੰਵਿਧਾਨਕ, ਗੈਰ ਜਥੇਬੰਦਕ,ਗੁੱਟਬੰਦਕ ਅਮਲ ਰਾਹੀਂ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ। ਇਸੇ ਹੀ ਤਰ੍ਹਾਂ ਬਠਿੰਡਾ ਜ਼ਿਲ੍ਹੇ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਜੇਠੂਕੇ, ਬਰਨਾਲਾ ਜ਼ਿਲ੍ਹੇ ਦੇ ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ, ਬਲਾਕ ਬਰਨਾਲਾ ਦੇ ਜਨਰਲ ਸਕੱਤਰ ਬਾਬੂ ਸਿੰਘ ਖੁੱਡੀ ਕਲਾਂ ਨੂੰ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ। ਤਿੰਨ ਖੇਤੀ ਬਾੜੀ ਵਿਰੋਧੀ ਕਾਨੂੰਨਾਂ ਖਿਲਾਫ਼ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਜਗਮੋਹਨ ਸਿੰਘ ਪਟਿਆਲਾ ਅਤੇ ਗੁਰਮੀਤ ਸਿੰਘ ਭੱਟੀਵਾਲ ਵੱਲੋਂ ਕੇਂਦਰੀ ਏਜੰਸੀਆਂ ਅਤੇ ਸਰਕਾਰ ਨਾਲ ਮਿਲ ਕੇ ਘੋਲ ਨੂੰ ਹਰਜਾ ਪਹੁੰਚਾਉਣ ਲਈ ਕੀਤੀਆਂ ਕਾਰਵਾਈਆਂ ਖ਼ਿਲਾਫ਼ 6 ਦਸੰਬਰ,2022 ਨੂੰ ਜਾਰੀ ਕੀਤੇ ਨੋਟਿਸ ਉੱਪਰ ਵਿਚਾਰ ਕਰਨ ਤੋਂ ਭਗੌੜੀ ਹੋ ਗਈ ਅਤੇ ਮੀਟਿੰਗ ਨੂੰ ਅਧਵਾਟੇ ਹੀ ਬਰਖ਼ਾਸਤ ਕਰ ਦਿੱਤਾ। ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਪ੍ਰੈਸ ਸਕੱਤਰ ਬਲਵੰਤ ਸਿੰਘ ਉੱਪਰੀ ਅਤੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਸੂਬਾ ਪ੍ਰਧਾਨ ਬੁਰਜਗਿੱਲ ਲੰਬੇ ਸਮੇਂ ਤੋਂ ਫੁੱਟ ਪਾਊ , ਗੈਰਸੰਵਿਧਾਨਕ, ਗੈਰ ਜਥੇਬੰਦਕ,ਗੁੱਟਬੰਦਕ ਅਮਲ ਚਲਾ ਰਿਹਾ ਸੀ। ਜਥੇਬੰਦੀ ਦੇ ਅੰਦਰ ਵੱਡੀ ਗਿਣਤੀ ਵਿੱਚ ਆਗੂ ਇਨ੍ਹਾਂ ਬੁਨਿਆਦੀ ਮਸਲਿਆਂ ਦੇ ਹੱਲ ਲਈ ਜਥੇਬੰਦਕ ਮਰਿਆਦਾ ਅਨੁਸਾਰ ਵਿਚਾਰਨ ਦੀ ਮੰਗ ਕਰਦੇ ਆਏ ਹਾਂ। ਪਰ ਬੂਟਾ ਸਿੰਘ ਬੁਰਜਗਿੱਲ ਅਤੇ ਇਸ ਦੇ ਗੁੱਟ ਦੇ ਮੈਂਬਰ ਜਗਮੋਹਨ ਸਿੰਘ ਪਟਿਆਲਾ ਅਤੇ ਗੁਰਮੀਤ ਸਿੰਘ ਭੱਟੀਵਾਲ ਲਗਾਤਾਰ ਇਸ ਮਸਲੇ ਨੂੰ ਵਿਚਾਰਨ ਤੋਂ ਟਾਲਾ ਵੱਟਦੇ ਆ ਰਹੇ ਸਨ। ਇਹਨਾਂ ਆਗੂਆਂ ਖ਼ਿਲਾਫ਼ ਕਾਰਵਾਈ ਕਰਨ ਦਾ ਮਕਸਦ ਸਰਕਾਰ ਅਤੇ ਏਜੰਸੀਆਂ ਰਾਹੀਂ ਧੋਖੇ ਭਰੀ ਸਾਜ਼ਿਸ਼ ਰਾਹੀਂ ਸਾਡੀ ਜਥੇਬੰਦੀ ਅਤੇ ਸਾਂਝੀ ਕਿਸਾਨ ਲਹਿਰ ਨੂੰ ਹਰਜਾ ਪਹੁੰਚਾਉਣ ਵਾਲੀ ਸੂਬਾ ਪ੍ਰਧਾਨ ਦੇ ਗੁੱਟ ਵੱਲੋਂ ਕੀਤੀ ਕਾਰਵਾਈ ਹੈ। ਅਸੀਂ ਇਸ ਇਸ ਧੱਕੇ ਸ਼ਾਹੀ ਨੂੰ ਲੋਕ ਸੱਥਾਂ ਵਿੱਚ ਲੈਕੇ ਜਾਵਾਂਗੇ। ਦਸ ਦਿਨਾਂ ਦੇ ਅੰਦਰ ਅੰਦਰ ਜਥੇਬੰਦੀ ਦੇ ਸੁਪਰੀਮ ਅਦਾਰੇ ਜਨਰਲ ਕੌਂਸਲ ਬੁਲਾਕੇ ਅਗਲੇ ਕਦਮ ਦਾ ਐਲਾਨ ਕੀਤਾ ਜਾਵੇਗਾ।

Advertisement
Advertisement
Advertisement
Advertisement
Advertisement
Advertisement
error: Content is protected !!