ਹਰਿੰਦਰ ਨਿੱਕਾ , ਬਰਨਾਲਾ 27 ਜਨਵਰੀ 2023
ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਦਿਨ ਰਾਤ ਜੂਝਦੇ ਕਿਸਾਨਾਂ ਦੀ ਅਵਾਜ ਬੁਲੰਦ ਕਰਨ ਲਈ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫਤਰ ਅੱਗੇ ਪ੍ਰਦਰਸ਼ਨ ਕਰਨ ਪਸ਼ੂਆਂ ਦੀਆਂ ਭਰੀਆਂ ਟ੍ਰੈਕਟਰ ਟ੍ਰਾਲੀਆਂ ਸਮੇਤ ਪਹੁੰਚੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਪ੍ਰਸ਼ਾਸ਼ਨ ਨੂੰ ਵੀ ਵਖਤ ਪਾ ਦਿੱਤਾ। ਰੋਹ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਸੰਕੇਤਕ ਤੌਰ ਤੇ ਕੁੱਝ ਪਸ਼ੂ ਪ੍ਰਬੰਧਕੀ ਕੰਪਲੈਕਸ ਮੂਹਰੇ ਛੱਡ ਕੇ, ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀਆਂ ਧੜਕਣਾਂ ਤੇਜ਼ ਕਰ ਦਿੱਤੀਆਂ। ਪ੍ਰਦਰਸ਼ਨਕਾਰੀ ਨੇ ਪ੍ਰਸ਼ਾਸ਼ਨ,ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਰੇਬਾਜੀ ਵੀ ਕੀਤੀ। ਕਿਸਾਨਾਂ ਨੇ ਮੰਗ ਕੀਤੀ ਕਿ ਲਿਆਂਦੇ ਗਏ ਪਸ਼ੂ ਤਾਂ ਸਿਰਫ ਪ੍ਰਸ਼ਾਸ਼ਨ ਨੂੰ ਟ੍ਰੇਲਰ ਦਿਖਾਉਣ ਲਈ ਹੀ ਲਿਆਂਦੇ ਗਏ ਹਨ, ਜਦੋਂਕਿ ਪਿੰਡਾਂ ਅੰਦਰ ਪਸ਼ੂਆਂ ਦੀ ਗਿਣਤੀ, ਸੈਕੜਿਆਂ ਵਿੱਚ ਹੈ। ਕਿਸਾਨਾਂ ਦੇ ਰੋਹ ਨੂੰ ਸ਼ਾਂਤ ਕਰਨ ਪਹੁੰਚੀ ਤਹਿਸੀਲਦਾਰ ਦਿਵਿਆ ਸਿੰਗਲਾ ਨੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਅਵਾਰਾ ਪਸ਼ੂਆਂ ਨੂੰ ਸਾਂਭਣ ਲਈ, ਜਿਲ੍ਹਾ ਪੱਧਰੀ ਗਊਸ਼ਾਲਾ ਮਨਾਲ ਵਿਖੇ ਬਣਾਈ ਗਈ ਹੈ। ਪਰੰਤੂ ਕਿਸਾਨ ਆਗੂਆਂ ਨੇ ਮੋੜਵਾਂ ਜੁਆਬ ਦਿੰਦਿਆਂ ਕਿਹਾ ਕਿ ਸਰਕਾਰੀ ਗਊਸ਼ਾਲਾ ਵਿੱਚ ਪਹਿਲਾਂ ਤੋਂ ਰੱਖੇ ਜਾ ਰਹੇ ਪਸ਼ੂਆਂ ਲਈ ਤਾਂ ਤੂੜੀ ਦਾ ਪ੍ਰਬੰਧ ਤੱਕ ਨਹੀਂ ਹੈ। ਦਲੀਲ ਦਰ ਦਲੀਲ ਤੋਂ ਬਾਅਦ, ਪੇਚ ਫਸ ਗਿਆ ਕਿ ਟ੍ਰਾਲੀਆਂ ਵਿੱਚ ਲਿਆਂਦੇ ਪਸ਼ੂਆਂ ਨੂੰ ਸਰਕਾਰੀ ਗਊਸ਼ਾਲਾ ਤੱਕ ਪਹੁੰਚਾਉਣ ਲਈ ਡੀਜ਼ਲ ਦਾ ਖਰਚਾ ਵੀ ਪ੍ਰਸ਼ਾਸ਼ਨ ਨੂੰ ਹੀ ਕਰਨਾ ਚਾਹੀਦਾ ਹੈ। ਜਦੋਂਕਿ ਤਹਿਸੀਲਦਾਰ ਨੇ ਕਿਹਾ ਕਿ ਜਿਹੜੀਆਂ ਟ੍ਰਾਲੀਆਂ ਵਿੱਚ ਅਵਾਰਾ ਪਸ਼ੂ ਲਿਆਦੇ ਗਏ ਹਨ, ਉਨਾਂ ਟ੍ਰਾਲੀਆਂ ਰਾਹੀਂ ਹੀ, ਇਨ੍ਹਾਂ ਨੂੰ ਗਊਸ਼ਾਲਾ ਤੱਕ ਲੈ ਜਾਇਆ ਜਾਵੇ। ਜਦੋਂਕਿ ਕਿਸਾਨ ਇਸ ਜਿੱਦ ਤੇ ਅੜ ਗਏ ਕਿ ਪਸ਼ੂਆਂ ਨੂੰ ਗਊਸ਼ਾਲਾ ਤੱਕ ਲਿਜਾਣ ਲਈ ਵਹੀਕਲਾਂ ਦਾ ਪ੍ਰਬੰਧ ਪ੍ਰਸ਼ਾਸ਼ਨ ਖੁਦ ਕਰੇ। ਆਖਿਰ ਕਾਫੀ ਕਸ਼ਮਕਸ਼ ਤੋਂ ਬਾਅਦ, ਫੈਸਲਾ ਹੋਇਆ ਕਿ ਦੂਰ ਦੁਰਾਡਿਉਂ ਲਿਆਂਦੇ ਪਸ਼ੂਆਂ ਲਈ ਕੁੱਝ ਵਹੀਕਲਾਂ ਦਾ ਪ੍ਰਬੰਧ ਪ੍ਰਸ਼ਾਸ਼ਨ ਕਰ ਦੇਵੇਗਾ, ਜਦੋਂਕਿ ਬਾਕੀ ਨੇੜਲੇ ਇਲਾਕਿਆਂ ਦੇ ਕਿਸਾਨ, ਖੁਦ ਆਪਣੇ ਸਾਧਨਾਂ ਰਾਹੀਂ ਪਸ਼ੂਆਂ ਨੂੰ ਸਰਕਾਰੀ ਗਊਸ਼ਾਲਾ ਵਿੱਚ ਛੱਡ ਦੇਣ। ਜਿੰਨ੍ਹੀਂ ਦੇਰ ਤੱਕ, ਪ੍ਰਦਰਸ਼ਨਕਾਰੀਆਂ ਉੱਥੋਂ ਚਲੇ ਨਹੀਂ ਗਏ, ਉਦੋਂ ਤੱਕ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਲਈ ਸਿਰਦਰਦੀ ਬਣੀ ਰਹੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਵੀ ਦਿੱਤਾ।
ਮੰਗ ਪੱਤਰ ਵਿੱਚ ਲਿਖਿਆ ਗਿਆ ਸੀ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆ ਜ਼ਿਲ੍ਹਾ ਬਰਨਾਲਾ ਦਾ ਵਫ਼ਦ ਮੰਗ ਕਰਦਾ ਹੈ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਕਿਉਂਕਿ ਗਊਸੈੱਸ ਦੇ ਨਾਮ ਤੇ ਸਰਕਾਰ ਵਲੋਂ ਕਰੋੜਾਂ ਰੁਪਏ ਇਕੱਠਾ ਕੀਤਾ ਜਾ ਰਿਹਾ ਹੈ। ਪਰ ਅਵਾਰਾ ਡੰਗਰਾਂ ਦਾ ਸੁਚੱਜੇ ਢੰਗ ਨਾਲ ਕੋਈ ਹੱਲ ਨਹੀਂ ਹੋ ਰਿਹਾ ਹੈ। ਅਵਾਰਾ ਡੰਗਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਕਰ ਰਹੇ ਹਨ ਅਤੇ ਹਰ ਰੋਜ਼ ਵੱਡੇ ਪੱਧਰ ਤੇ ਸੜਕ ਹਾਦਸੇ ਵੀ ਹੋ ਰਹੇ ਹਨ , ਜਿਨ੍ਹਾਂ ਨਾਲ ਕੀਮਤੀ ਜਾਨਾਂ ਜਾ ਰਹੀਆਂ ਹਨ। ਦੂਸਰੇ ਪਾਸੇ ਅਵਾਰਾ ਡੰਗਰਾਂ ਤੋਂ ਫਸਲਾਂ ਦੀ ਰਾਖੀ ਦੇ ਨਾਮ ਉੱਪਰ ਪੰਜਾਬ ਵਿੱਚ ਵੱਡਾ ਮਾਫੀਆ ਚੱਲ ਰਿਹਾ ਹੈ, ਜ਼ੋ ਪਿੰਡਾਂ ਦਾ ਆਰਥਿਕ ਰੂਪ ਵਿੱਚ ਸੋਸਣ ਕਰ ਰਿਹਾ ਹੈ। ਇਸ ਨਾਲ ਪਿੰਡਾਂ ਦਾ ਆਪਸੀ ਭਾਈਚਾਰਾ ਵੀ ਖਰਾਬ ਹੋ ਰਿਹਾ ਹੈ। ਅਮਰੀਕਨ ਗਾਂ ਜ਼ੋ ਕਿ ਦੁੱਧ ਦੇ ਸਹਾਇਕ ਧੰਦੇ ਵਜੋਂ ਲਿਆਂਦੀ ਗਈ ਸੀ, ਉਹ ਵੱਡੇ ਪੱਧਰ ਤੇ ਨਕਾਰਾ ਹੋ ਚੁੱਕੀਆਂ ਹਨ, ਇਨ੍ਹਾਂ ਅਵਾਰਾ ਡੰਗਰਾਂ ਦੀ ਸਮੱਸਿਆ ਦੇ ਹੱਲ ਲਈ ਦੂਜੇ ਸੂਬਿਆਂ ਦੀ ਤਰਜ ਤੇ ਪੰਜਾਬ ਵਿੱਚ ਸਲਾਟਰ ਹਾਊਸ ਖੋਲੇ ਜਾਣ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਗਊ ਰੱਖਿਅਕ ਦੇ ਨਾਮ ਉੱਪਰ ਵੱਡੇ ਪੱਧਰ ਤੇ ਗੁੰਡਾਗਰਦੀ ਹੋ ਰਹੀ ਹੈ। ਜੋ ਵਪਾਰੀਆਂ ਅਤੇ ਡਰਾਇਵਰਾਂ ਦੀ ਕੁੱਟਮਾਰ ਕਰਵਾ ਰਹੇ ਹਨ , ਜੋ ਕਿ ਬਹੁਤ ਹੀ ਮੰਦਭਾਗੀ ਹੈ। ਇਸ ਨਾਲ ਪਸੂਆਂ ਦੀ ਕੀਮਤ ਵੀ ਪ੍ਰਭਾਵਿਤ ਹੋ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਅਤੇ ਸੂਬੇ ਦੇ ਸਾਰੇ ਵਿਧਾਇਕਾਂ ਦੇ ਗੇਟਾਂ ਅੱਗੇ ਅਵਾਰਾ ਪਸੂ ਛੱਡੇ ਜਾਣਗੇ। ਇਸ ਮੌਕੇ ਹੋਰ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ।