ਕਿਸਾਨਾਂ ਨੂੰ ਦਿੱਤੀ ਨੈਨੋ ਸ਼ਾਟ ਯੂਰੀਆ ਬਾਰੇ ਜਾਣਕਾਰੀ
ਰਘਵੀਰ ਹੈਪੀ , ਬਰਨਾਲਾ, 19 ਦਸੰਬਰ 2022
ਸਰਕਾਰ ਵੱਲੋਂ ਸਾਫ ਸੁਥਰਾ ਪ੍ਰਸ਼ਾਸਨ ਆਮ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ 19 ਦਸੰਬਰ ਤੋਂ 25 ਦਸੰਬਰ ਤੱਕ ਸੁਸ਼ਾਸਨ ਹਫਤਾ ਵਜੋਂ ਮਨਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਇਸ ਹਫਤੇ ਤਹਿਤ ਅੱਜ ਰੈੱਡ ਕਰਾਸ ਭਵਨ ਬਰਨਾਲਾ ਵਿਖੇ ਅੱਜ ਵੱਖ ਵੱਖ ਵਿਭਾਗਾਂ ਦੀ ਸਕੀਮਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਦਾ ਉਦਘਟਾਨ ਉੱਪ ਮੰਡਲ ਮੈਜਿਸਟਰੇਟ ਬਰਨਾਲਾ ਅਤੇ ਤਪਾ ਸ੍ਰੀ ਗੋਪਾਲ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ੍ਰੀ ਗੋਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਯੋਜਨਾਵਾਂ ਆਮ ਲੋਕਾਂ ਲਈ ਚਲਾਈ ਜਾ ਰਹੀਆਂ ਹਨ।
ਉਹਨਾਂ ਖੇਤੀਬਾੜੀ ਸਬੰਧੀ ਸਕੀਮਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਖਾਦ ਦੀ ਵਰਤੋਂ ਸਹੀ ਤਰੀਕੇ ਨਾਲ ਕਰਨ ਲਈ ਅਤੇ ਸਰਕਾਰੀ ਖ਼ਰਚੇ ਘਟਾਉਣ ਲਈ ਨੈਨੋ ਸ਼ਾਟ ਯੂਰੀਆ ਦੀ ਵਰਤੋਂ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਹਨਾਂ ਕਿਸਾਨਾਂ ਨੂੰ ਕਿਹਾ ਕਿ ਉਹ ਰਵਾਇਤੀ ਯੂਰੀਆ ਦੀ ਥਾਂ ਇਹ ਨਵੇ ਪ੍ਰਕਾਰ ਦਾ ਯੂਰੀਆ ਵਰਤੋਂ ਵਿਚ ਲਿਆਉਣ ਅਤੇ ਨਾਲ ਹੀ ਇਸ ਸਬੰਧੀ ਖੇਤੀ ਮਾਹਿਰਾਂ ਵੱਲੋਂ ਦਿੱਤੇ ਜਾਂਦੇ ਸੁਝਾਵਾਂ ਦੀ ਪਾਲਣਾ ਕਰਨ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਸ੍ਰੀ ਜਗਦੀਸ਼ ਸਿੰਘ ਨੇ ਵਿਭਾਗ ਵੱਲੋਂ ਕਿਸਾਨਾਂ ਨੂੰ ਮਸ਼ੀਨਾਂ ਉੱਤੇ ਦਿੱਤੀ ਜਾਣ ਵਾਲੀਆਂ ਸਬਸਿਡੀਆਂ, ਵੱਖ ਵੱਖ ਤਰੀਕੇ ਦਾ ਖੇਤੀ ਸਬੰਧੀ ਗਿਆਨ ਅਤੇ ਹੋਰ ਚੀਜ਼ਾਂ ਬਾਰੇ ਦੱਸਿਆ। ਉਹਨਾਂ ਕਿਹਾ ਕਿ ਬਰਨਾਲਾ ਦੇ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਨਾਲ ਮਿਲ ਕੇ ਕੰਮ ਕੀਤਾ ਜਾਂਦਾ ਹੈ।
ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਸ੍ਰੀ ਮਲਕੀਤ ਸਿੰਘ ਨੇ ਵਿਭਾਗ ਵੱਲੋਂ ਦਿੱਤੀ ਜਾਣ ਵਾਲੀਆਂ ਸਹੁਲਤਾਂ ਬਾਰੇ ਕਿਸਾਨਾਂ ਨੂੰ ਦੱਸਿਆ। ਮੱਛੀ ਪਾਲਣ ਅਫ਼ਸਰ ਸ੍ਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਅਤੇ ਚਲਦੇ ਕੰਮਾਂ ਚ ਵਾਧੇ ਲਈ ਸਰਕਾਰ ਵੱਲੋਂ ਮੱਛੀ ਪਾਲਕਾਂ ਦੀ ਮਦਦ ਕੀਤੀ ਜਾਂਦੀ ਹੈ। ਲੀਡ ਬੈਂਕ ਮੈਨੇਜਰ ਵੱਲੋ ਬੈਂਕ ਖਾਤੇ ਖੋਲ੍ਹਣ ਅਤੇ ਉਹਨਾਂ ਦੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ ਗਈ। ਉਹਨਾਂ ਕਿਸਾਨਾਂ ਨੂੰ ਦੱਸਿਆ ਕਿ ਉਹ ਆਸਾਨ ਕਿਸ਼ਤਾਂ ਉੱਤੇ ਕਰਜ਼ਾ ਲੈ ਕੇ ਆਪਣੇ ਕਿੱਤੇ ਚ ਵਾਧਾ ਕਰ ਸੱਕਦੇ ਨੇ। ਉਨ੍ਹਾਂ ਇਸ ਮੌਕੇ ਸਰਕਾਰ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਅਤੇ ਪਾਲਿਸੀਆਂ ਬਾਰੇ ਵੀ ਜਾਣੂ ਕਰਵਾਇਆ।
ਸੁਸ਼ਾਸਨ ਹਫਤਾ ਤਹਿਤ ਲੱਗਣ ਵਾਲੇ ਕੈਂਪਾਂ ਦੇ ਵੇਰਵੇ
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 19 ਤੋਂ 25 ਦਸੰਬਰ ਤੱਕ ਸੁਸ਼ਾਸਨ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਜ਼ਿਲ੍ਹਾ ਬਰਨਾਲਾ ਚ ਵੱਖ ਵੱਖ ਥਾਵਾਂ ਉੱਤੇ ਜਨ ਸੁਵਿਧਾ ਕੈਂਪ ਲਗਾਏ ਜਾਣਗੇ | ਕੈੰਪਾਂ ਸਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ 20 ਦਸੰਬਰ ਨੂੰ ਸਬ ਡਵੀਜ਼ਨ ਤਪਾ ਵਿਖੇ, 21 ਦਸੰਬਰ ਨੂੰ ਬੀ. ਡੀ. ਪੀ. ਓ ਦਫਤਰ ਮਹਿਲ ਕਲਾਂ ਵਿਖੇ, 22 ਦਸੰਬਰ ਨੂੰ ਮਾਰਕੀਟ ਕਮੇਟੀ ਦਫਤਰ ਭਦੌੜ ਵਿਖੇ ਤੇ 24 ਅਤੇ 25 ਦਸੰਬਰ ਨੂੰ ਰੈੱਡ ਕਰਾਸ ਭਵਨ ਬਰਨਾਲਾ ਵਿਖੇ ਇਹ ਕੈਮ੍ਪ ਲਗਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਬਰਨਾਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈੰਪਾਂ ਵਿਚ ਹਿੱਸਾ ਲੈਣ ਅਤੇ ਆਪਣੀ ਦਿਲਚਸਪੀ ਤੇ ਲੋੜ ਮੁਤਾਬਕ ਸੂਚਨਾ ਲੈ ਸਕਦੇ ਹਨ ।