ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ: ਖੇਡ ਮੰਤਰੀ ਮੀਤ ਹੇਅਰ ਨੇ ਕੀਤਾ ਆਗਾਜ਼
ਤਿੰਨ ਰੋਜ਼ਾ ਅਥਲੈਟਿਕ ਮੀਟ ’ਚ 1700 ਦੇ ਕਰੀਬ ਅਥਲੀਟ ਲੈ ਰਹੇ ਨੇ ਹਿੱਸਾ
ਸੋਨੀ ਪਨੇਸਰ , ਬਰਨਾਲਾ, 5 ਦਸੰਬਰ 2022
ਜ਼ਿਲ੍ਹੇ ਦੇ ਖਿਡਾਰੀ ਜਿੱਥੇ ਸਕੂਲੀ ਖੇਡਾਂ ਵਿੱਚ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਹੀ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਜ਼ਿਲ੍ਹੇ ਨੇ 84 ਤਗਮੇ ਰਾਜ ਪੱਧਰੀ ਮੁਕਾਬਲਿਆਂ ’ਚ ਹਾਸਲ ਕੀਤੇ ਹਨ, ਜੋ ਸਾਡੇ ਲਈ ਵੱਡੇ ਮਾਣ ਵਾਲੀ ਗੱਲ ਹੈ।
ਇਹ ਪ੍ਰਗਟਾਵਾ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਵਿਖੇ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ 66ਵੀਂ ਅਥਲੈਟਿਕ ਮੀਟ (ਅੰਤਰ ਜ਼ੋਨ) ਦੇ ਉਦਘਾਟਨ ਮੌਕੇ ਕੀਤਾ। ਇਸ ਮੌਕੇ ਜ਼ਿਲ੍ਹੇ ਦੇ 10 ਜ਼ੋਨਾਂ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ।
ਇਸ ਮੌਕੇ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਮਗਰੋਂ ਹੁਣ ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ ਸਾਰੇ ਜ਼ਿਲਿ੍ਹਆਂ ਵਿਚ ਕਰਵਾਈ ਜਾ ਰਹੀ ਹੈ, ਜਿਸ ਮਗਰੋਂ ਰਾਜ ਪੱਧਰ ’ਤੇ ਮੁਕਾਬਲੇ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਸੂਬੇ ਦੀ ਨੌਜਵਾਨੀ ਨੂੰ ਖੇਡਾਂ ਵੱਲ ਜੋੜਿਆ ਜਾਵੇ ਤਾਂ ਜੋ ਸਿਹਤਯਾਬ ਤੇ ਖੁਸ਼ਹਾਲ ਸੂਬੇ ਦੀ ਸਿਰਜਣ ਹੋਵੇ, ਇਸੇ ਉਦੇਸ਼ ਤਹਿਤ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤੇ ਪਿੰਡਾਂ ਵਿਚ ਖੇਡ ਦੇ ਮੈਦਾਨ ਬਣਾਉਣ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਜ਼ਿਲ੍ਹਾ ਬਰਨਾਲਾ ਦੀ ਝੋਲੀ 21 ਸੋਨ ਤਗਮੇ, 21 ਚਾਂਦੀ ਦੇ ਤਗਮੇ ਤੇ 42 ਕਾਂਸੀ ਦੇ ਤਗਮੇ ਪਏ ਹਨ, ਜੋ ਮਾਣ ਵਾਲੀ ਗੱਲ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਮੈਡਮ ਰੇਨੂੰ ਬਾਲਾ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਅਥਲੈਟਿਕ ਮੀਟ ਵਿੱਚ 1700 ਦੇ ਕਰੀਬ ਅਥਲੀਟ ਹਿੱਸਾ ਲੈ ਰਹੇ ਹਨ ਤੇ ਇਹ ਖੇਡਾਂ ਅੰਡਰ 14, ਅੰਡਰ 17 ਤੇ ਅੰਡਰ 19 ਉਮਰ ਵਰਗ ਦੀਆਂ ਹੋ ਰਹੀਆਂ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸਰਬਜੀਤ ਸਿੰਘ ਤੂਰ, ਵੱਖ ਵੱਖ ਕੋਚ, ਸਕੂਲੀ ਸਟਾਫ, ਖਿਡਾਰੀ ਤੇ ਹੋਰ ਪਤਵੰਤੇ ਹਾਜ਼ਰ ਸਨ।