ਨਵੀਆਂ ਨਿਯੁਕਤੀਆਂ ਨਾਲ ਭਾਜਪਾ ਹੋਰ ਵੀ ਮਜ਼ਬੂਤ ਹੋਵੇਗੀ : ਰਣਦੀਪ ਦਿਓਲ
ਨਵੇਂ ਆਗੂਆਂ ਨਾਲ ਮਿਲ ਕੇ ਪਾਰਟੀ ਨੂੰ ਬੂਥ ਪੱਧਰ ਤੱਕ ਕਰਾਂਗੇ ਮਜ਼ਬੂਤ
pardeep kasba, ਸੰਗਰੂਰ, 3 ਦਸੰਬਰ
ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਪਾਰਟੀ ਦਾ ਹੋਰ ਵਿਸਥਾਰ ਕਰਕੇ ਨਵੀਆਂ ਨਿਯੁਕਤੀਆਂ ਕੀਤੀਆਂ ਹਨ ਜਿਸ ਵਿੱਚ ਵੱਡੀ ਗਿਣਤੀ ਭਾਜਪਾ ਆਗੂਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ | ਇਨ੍ਹਾਂ ਨਿਯੁਕਤੀਆਂ ਨਾਲ ਭਾਜਪਾ ਪੰਜਾਬ ਵਿੱਚ ਹੋਰ ਵੀ ਮਜ਼ਬੂਤ ਹੋਵੇਗੀ | ਇਹ ਪ੍ਰਗਟਾਵਾ ਰਣਦੀਪ ਸਿੰਘ ਦਿਓਲ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਸੰਗਰੂਰ ਨੇ ਗੱਲਬਾਤ ਦੌਰਾਨ ਕੀਤਾ |
ਦਿਓਲ ਨੇ ਕਿਹਾ ਕਿ ਪਿਛਲੇ ਦਿਨੀਂ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਜੀ ਦੀ ਪ੍ਰਵਾਨਗੀ ਤੋਂ ਬਾਅਦ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਵੱਡੇ ਪੱਧਰ ਤੇ ਪੰਜਾਬ ਭਾਜਪਾ ਵਿੱਚ ਨਿਯੁਕਤੀਆਂ ਕੀਤੀਆਂ ਗਈਆਂ ਹਨ ਇਨ੍ਹਾਂ ਨਿਯੁਕਤੀਆਂ ਵਿੱਚ ਲੋਕ ਸਭਾ ਹਲਕਾ ਸੰਗਰੂਰ ਨਾਲ ਸਬੰਧਿਤ ਆਗੂਆਂ ਸਰਵ ਸ੍ਰੀ ਅਰਵਿੰਦ ਖੰਨਾ ਅਤੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਉਪ ਪ੍ਰਧਾਨ ਲਾਇਆ ਹੈ ਅਤੇ ਸੁਨਾਮ ਤੋਂ ਮੈਡਮ ਦਮਨ ਥਿੰਦ ਬਾਜਵਾ ਨੂੰ ਪੰਜਾਬ ਭਾਜਪਾ ਦਾ ਸਕੱਤਰ ਅਤੇ ਜਤਿੰਦਰ ਕਾਲੜਾ ਨੂੰ ਸੂਬਾ ਸੈਲਾਂ ਦਾ ਕਾਰਡੀਨੇਟਰ ਨਿਯੁਕਤ ਕੀਤਾ ਹੈ |
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਸਮੁੱਚੇ ਭਾਜਪਾ ਆਗੂ ਇਨ੍ਹਾਂ ਨਿਯੁਕਤੀਆਂ ਦਾ ਪੂਰਨ ਸਮਰਥਨ ਕਰਦੇ ਹਨ |
ਸ: ਦਿਓਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਲੋਕਤੰਤਰੀ ਹੈ, ਇਸ ਵਿੱਚ ਕਿਸੇ ਦੀ ਸਿਫਾਰਿਸ਼ ਨਾਲ ਅਹੁਦੇ ਨਹੀਂ ਦਿੱਤੇ ਜਾਂਦੇ ਬਲਕਿ ਨਿਯੁਕਤ ਹੋਣ ਵਾਲਿਆਂ ਦੀ ਕਾਬਲੀਅਤ ਅਤੇ ਉਨ੍ਹਾਂ ਦੀ ਪਾਰਟੀ ਪ੍ਰਤੀ ਦੇਣ ਨੂੰ ਵਾਚਿਆ ਜਾਂਦਾ ਹੈ |
ਪਾਰਟੀ ਅੰਦਰ ਸੰਘੀ ਢਾਂਚਾ ਪੂਰੀ ਤਰ੍ਹਾਂ ਕਾਇਮ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੀ ਅਗਵਾਈ ਵਿੱਚ ਪਾਰਟੀ ਵੱਲੋਂ ਪੰਜਾਬ ਵਿੱਚ ਨਵੇਂ ਪ੍ਰੋਗਰਾਮ ਉਲੀਕੇ ਜਾਣਗੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਪਿੰਡ-ਪਿੰਡ ਤੇ ਸ਼ਹਿਰਾਂ ਤੱਕ ਬੂਥ ਪੱਧਰ ਤੇ ਜਾ ਕੇ ਮਜ਼ਬੂਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਭਾਜਪਾ ਹੀ ਦੇਸ਼ ਦੀ ਇੱਕੋ ਇੱਕ ਅਜਿਹੀ ਪਾਰਟੀ ਹੈ ਜਿਹੜੀ ਪਛੜੇ ਵਰਗਾਂ, ਵਪਾਰੀਆਂ, ਉਦਯੋਗਪਤੀਆਂ, ਮੁਲਾਜ਼ਮਾਂ, ਮਜ਼ਦੂਰਾਂ, ਵਿਦਿਆਰਥੀਆਂ ਤੇ ਹਰ ਵਰਗ ਦੇ ਲੋਕਾਂ ਦੇ ਹਿਤਾਂ ਦਾ ਧਿਆਨ ਰੱਖਦੀ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਹੋਰ ਵੀ ਆਗੂ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ |
——-