ਰਿਚਾ ਨਾਗਪਾਲ/ ਪਟਿਆਲਾ, 21 ਅਕਤੂਬਰ 2022
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਪਿੰਡਾਂ ਵਿਚ ਖਾਲੀ ਪਈਆਂ ਸ਼ਾਮਲਾਟ ਜ਼ਮੀਨਾਂ ਨੂੰ ਵਰਤੋ ਯੋਗ ਬਣਾਕੇ ਆਮਦਨ ਦੇ ਸਾਧਨ ਵਧਾਉਣ ਲਈ ਵਰਤਿਆ ਜਾਵੇ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਮਹੀਨਾਵਾਰ ਪ੍ਰਗਤੀ ਦਾ ਜਾਇਜ਼ਾ ਲੈ ਰਹੇ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਵੀ ਮੌਜੂਦ ਸਨ।
ਸਾਕਸ਼ੀ ਸਾਹਨੀ ਨੇ ਮੀਟਿੰਗ ਦੌਰਾਨ ਹਦਾਇਤ ਕੀਤੀ ਕਿ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਠੇਕੇ ਉਤੇ ਨਹੀਂ ਚੜਦੀਆਂ ਉਨ੍ਹਾਂ ਵਿਚ ਮੱਛੀ ਫਾਰਮ ਜਾਂ ਫੇਰ ਅਜਿਹੇ ਉਤਪਾਦ ਲਗਾਏ ਜਾਣ ਜਿਨ੍ਹਾਂ ਦੀ ਮੰਡੀ ਵਿਚ ਮੰਗ ਹੋਵੇ। ਇਸ ਤੋਂ ਇਲਾਵਾ ਖਾਲੀ ਥਾਵਾਂ ਉਤੇ ਬੂਟੇ ਵੀ ਲਗਾਏ ਜਾਣ। ਉਨ੍ਹਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਅਜਿਹੀਆਂ ਜ਼ਮੀਨਾਂ ਲਈ ਪਲਾਨ ਤਿਆਰ ਕਰਨ ਲਈ ਕਿਹਾ ਤਾਂ ਜੋ ਪਿੰਡਾਂ ਦੀ ਆਮਦਨ ਨੂੰ ਵਧਾਇਆ ਜਾ ਸਕੇ।
ਉਨ੍ਹਾਂ ਵਿਕਾਸ ਕਾਰਜਾਂ ਦੇ ਚੱਲ ਰਹੇ ਕੰਮ ਦੇ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਵਾਉਣ ਸਮੇਂ ਕੰਮਾਂ ਦਾ ਪੂਰਾ ਰਿਕਾਰਡ ਬਣਾਉਣ ਲਈ ਕਿਹਾ ਤਾਂ ਜੋ ਇਕ ਵਾਰ ਹੋਏ ਕੰਮ ਨੂੰ ਦੁਬਾਰਾ ਨਿਸ਼ਚਿਤ ਕੀਤੇ ਸਮੇਂ ਤੋਂ ਪਹਿਲਾਂ ਕਰਵਾਉਣ ਤੋਂ ਬਚਿਆ ਜਾ ਸਕੇ। ਉਨ੍ਹਾਂ ਹਰੇਕ ਗਲੀ ਜਾਂ ਨਾਲੀ ਦੀ ਲੰਬਾਈ ਤੇ ਚੌੜਾਈ, ਸ਼ੁਰੂ ਤੇ ਖਤਮ ਹੋਣ ਦੇ ਸਥਾਨ ਦਾ ਵੇਰਵਾ ਤੇ ਗਾਇਡਲਾਈਨਜ਼ ਅਨੁਸਾਰ ਕੀਤੇ ਗਏ ਕੰਮ ਦੀ ਮਿਆਦ ਰਿਕਾਰਡ ਵਿਚ ਦਰਜ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਚੱਲ ਰਹੇ ਕੰਮਾਂ ਨੂੰ ਸਮੇਂ ਸਿਰ ਨੇਪਰੇ ਚੜ੍ਹਾਉਣ ਲਈ ਵੀ ਕਿਹਾ।
ਡਿਪਟੀ ਕਮਿਸ਼ਨਰ ਨੇ ਪੰਜਾਬ ਨਿਰਮਾਣ ਪ੍ਰੋਗਰਾਮ, ਐਮ.ਪੀ. ਲੈਡ ਸਕੀਮ, ਸਮਾਰਟ ਵਿਲੇਜ਼ ਕੰਪੇਨ, ਅਨ-ਟਾਈਡ ਫੰਡ, ਮਗਨਰੇਗਾ, ਪੇਂਡੂ ਖੇਡ ਸਟੇਡੀਅਮ, ਜਨ ਸੁਵਿਧਾ ਕੈਂਪ, ਅੰਮ੍ਰਿਤ ਸਰੋਵਰ ਸਮੇਤ ਪਿੰਡਾਂ ‘ਚ ਚੱਲ ਰਹੇ ਵੱਖ ਵੱਖ ਕੰਮਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਅਤੇ ਕਿਹਾ ਕਿ ਮੀਟਿੰਗ ਦੌਰਾਨ ਦਿੱਤੇ ਨਿਰਦੇਸ਼ਾਂ ‘ਤੇ ਕੀਤੀ ਗਈ ਕਾਰਵਾਈ ਸਬੰਧੀ ਅਗਲੀ ਮਹੀਨਾਵਾਰ ਮੀਟਿੰਗ ਵਿੱਚ ਰਿਪੋਰਟ ਦਿੱਤੀ ਜਾਵੇ, ਤਾਂ ਜੋ ਇਕ ਮਹੀਨੇ ਦੌਰਾਨ ਕੀਤੀ ਗਈ ਕਾਰਗੁਜ਼ਾਰੀ ਦਾ ਸਹੀ ਮੁਲਾਂਕਣ ਕੀਤਾ ਜਾ ਸਕੇ। ਮੀਟਿੰਗ ਵਿੱਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ ਤੇ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਹਾਜ਼ਰ ਸਨ।