ਸਿਹਤ ਵਿਭਾਗ ਬਿਹਤਰੀਨ ਜ਼ੱਚਾ-ਬੱਚਾ ਸੇਵਾਵਾਂ ਪ੍ਰਤੀ ਵਚਨਬੱਧ: ਡਾ. ਔਲਖ
ਰਘਵੀਰ ਹੈਪੀ , ਬਰਨਾਲਾ, 17 ਅਕਤੂਬਰ 2022
ਸਿਹਤ ਵਿਭਾਗ ਬਰਨਾਲਾ ਵੱਲੋਂ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ ਹੇਠ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਜ਼ਿਲ੍ਹਾ ਬਰਨਾਲਾ ‘ਚ ਸਿਵਲ ਹਸਪਤਾਲ, ਸੀ.ਐਚ.ਸੀ, ਪੀ.ਐਚ.ਸੀ. ਪੱਧਰ ‘ਤੇ ਗਰਭਵਤੀ ਔਰਤਾਂ ਦੇ ਮੈਡੀਕਲ ਚੈੱਕਅਪ ਲਈ ਵਿਸ਼ੇਸ਼ ਜਾਂਚ ਕੈਂਪ ਲਗਾਏ ਜਾਂਦੇ ਹਨ।
ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮੁਹਿੰਮ ਦੌਰਾਨ ਵਿਸ਼ੇਸ਼ ਕੈਂਪ ਲਗਾ ਕੇ ਮਹੀਨੇ ਦੀ ਹਰੇਕ 9 ਤਰੀਕ ਨੂੰ ਗਰਭਵਤੀ ਔਰਤਾਂ ਦਾ ਮੈਡੀਕਲ ਚੈਕਅਪ, ਟੈਸਟ ਤੇ ਮੁਫਤ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ । ਡਾ. ਔਲਖ ਨੇ ਦੱਸਿਆ ਕਿ ਇਸ ਮਹੀਨੇ ਕੈਂਪਾਂ ਦੌਰਾਨ 1211 ਗਰਭਵਤੀ ਔਰਤਾਂ ਦੀ ਜਾਂਚ ਤੇ 127 ਦੇ ਅਲਟਰਾਸਾਉਂਡ ਮੁਫਤ ਕੀਤੇ ਗਏ।
ਸਿਵਲ ਸਰਜਨ ਬਰਨਾਲਾ ਨੇ ਕਿਹਾ ਕਿ ਜ਼ੱਚਾ ਬੱਚਾ ਦੀ ਤੰਦਰੁਸਤ ਸਿਹਤ ਲਈ ਸੰਸਥਾਗਤ ਜਣੇਪਾ ਹੀ ਕਰਵਾਉਣਾ ਚਾਹੀਦਾ ਹੈ ਅਤੇ ਗਰਭਵਤੀਆਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਮਿਲਣ ਵਾਲੀਆਂ ਮੁਫਤ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।