ਐੱਸ ਡੀ ਕਾਲਜ ਵਿਖੇ ਸੂਬਾ ਪੱਧਰੀ ਨੈੱਟਬਾਲ ਮੁਕਾਬਲਿਆਂ ਦਾ ਆਗਾਜ਼
ਬਰਨਾਲਾ, 15 ਅਕਤੂਬਰ (ਰਘੁਵੀਰ ਹੈੱਪੀ)
ਸੂਬਾ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸੂਬਾ ਪੱਧਰੀ ਨੈੱਟਬਾਲ ਮੁਕਾਬਲਿਆਂ ਦਾ ਆਗਾਜ਼ ਖੇਡ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਐੱਸ. ਡੀ. ਕਾਲਜ ਬਰਨਾਲਾ ਵਿਖੇ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਨਾਲ ਪੈਦਾ ਹੋਇਆ ਖੇਡ ਸੱਭਿਆਚਾਰ ਪੰਜਾਬ ਦੀ ਧਰਤੀ ਨੂੰ ਬੂਰ ਜਰਖੇਜ਼ ਬਣਾਵੇਗਾ। ਉਨ੍ਹਾਂ ਦੱਸਿਆ ਕਿ ਬਲਾਕ ਅਤੇ ਜ਼ਿਲ੍ਹਾ ਪੱਧਰ ਤੋਂ ਬਾਅਦ ਸੂਬਾ ਪੱਧਰ ’ਤੇ ਕਰਵਾਈਆਂ ਜਾ ਰਹੀਆਂ ਖੇਡਾਂ ’ਚ ਲਗਭਗ 3 ਲੱਖ ਖਿਡਾਰੀ ਭਾਗ ਲੈ ਰਹੇ ਹਨ। ਪੰਜਾਬ ਦੇ ਸਾਰੇ 350 ਬਲਾਕਾਂ ਦੇ 12500 ਪਿੰਡਾਂ ’ਚੋਂ ਖਿਡਾਰੀ ਖੇਡਾਂ ਵਿਚ ਹਿੱਸਾ ਲੈ ਰਹੇ ਹਨ। ਕੁੱਲ 8000 ਖਿਡਾਰੀ ਸੂਬਾ ਪੱਧਰ ਉੱਤੇ ਪੁਜ਼ੀਸ਼ਨਾਂ ਹਾਸਲ ਕਰਕੇ ਰੁਪਏ 6 ਕਰੋੜ ਦੇ ਇਨਾਮਾਂ ਦੇ ਹੱਕਦਾਰ ਹੋਣਗੇ। ਸਮਾਗਮ ਦੀ ਸ਼ੁਰੂਆਤ ਖੇਡ ਮੰਤਰੀ ਨੇ ਖੇਡ ਵਿਭਾਗ ਦਾ ਝੰਡਾ ਲਹਿਰਾ ਕੇ ਕੀਤੀ, ਜਿਸ ਮਗਰੋਂ ਐੱਸ ਡੀ ਕਾਲਜ ਬਰਨਾਲਾ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਫ਼ੋਕ ਆਰਕੈਸਟਰਾ ਅਤੇ ਗਿੱਧੇ ਦੀ ਟੀਮ ਨੇ ਪੇਸ਼ਕਾਰੀਆਂ ਦਿੱਤੀਆਂ। ਪੰਜਾਬ ਨੈੱਟਬਾਲ ਦੇ ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਨੈੱਟਬਾਲ ਦੀ ਨਰਸਰੀ ਦੇ ਖੇਡ ਮੈਦਾਨ ਵਿਚ ਸੂਬਾ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਰਾਹੀਂ ਇਸ ਖੇਡ ਨੂੰ ਵੱਡਾ ਹੁਲਾਰਾ ਮਿਲੇਗਾ। ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਅਤੇ ਸਬ-ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਵਿਚ ਕਰਵਾਈ ਜਾ ਰਹੀਆਂ ਸੂਬਾ ਪੱਧਰੀ ਖੇਡਾਂ ’ਚ ਅੰਡਰ 14, 17, 21 ਅਤੇ 21-40 ਉਮਰ ਵਰਗ ਦੇ ਖਿਡਾਰੀ ਭਾਗ ਲੈ ਰਹੇ ਹਨ।
ਇਸ ਮੌਕੇ ਬੋਲਦਿਆਂ ਵਿਧਾਇਕ ਮਹਿਲ ਕਲਾਂ ਸ. ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨੇ ਖੇਡਾਂ ਨੂੰ ਮੁੜ ਉਤਸ਼ਾਹਿਤ ਕੀਤਾ ਹੈ ਅਤੇ ਵੱਡੀ ਗਿਣਤੀ ਵਿੱਚ ਖਿਡਾਰੀ ਇਸ ਵਿਚ ਹਿੱਸਾ ਲੈ ਰਹੇ ਨੇ। ਵਿਧਾਇਕ ਭਦੌੜ ਸ. ਲਾਭ ਸਿੰਘ ਉਗੋਕੇ ਨੇ ਕਿਹਾ ਕਿ ’ਖੇਡਾਂ ਵਤਨ ਪੰਜਾਬ ਦੀਆਂ‘ ਇਤਿਹਾਸਕ ਹੋ ਨਿਬੜਨਗੀਆਂ। ਇਸ ਮੌਕੇ ਬਰਨਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ ਦਾ ਨੈੱਟਬਾਲ ਦਾ ਪ੍ਰਦਰਸ਼ਨੀ ਮੈਚ ਕਰਵਾਇਆ ਗਿਆ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਓਐਸਡੀ ਹਸਨਪ੍ਰੀਤ ਭਾਰਦਵਾਜ, ਉਪ ਮੰਡਲ ਮੈਜਿਸਟਰੇਟ ਬਰਨਾਲਾ ਗੋਪਾਲ ਸਿੰਘ, ਪੀਜੀਓ ਸੁਖਪਾਲ ਸਿੰਘ, ਜ਼ਿਲ੍ਹਾ ਖੇਡ ਅਫਸਰ ਬਰਨਾਲਾ ਜਸਪ੍ਰੀਤ ਸਿੰਘ, ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਵਿੱਤ ਸਕੱਤਰ ਮੁਕੰਦ ਲਾਲ ਬਾਂਸਲ ਅਤੇ ਇਸ਼ਵਿੰਦਰ ਜੰਡੂ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।