ਜ਼ਿਲ੍ਹਾ ਸੰਗਰੂਰ ਦੇ ਆਮ ਬਜ਼ਾਰਾਂ ਵਿੱਚ ਕਿਸੇ ਕਿਸਮ ਦੇ ਪਟਾਖੇ, ਆਤਿਸ਼ਬਾਜ਼ੀ ਆਦਿ ਨੂੰ ਬਣਾਉਣ, ਭੰਡਾਰ ਕਰਨ, ਖਰੀਦਣ ਅਤੇ ਵੇਚਣ ’ਤੇ ਹੋਵੇਗੀ ਪਾਬੰਦੀ

Advertisement
Spread information

ਜ਼ਿਲ੍ਹਾ ਸੰਗਰੂਰ ਦੇ ਆਮ ਬਜ਼ਾਰਾਂ ਵਿੱਚ ਕਿਸੇ ਕਿਸਮ ਦੇ ਪਟਾਖੇ, ਆਤਿਸ਼ਬਾਜ਼ੀ ਆਦਿ ਨੂੰ ਬਣਾਉਣ, ਭੰਡਾਰ ਕਰਨ, ਖਰੀਦਣ ਅਤੇ ਵੇਚਣ ’ਤੇ ਹੋਵੇਗੀ ਪਾਬੰਦੀ

 

ਸੰਗਰੂਰ, 7 ਅਕਤੂਬਰ (ਹਰਪ੍ਰੀਤ ਕੌਰ ਬਬਲੀ)

Advertisement

ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਅਨਮੋਲ ਸਿੰਘ ਧਾਲੀਵਾਲ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲਾ ਸੰਗਰੂਰ ਦੇ ਆਮ ਬਜ਼ਾਰਾਂ ਵਿੱਚ ਕਿਸੇ ਕਿਸਮ ਦੇ ਪਟਾਖੇ, ਆਤਿਸ਼ਬਾਜ਼ੀ ਆਦਿ ਨੂੰ ਬਣਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ ’ਤੇ ਪਾਬੰਦੀ ਹੋਵੇਗੀ।

ਹੁਕਮਾਂ ’ਚ ਦੱਸਿਆ ਗਿਆ ਹੈ ਕਿ ਦੀਵਾਲੀ/ਗੁਰਪੂਰਬ/ਕ੍ਰਿਸਮਿਸ/ਨਵਾਂ ਸਾਲ ਦੇ ਤਿਉਹਾਰਾਂ ਦੇ ਦਿਨਾਂ ਵਿੱਚ ਆਮ ਪਬਲਿਕ ਵੱਲੋਂ ਪਟਾਖੇ, ਆਤਿਸ਼ਬਾਜੀ ਅਤੇ ਅਜਿਹੀ ਹੋਰ ਕਈ ਤਰਾਂ ਦੀ ਸਮੱਗਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਨਾਲ ਸ਼ੋਰ-ਸਰਾਬਾ ਪੈਦਾ ਹੁੰਦਾ ਹੈ। ਤਿਉਹਾਰ ਸਮੇਂ ਪਟਾਖੇ ਚਲਾਉਣ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਦੀ ਸੰਭਾਵਨਾ ਬਣੀ ਰਹਿੰਦੀ ਹੈ, ਇਸ ਲਈ ਜਨ ਹਿਤ ਨੂੰ ਧਿਆਨ ’ਚ ਰੱਖਦੇ ਹੋਏ ਸੰਭਾਵਿਤ ਖਤਰੇ ਤੋਂ ਬਚਣ ਲਈ ਜ਼ਿਲਾ ਸੰਗਰੂਰ ਅੰਦਰ ਪਟਾਖੇ, ਆਤਿਸ਼ਬਾਜੀ ਆਦਿ ਬਣਾਉਣ, ਭੰਡਾਰ ਕਰਨ ਅਤੇ ਖਰੀਦਣ ਤੇ ਵੇਚਣ ਨੰੂ ਨਿਯਮਤ ਕਰਨਾ ਅਤਿ ਜ਼ਰੂਰੀ ਹੈ। ਇਸ ਤੋਂ ਇਲਾਵਾ ਦੇਸ਼ ਅੰਦਰ ਵਿਦੇਸ਼ਾਂ ਨੰੂ ਬੰਦਰਗਾਹਾਂ ਰਾਹੀ ਗੈਰ ਕਾਨੂੰਨੀ ਤੌਰ ’ਤੇ ਧਮਾਕੇਖੇਜ਼ ਸਮੱਗਰੀ ਬਰਾਮਦ ਹੋ ਰਹੀ ਹੈ ਜਿਸ ਵਿੱਚ ਪੋਟਾਸ਼ੀਅਮ ਕਲੋਰੋਟ ਕੈਮੀਕਲ ਹੁੰਦਾ ਹੈ, ਜੋ ਕਿ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਹੈ । ਇਸ ਨਾਲ ਬਹੁਤ ਵੱਡਾ ਧਮਾਕਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਅਤੇ ਜਾਨੀ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਦੀਵਾਲੀ ਦੇ ਤਿਉਹਾਰ ਤੇ ਮੱਦੇਨਜ਼ਰ ਵਿਦੇਸ਼ਾਂ ਤੋਂ ਆਉਂਦੀ ਗੈਰ ਕਾਨੂੰਨੀ ਧਮਾਕੇਖੇਜ਼ ਸਮੱਗਰੀ ਬਣਾਉਣ, ਸਟੋਰ ਕਰਨ, ਵਿਕਰੀ ਅਤੇ ਵਰਤੋਂ ਨੂੰ ਰੋਕਣ ਲਈ ਲੋੜੀਂਦੇ ਉਪਰਾਲੇ ਕੀਤੇ ਜਾਣੇ ਜਰੂਰੀ ਹਨ।

ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਛੋਟੇ ਪਟਾਖਿਆਂ ਦੀ ਵੇਚ ਤੇ ਖਰੀਦ ਲਈ ਜ਼ਿਲ੍ਹੇ ਅੰਦਰ ਸਥਾਨ ਨਿਰਧਾਰਤ ਕੀਤੇ ਗਏ ਹਨ। ਸਬ ਡਵੀਜਨ ਸੰਗਰੂਰ ਵਿਖੇ ਖਾਲਸਾ ਗਰਲਜ਼ ਸਕੂਲ ਸੰਗਰੂਰ ਦਾ ਗਰਾਊਂਡ, ਸਬ ਡਵੀਜਨ ਸੁਨਾਮ ਅਧੀਨ ਸ਼ਹੀਦ ਊਧਮ ਸਿੰਘ ਉਲੰਪਿਕ ਸਟੇਡੀਅਮ ਸੁਨਾਮ ਅਤੇ ਮਿਉਸੀਪਲ ਸਟੇਡੀਅਮ, ਤੋਲਾਵਾਲ ਰੋਡ, ਚੀਮਾ, ਸਬ ਡਵੀਜਨ ਧੂਰੀ ਵਿਖੇ ਢਿੱਲੋਂ ਰੈਸਟੋਰੈਂਟ ਦੇ ਸਾਹਮਣੇ, ਮੰਡੀ ਵਾਲੀ ਰੋਡ, ਨੇੜੇ ਮਾਰਕਿਟ ਕਮੇਟੀ ਧੂਰੀ ਤੇ ਅਨਾਜ ਮੰਡੀ ਵਿੱਚ ਰਾਮਲੀਲਾ ਗਰਾਊਂਡ ਸ਼ੇਰਪੁਰ, ਸਬ ਡਵੀਜ਼ਨ ਲਹਿਰਾ ਅਧੀਨ ਖੇਡ ਸਟੇਡੀਅਮ ਲਹਿਰਾ, ਸਬ ਡਵੀਜਨ ਭਵਾਨੀਗੜ ਅਧੀਨ ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ, ਸਬ ਡਵੀਜਨ ਦਿੜ੍ਬਾ ਵਿਖੇ ਸਟੇਡੀਅਮ, ਗਾਮੜੀ ਰੋਡ ਦਿੜ੍ਬਾ, ਸਬ ਡਵੀਜਨ ਮੂਨਕ ਅਧੀਨ ਸਟੇਡੀਅਮ ਮੂਨਕ ਅਤੇ ਮਿਉਂਸੀਪਲ ਸਟੇਡੀਅਮ, ਖਨੌਰੀ ਵਿਖੇ ਪਟਾਖੇ ਵੇਚੇ ਤੇ ਖਰੀਦੇ ਜਾ ਸਕਣਗੇ।

ਹੁਕਮਾਂ ਮੁਤਾਬਿਕ ਨਿਰਧਾਰਿਤ ਥਾਵਾਂ ’ਤੇ ਪਟਾਖੇ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਵੇਚੇ ਤੇ ਖਰੀਦੇ ਜਾ ਸਕਣਗੇ। ਉਪਰੋਕਤ ਸਥਾਨਾਂ ਤੋਂ ਇਲਾਵਾ ਜ਼ਿਲਾ ਸੰਗਰੂਰ ਅੰਦਰ ਹੋਰ ਕਿਸੇ ਥਾਂ ਦੀ ਵਰਤੋ ਪਟਾਖੇ ਅਤੇ ਆਤਿਸ਼ਬਾਜੀ ਦੀ ਖਰੀਦ ਜਾਂ ਵਿਕਰੀ ਲਈ ਨਹੀਂ ਕੀਤੀ ਜਾ ਸਕਦੀ। ਰਿਹਾਇਸ਼ੀ ਅਤੇ ਵਪਾਰਕ ਥਾਵਾਂ ’ਤੇ ਵੀ ਪਟਾਖੇ ਅਤੇ ਆਤਿਸ਼ਬਾਜੀ ਦੀ ਖਰੀਦ ਜਾਂ ਵਿਕਰੀ ਨਹੀਂ ਕੀਤੀ ਜਾ ਸਕਦੀ। ਵਿੱਦਿਅਕ ਸੰਸਥਾਵਾਂ ਅਤੇ ਹਸਪਤਾਲਾਂ ਦੇ 100 ਮੀਟਰ ਦੇ ਘੇਰੇ ਵਿੱਚ ਪਟਾਖੇ ਅਤੇ ਆਤਿਸ਼ਬਾਜੀ ਚਲਾਉਣ ’ਤੇ ਪੂਰਨ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਜਾਰੀ ਨਿਰਦੇਸ਼ਾਂ ਮੁਤਾਬਕ ਦੀਵਾਲੀ ਅਤੇ ਗੁਰਪੁਰਬ ਵਾਲੇ ਦਿਨ ਪਟਾਖੇ ਚਲਾਉਣ ਦਾ ਸਮਾਂ ਵੀ ਨਿਸ਼ਚਿਤ ਕੀਤਾ ਗਿਆ ਹੈ। ਦੀਵਾਲੀ ਸਬੰਧੀ ਆਮ ਥਾਵਾਂ ’ਤੇ ਪਟਾਖੇ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ ਚਲਾਉਣ ਦੀ ਆਗਿਆ ਹੋਵੇਗੀ ਅਤੇ ਬਾਕੀ ਸਮੇਂ ਵਿੱਚ ਪਟਾਖੇ ਚਲਾਉਣ ’ਤੇ ਪੂਰਨ ਪਾਬੰਦੀ ਹੋਵੇਗੀ। ਗੁਰਪੂਰਬ ਵਾਲੇ ਦਿਨ ਪਟਾਖੇ ਚਲਾਉਣ ਦਾ ਸਮਾਂ ਸਵੇਰੇ 4 ਵਜੇਂ ਤੋਂ ਸਵੇਰੇ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ ਰਾਤ 10 ਵਜੇ ਤੱਕ ਦਾ ਹੋਵੇਗਾ ਤੇ ਬਾਕੀ ਸਮੇਂ ਪਟਾਖੇ ਚਲਾਉਣ ’ਤੇ ਪਾਬੰਦੀ ਹੋਵੇਗੀ। ਕ੍ਰਿਸਮਿਸ ਅਤੇ ਨਵਾਂ ਸਾਲ ਮੌਕੇ ਪਟਾਖੇ ਚਲਾਉਣ ਦਾ ਸਮਾਂ ਰਾਤ 11:55 ਤੋਂ 12:30 ਵਜੇ ਤੱਕ ਹੋਵੇਗਾ ਤੇ ਬਾਕੀ ਸਮੇਂ ਪਟਾਖੇ ਚਲਾਉਣ ’ਤੇ ਪੂਰਨ ਪਾਬੰਦੀ ਹੋਵੇਗੀ।

Advertisement
Advertisement
Advertisement
Advertisement
Advertisement
error: Content is protected !!