ਰਣਬੀਰ ਕਾਲਜ ’ਚ ਚੱਲ ਰਹੇ ਕੰਮਾਂ ਦਾ ਵਧੀਕ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਲਿਆ ਜਾਇਜ਼ਾ
ਸੰਗਰੂਰ, 04 ਅਕਤੂਬਰ:
ਸੰਗਰੂਰ ਦੇ ਸਰਕਾਰੀ ਰਣਬੀਰ ਕਾਲਜ ਵਿਖੇ 8 ਅਕਤੂਬਰ ਤੋਂ ਲਗਾਏ ਜਾਣ ਵਾਲੇ ਖੇਤਰੀ ਸਰਸ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ ਅਤੇ ਕਾਲਜ ਦੇ ਮੈਦਾਨ ’ਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਨੇ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਦੌਰਾ ਕੀਤਾ ਅਤੇ ਟੈਂਟ ਤੇ ਹੋਰ ਬੁਨਿਆਦੀ ਲੋੜਾਂ ਨੂੰ ਸਮਾਂ ਰਹਿੰਦੇ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਲਗਭਗ ਇੱਕ ਦਹਾਕੇ ਬਾਅਦ ਸੰਗਰੂਰ ਜ਼ਿਲਾ ਪ੍ਰਸ਼ਾਸਨ ਨੂੰ ਖੇਤਰੀ ਸਰਸ ਮੇਲਾ ਕਰਵਾਉਣ ਦਾ ਮਾਣ ਪ੍ਰਾਪਤ ਹੋਇਆ ਹੈ ਅਤੇ ਇਸ ਮੇਲੇ ਨੂੰ ਸਫ਼ਲ ਬਣਾਉਣ ਲਈ ਹਰ ਜ਼ਿਲਾ ਵਾਸੀ ਮੇਲੇ ’ਚ ਲਾਜ਼ਮੀ ਤੌਰ ’ਤੇ ਸ਼ਾਮਲ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਜਿੱਥੇ ਇਸ ਮੇਲੇ ਦਾ ਮੁੱਖ ਮਕਸਦ ਜ਼ਿਲਾ ਵਾਸੀਆਂ ਨੂੰ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਹੋਰਨਾਂ ਸੂਬਿਆਂ ਦੇ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਹੈ, ਉੱਥੇ ਹੀ ਦੇਸ਼ ਭਰ ਦੇ ਛੋਟੇ ਦਸਤਕਾਰਾਂ ਅਤੇ ਕਲਾਕਾਰਾਂ ਨੂੰ ਆਪਣੇ ਹੱਥੀਂ ਬਣਾਈਆਂ ਵਸਤੂਆਂ ਵੇਚਣ ਲਈ ਮੰਚ ਪ੍ਰਦਾਨ ਕਰਨਾ ਹੈ। ਉਨਾਂ ਕਿਹਾ ਕਿ ਸੰਗਰੂਰ ਵਿਖੇ ਲੱਗਣ ਵਾਲੇ ਇਸ ਮੇਲੇ ’ਚ ਦੇਸ਼ ਦੇ ਲਗਭਗ ਸਾਰੇ ਹਿੱਸਿਆਂ ਤੋਂ ਕਲਾਕਾਰਾਂ ਅਤੇ ਦਸਤਕਾਰਾਂ ਦੇ ਪੁੱਜਣ ਦੀ ਉਮੀਦ ਹੈ ਜਿਸ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕਰਨੇ ਯਕੀਨੀ ਬਣਾਏ ਜਾ ਰਹੇ ਹਨ।
ਵਰਜੀਤ ਵਾਲੀਆ ਨੇ ਦੱਸਿਆ ਕਿ ਖੇਤਰੀ ਸਰਸ ਮੇਲੇ ਦੇ ਉਦਘਾਟਨੀ ਦਿਨ 8 ਅਕਤੂਬਰ ਨੂੰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ, 9 ਅਕਤੂਬਰ ਨੂੰ ਜੋਰਡਨ ਸੰਧੂ, 10 ਨੂੰ ਹਰਜੀਤ ਹਰਮਨ, 11 ਨੂੰ ਹਰਭਜਨ ਸ਼ੇਰਾ, 12 ਨੂੰ ਸੁਨੰਦਾ ਸ਼ਰਮਾ, 13 ਨੂੰ ਜਸਵਿੰਦਰ ਬਰਾੜ, 14 ਨੂੰ ਅਰਮਾਨ ਢਿੱਲੋ, ਪ੍ਰਭ ਬੈਂਸ, ਚੇਤ ਸਿੰਘ, ਜਸ਼ਨ ਇੰਦਰ, ਸੋਫੀਆ ਇੰਦਰ, ਬਸੰਤ ਕੁਰ ਤੇ ਜੱਸੀ ਧਾਲੀਵਾਲ ਜਦਕਿ 15 ਅਕਤੂਬਰ ਨੂੰ ਰਣਜੀਤ ਬਾਵਾ ਅਤੇ 16 ਅਕਤੂਬਰ ਨੂੰ ਸਤਿੰਦਰ ਸਰਤਾਜ ਆਪਣੇ ਫ਼ਨ ਦਾ ਮੁਜਾਹਰਾ ਕਰਨਗੇ।
ਇਸ ਮੌਕੇ ਐਸ.ਡੀ.ਐਮ. ਸੰਗਰੂਰ ਨਵਰੀਤ ਕੌਰ ਸੇਖੋਂ, ਐਸ.ਡੀ.ਐਮ ਭਵਾਨੀਗੜ ਵਨੀਤ ਕੁਮਾਰ, ਐਕਸੀਅਨ ਪੰਚਾਇਤੀ ਰਾਜ ਤੇਜਿੰਦਰ ਸਿੰਘ ਮੁਲਤਾਨੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।