ਹਰਿੰਦਰ ਨਿੱਕਾ , ਬਰਨਾਲਾ 30 ਸਤੰਬਰ 2022
ਸ਼ਹਿਰ ਦੀ ਦਾਣਾ ਮੰਡੀ ਵਿਖੇ 19 ਸਤੰਬਰ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਦੇ ਰੋਸ ਪ੍ਰਦਰਸ਼ਨ ਮੌਕੇ ਕੀਤੇ ਲਾਠੀਚਾਰਜ ਦੇ ਵਿਰੋਧ ਵਿਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁਲਾਜ਼ਮ ਡਿਫ਼ੈਂਸ ਕਮੇਟੀ ਸਮੇਤ ਬਰਨਾਲਾ ਦੀਆਂ ਸਮੂਹ ਲੇਖਕ ਸਭਾਵਾਂ, ਕਿਸਾਨ, ਮਜ਼ਦੂਰ, ਮੁਲਾਜ਼ਮ, ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਉਲੀਕੇ ਇਸ ਪ੍ਰਦਰਸ਼ਨ ਵਿਚ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਦੇ ਕਾਰਕੁਨ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਰੋਸ ਪ੍ਰਦਰਸ਼ਨ ਕਰਨ ਉਪਰੰਤ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਗਿਆ। ਇਸ ਉਪਰੰਤ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।ਫ਼ਰੰਟ ਦੇ ਕਨਵੀਨਰ ਡਾ. ਸੋਹੇਲ ਨੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਮੂਹ ਜਥੇਬੰਦੀਆਂ ਦੀ ਇਸ ਵਿਸ਼ਾਲ ਇਕੱਤਰਤਾ ਵਿਚ ਸਮੁੱਚੇ ਮੁਜ਼ਾਹਰਾਕਾਰੀਆਂ ਅਤੇ ਇਕੱਲੀ ਲੜਕੀ ਉੱਪਰ ਨਿੱਜੀ ਰੰਜਿਸ਼ ਤਹਿਤ ਕੀਤੇ ਗਏ ਅੰਨ੍ਹੇਵਾਹ ਲਾਠੀਚਾਰਜ ਦੀ ਨਿਖੇਧੀ ਕੀਤੀ ਗਈ। ਇਸਦੇ ਨਾਲ ਹੀ ਬਰਨਾਲਾ ਪੁਲਿਸ ਦੇ ਜਾਬਰ ਵਿਵਹਾਰ ਦੀ ਨਿੰਦਾ ਕਰਦੇ ਹੋਏ ਧਰਨਾਕਾਰੀਆਂ ਉੱਪਰ ਕੀਤੇ ਗਏ ਪਰਚੇ ਰੱਦ ਕਰਾਉਣ ਅਤੇ ਇਸ ਸ਼ਰਮਨਾਕ ਕਾਰੇ ਵਿਚ ਸਿੱਧੇ ਤੌਰ ‘ਤੇ ਸ਼ਾਮਿਲ ਅਧਿਕਾਰੀਆਂ ਦੀ ਨਿਸ਼ਾਨਦੇਹੀ ਕਰਕੇ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸਦੇ ਨਾਲ ਹੀ ਇਹ ਐਲਾਨ ਵੀ ਕੀਤਾ ਗਿਆ ਹੈ ਜੇਕਰ ਅਜਿਹਾ ਘਟਨਾਕ੍ਰਮ ਦੁਬਾਰਾ ਵਾਪਰਦਾ ਹੈ ਤਾਂ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਜਨਤਕ ਵਿਰੋਧ ਕੀਤਾ ਜਾਵੇਗਾ। ਕਨਵੀਨਰ ਜਗਮੀਤ ਸਿੰਘ ਨੇ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਕਿ 01 ਅਕਤੂਬਰ ਨੂੰ ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ, ਉਚੇਰੀ ਸਿੱਖਿਆ ਸਕੱਤਰ, ਡੀਪੀਆਈ ਤੇ ਐਡਵੋਕੇਟ ਜਨਰਲ ਨਾਲ ਹੋਣ ਜਾ ਰਹੀ ਪੈਨਲ ਮੀਟਿੰਗ ਵਿਚੋਂ ਸਾਰਥਕ ਨਤੀਜੇ ਨਾ ਨਿਕਲਣ ਦੀ ਸੂਰਤ ਵਿਚ ਫ਼ਰੰਟ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰੇਗਾ।ਕਨਵੀਨਰ ਕਰਮਜੀਤ ਸਿੰਘ ਨੇ ਇਹ ਵਿਸ਼ਾਲ ਪ੍ਰਦਰਸ਼ਨ ਉਲੀਕਣ ਲਈ ਮੁਲਾਜ਼ਮ ਡਿਫ਼ੈਂਸ ਕਮੇਟੀ ਬਰਨਾਲਾ ਦੇ ਆਗੂਆਂ ਕਰਮਜੀਤ ਸਿੰਘ ਬੀਹਲਾ, ਰਾਜੀਵ ਕੁਮਾਰ, ਤਰਸੇਮ ਸਿੰਘ ਭੱਠਲ, ਗੁਲਾਬ ਸਿੰਘ ਦੇ ਨਾਲ ਨਾਲ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਲੇਖਕ ਓਮ ਪ੍ਰਕਾਸ਼ ਗਾਸੋ, ਭੋਲਾ ਸਿੰਘ ਸੰਘੇੜਾ, ਸਾਗਰ ਸਿੰਘ ਸਾਗਰ, ਦਰਸ਼ਨ ਸਿੰਘ ਗੁਰੂ, ਡਾਕਟਰ ਉਜਾਗਰ ਸਿੰਘ ਮਾਨ, ਪ੍ਰੀਤ ਸਿੰਘ ਭੱਠਲ, ਸੱਜਣ ਸਿੰਘ ਗਿੱਲ, ਮਲਕੀਤ ਸਿੰਘ ਗਿੱਲ ,ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਆਗੂ ਚਮਕੌਰ ਸਿੰਘ ਨੈਣੇਵਾਲ, ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਆਗੂ ਗੁਰਦੇਵ ਸਿੰਘ ਮਾਂਗੇਵਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਜਗਰਾਜ ਸਿੰਘ ਟੱਲੇਵਾਲ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗੁਰਪ੍ਰੀਤ ਰੂੜੇਕੇ, ਟੈਕਨੀਕਲ ਸਰਵਿਸਜ਼ ਯੂਨੀਅਨ ਆਗੂ ਬਲਵੰਤ ਸਿੰਘ, ਇਨਕਲਾਬੀ ਕੇਂਦਰ ਦੇ ਆਗੂ ਡਾ. ਰਜਿੰਦਰਪਾਲ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਰਜਿੰਦਰ ਭਦੌੜ, ਜਮਹੂਰੀ ਅਧਿਕਾਰ ਸਭਾ ਆਗੂ ਸੋਹਣ ਸਿੰਘ ਮਾਝੀ, ਮਲਟੀਪਲ ਹੈਲਥ ਵਰਕਰ ਯੂਨੀਅਨ ਆਗੂ ਗੁਰਪ੍ਰੀਤ ਸਿੰਘ ਸ਼ਹਿਣਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਆਗੂ ਰਣਜੀਤ ਸਿੰਘ, ਵਿਰਸਾ ਸੰਭਾਲ ਆਗੂ ਜਗਤਾਰ ਸਿੰਘ ਕੱਟੂ, ਮੂਲ ਭਾਰਤੀ ਚਿੰਤਨ ਵੱਲੋਂ ਸਰਵਣ ਸਿੰਘ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ ਦੇ ਆਗੂ ਦਰਸ਼ਨ ਚੀਮਾ, ਤੇਜਿੰਦਰ ਤੇਜੀ, ਡੈਮੋਕ੍ਰੈਟਿਕ ਮੁਲਾਜ਼ਮ ਫ਼ੈਡਰੇਸ਼ਨ ਦੇ ਆਗੂ ਖੁਸ਼ਮਿੰਦਰਪਾਲ ਹੰਡਿਆਇਆ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਗੁਲਾਬ ਸਿੰਘ, ਕੰਪਿਊਟਰ ਅਧਿਆਪਕ ਯੂਨੀਅਨ ਦੇ ਆਗੂ ਪ੍ਰਦੀਪ ਕੁਮਾਰ, ਬੀ.ਐਡ. ਅਧਿਆਪਕ ਫਰੰਟ ਦੇ ਆਗੂ ਪਰਮਿੰਦਰ ਸਿੰਘ, ਡੀ.ਟੀ.ਐਫ਼. ਵੱਲੋਂ ਪ੍ਰਿੰਸੀਪਲ ਮੇਜਰ ਸਿੰਘ, ਭੁਪਿੰਦਰ ਸਿੰਘ ਕੱਟੂ, ਅਧਿਆਪਕ ਦਲ ਦੇ ਆਗੂ ਬਲਦੇਵ ਸਿੰਘ ਧੌਲਾ,ਮਨਿਸਟਰੀਅਲ ਸਟਾਫ਼ ਯੂਨੀਅਨ ਵੱਲੋਂ ਬਲਵੰਤ ਸਿੰਘ ਭੁੱਲਰ, ਐਸ.ਸੀ.-ਬੀ.ਸੀ. ਅਧਿਆਪਕ ਯੂਨੀਅਨ ਆਗੂ ਜਸਵੀਰ ਸਿੰਘ ਬੀਹਲਾ, ਐਸਐਸਏ ਦਫ਼ਤਰੀ ਕਰਮਚਾਰੀ ਯੂਨੀਅਨ ਆਗੂ ਜਸਵੰਤ ਸਿੰਘ ਅਤੇ ਸਮੁੱਚੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ।