ਅਨੁਭਵ ਦੂਬੇ , ਖਰੜ (ਮੋਹਾਲੀ)17 ਸਤੰਬਰ 2022
ਖਰੜ ਨੇੜਲੇ ਪਿੰਡ ਰਡਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਅੱਜ ਇੱਕ ਗੁਪਤ ਦਾਨੀ ਦਾ ਸਹਿਯੋਗ ਪ੍ਰਾਪਤ ਹੋਇਆ ਜਦੋਂ ਸਕੂਲ ਖੁੱਲ੍ਹਦੇ ਸਾਰ ਹੀ ਇੱਕ ਰੇਹੜੀ ਵਾਲਾ ਪੰਜ ਟੀਚਰ ਟੇਬਲ ਲੈ ਕੇ ਸਕੂਲ ਪੁੱਜਾ। ਸਕੂਲ ਦੇ ਹੈਡਮਾਸਟਰ ਨੇ ਇਸ ਸਹਿਯੋਗ ਲਈ ਅੱਗੇ ਆਉਣ ਵਾਲੇ ਵਿਅਕਤੀ ਦਾ ਵਿਦਿਆਰਥੀਆਂ, ਸਟਾਫ ਅਤੇ ਮਾਪਿਆਂ ਵੱਲੋਂ ਦਿਲੀ ਧੰਨਵਾਦ ਕੀਤਾ।
ਸਕੂਲ ਦੇ ਮੀਡੀਆ ਕੋਆਰਡੀਨੇਟਰ ਮਨਦੀਪ ਸਿੰਘ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਸਕੂਲ-ਹੈਡਮਾਸਟਰ ਕਈ ਸੰਭਾਵੀ ਦਾਨੀ ਸੱਜਣਾਂ ਅਤੇ ਸੰਸਥਾਵਾਂ ਨਾਲ ਸੰਪਰਕ ਬਣਾਏ ਹੋਏ ਹਨ । ਜਿਸ ਦੇ ਨਤੀਜੇ ਵਜੋਂ ਅੱਜ ਇਹ ਸਹਿਯੋਗ ਪ੍ਰਾਪਤ ਹੋਇਆ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਖੁਦ ਵੀ ਇਕ ਦਾਨੀ ਸਰੋਤ ਦੇ ਸੰਪਰਕ ਵਿੱਚ ਹਨ ਅਤੇ ਬਹੁਤ ਛੇਤੀ ਸਕੂਲ ਨੂੰ ਕੁਝ ਨਾ ਕੁਝ ਲੈ ਕੇ ਦੇਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਸਕੂਲ ਦੇ ਜਮਾਤ-ਕਮਰੇ ਸਮਾਰਟ ਬਣ ਜਾਣ ਕਾਰਨ ਪੁਰਾਣੇ ਟੀਚਰ ਟੇਬਲ ਬਦਲਣ ਦੀ ਲੋੜ ਮਹਿਸੂਸ ਹੋ ਰਹੀ ਸੀ। ਹੁਣ ਇਨ੍ਹਾਂ ਕਮਰਿਆਂ ਦੀ ਦਿੱਖ ਵਿੱਚ ਹੋਰ ਵੀ ਵਾਧਾ ਹੋ ਜਾਵੇਗਾ। ਸਕੂਲ ਦੇ ਹੈਡਮਾਸਟਰ ਨੇ ਸਮਾਜ ਦੇ ਨਾਂ ਜਾਰੀ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਹੀ ਦੇਸ਼ ਦਾ ਭਵਿੱਖ ਹੁੰਦੇ ਹਨ। ਇਨ੍ਹਾਂ ਬੱਚਿਆਂ ਦੀ ਭਲਾਈ ਕਰਕੇ ਮਨੁੱਖ ਮਾਨਸਿਕ ਸ਼ਾਂਤੀ ਪ੍ਰਾਪਤ ਕਰਦਾ ਹੈ। ਇਸ ਲਈ ਸਮਾਜ ਦੇ ਹਰ ਇੱਕ ਵਿਅਕਤੀ ਨੂੰ ਚਾਹੀਦਾ ਹੈ ਕਿ ਹਰ ਖੁਸ਼ੀ-ਗ਼ਮੀ ਦੇ ਮੌਕੇ ਦਾਨ-ਪੁੰਨ ਕਰਨ ਸਮੇਂ ਵਿੱਦਿਆ ਦੇ ਮੰਦਰ ਨੂੰ ਉਹ ਜ਼ਰੂਰ ਆਪਣੀ ਸੂਚੀ ਵਿੱਚ ਸ਼ਾਮਿਲ ਕਰੇ।