ਸਰਹਦੀ ਖੇਤਰ ਦੇ ਲੋਕਾਂ ਨੂੰ ਵਿਕਸਤ ਕਰਨਾ ਪੰਜਾਬ ਸਰਕਾਰ ਦੀ ਵਿਸ਼ੇਸ਼ ਤਰਜੀਹ-ਨਰਿੰਦਰ ਪਾਲ ਸਿੰਘ ਸਵਨਾ
ਫ਼ਾਜ਼ਿਲਕਾ 10 ਸਤੰਬਰ (ਪੀ.ਟੀ.ਨੈਟਵਰਕ)
ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਰਹੱਦੀ ਖੇਤਰ ਦੇ ਲੋਕਾਂ ਨੂੰ ਵਿਕਸਿਤ ਕਰਨ ਲਈ ਵਿਸ਼ੇਸ਼ ਧਿਆਨ ਦੇ ਰਹੀ ਹੈ। ਬਾਰਡਰ ਏਰੀਆ ਦੇ ਲੋਕਾਂ ਦੀ ਭਲਾਈ ਲਈ ਸੂਬਾ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਇਨ੍ਹਾਂ ਖੇਤਰਾਂ ਦੇ ਲੋਕਾਂ ਲਈ ਇਕ ਛੱਤ ਹੇਠ ਕੈਂਪ ਲਗਾ ਕੇ ਵਿਭਾਗ ਦੀਆਂ ਸਕੀਮਾਂ ਤਹਿਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕੀਤਾ।
ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਸ਼ਨ ਆਬਾਦ 30 ਤਹਿਤ ਸੁਵਿਧਾ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ।ਇਨ੍ਹਾਂ ਕੈਂਪਾਂ ਨਾਲ ਲੋਕ ਆਪਣੀਆਂ ਵੱਖ-ਵੱਖ ਸੇਵਾਵਾਂ ਇਕੋਂ ਥਾਂ ਤੋਂ ਹੀ ਪ੍ਰਾਪਤ ਕਰ ਸਕਣਗੇ ਜ਼ੋ ਕਿ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਜ਼ਿਲ੍ਹਾ ਪੁਲਿਸ ਮੁਖੀ ਸ. ਭੁਪਿੰਦਰ ਸਿੰਘ ਅਤੇ ਐਸ.ਡੀ.ਐਮ. ਸ੍ਰੀ ਰਵਿੰਦਰ ਸਿੰਘ ਅਰੋੜਾ ਨੇ ਕੈਂਪਾਂ ਵਿਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਇਸ ਮਿਸ਼ਨ ਤਹਿਤ ਕੌਮਾਂਤਰੀ ਸਰਹੱਦ ਨਾਲ ਲੱਗਦੇ 30 ਪਿੰਡਾਂ ਵਿਚ ਇਹ ਸੁਵਿਧਾ ਕੈਂਪ ਲੜੀ ਵਾਰ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਆਪਦਾ ਕੰਮ-ਕਾਜ ਛੱਡ ਕੇ ਸ਼ਹਿਰ ਵਿਖੇ ਦਫਤਰਾਂ ਵਿਖੇ ਆਉਣ ਦੀ ਲੋੜ ਨਾ ਜਾਪੇ ਸਗੋ ਪ੍ਰਸ਼ਾਸਨਿਕ ਅਧਿਕਾਰੀ ਤੇ ਕਰਮਚਾਰੀ ਉਨ੍ਹਾਂ ਕੋਲ ਪਹੁੰਚ ਕੇ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਤੇ ਯੋਜਨਾਵਾ ਦਾ ਲਾਭ ਪਹੁੰਚਾ ਸਕਣ।
ਇਸੇ ਤਹਿਤ ਅੱਜ ਮਿਸ਼ਨ ਦੇ ਤੀਜੇ ਕੈਂਪ ਦੌਰਾਨ ਜ਼ਿਲ੍ਹੇ ਦੇ ਬਲਾਕ ਖੂਈਆਂ ਸਰਵਰ ਅਧੀਨ ਪੈਂਦੇ ਪਿੰਡ ਸਿਵਾਨਾ ਤੇ ਸਿਵਾਨਾ ਉਰਫ ਝੁਗੀਆਂ ਦੇ ਲੋਕਾਂ ਵਾਸਤੇ ਸਰਕਾਰੀ ਪ੍ਰਾਇਮਰੀ ਸਕੂਲ ਸਿਵਾਨਾ ਵਿਖੇ ਅਤੇ ਬਲਾਕ ਫਾਜ਼ਿਲਕਾ ਦੇ ਪਿੰਡ ਮੁਹਾਰ ਜਮਸ਼ੇਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਮੁਹਾਰ ਜਮਸ਼ੇਰ ਵਿਖੇ ਇਹ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਹਰੇਕ ਕਿਤੇ ਨਾਲ ਸਬੰਧਤ ਜਾਣਕਾਰੀ ਅਤੇ ਸੇਵਾ ਦੇਣ ਲਈ ਵਿਭਾਗੀ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਡਾ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਜਾਤੀ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਦਿਹਾਤੀ ਏਰੀਆ ਸਰਟੀਫਿਕੇਟ, ਬਾਰਡਰ ਏਰੀਆ ਸਰਟੀਫਿਕੇਟ, ਪੈਨਸ਼ਨ ਨਾਲ ਸਬੰਧਤ ਸੁਵਿਧਾਵਾਂ, ਸਿਹਤ ਵਿਭਾਗ ਨਾਲ ਸਬੰਧਤ ਸੁਵਿਧਾਵਾਂ, ਪੇਂਡੂ ਵਿਕਾਸ ਵਿਭਾਗ ਨਾਲ ਸੰਬੰਧਤ ਕੰਮ, ਮਗਨਰੇਗਾ ਨਾਲ ਸੰਬੰਧਤ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਆਧਾਰ ਕਾਰਡ ਬਣਾਉਣ ਵਰਗੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ।
ਪੰਜਾਬ ਪੁਲੀਸ ਵੱਲੋਂ ਵਿਭਾਗੀ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ ਨਾਲ ਪੰਜਾਬ ਪੁਲੀਸ ਵਿੱਚ ਭਰਤੀ ਹੋਣ ਸਬੰਧੀ ਵੀ ਨੌਜਵਾਨਾਂ ਨੂੰ ਜਾਣਕਾਰੀ ਦਿੱਤੀ । ਕੈਪਾਂ ਦੌਰਾਨ ਨੌਜਵਾਨਾਂ ਨੂੰ ਨਸ਼ੇ ਦੇ ਦੁਸ਼ ਪ੍ਰਭਾਵਾਂ ਬਾਰੇ ਵੀ ਜਾਗਰੂਕ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਬੀਐਸਐਫ ਵੱਲੋਂ ਪਿੰਡਾਂ ਦੇ ਨੌਜਵਾਨਾਂ ਨੂੰ ਭਾਰਤੀ ਫ਼ੌਜ ਅਤੇ ਬੀਐੱਸਐੱਫ ਵਿੱਚ ਭਰਤੀ ਸਬੰਧੀ ਵੀ ਜਾਣਕਾਰੀ ਦਿੱਤੀ ਗਈ।
ਇਨ੍ਹਾਂ ਕੈਂਪਾਂ ਦੌਰਾਨ ਮੌਕੇ ਤੇ ਹੀ ਬਹੁਤ ਸਾਰੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਅਤੇ ਸਰਟੀਫਿਕੇਟ ਮੁਹੱਈਆ ਕਰਵਾਏ ਗਏ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਆਪੋ-ਆਪਣੇ ਵਿਭਾਗ ਨਾਲ ਸਬੰਧਤ ਕਾਉਂਟਰ ਸਥਾਪਿਤ ਕੀਤੇ ਗਏ ਜਿਥੇ ਲੋਕਾਂ ਨੂੰ ਸਰਕਾਰੀ ਸਕੀਮਾਂ ਤੇ ਯੋਜਨਾਵਾਂ ਸਬੰਧੀ ਅਹਿਮ ਜਾਣਕਾਰੀ ਮੁਹੱਈਆ ਕਰਵਾਈ ਗਈ।