Teacher ਹੁਣ ਇਨਸਾਫ ਲਈ 25 ਸਤੰਬਰ ਨੂੰ ਆਨੰਦਪੁਰ ਸਾਹਿਬ ਵੱਲ ਘੱਤਣਗੇ ਵਹੀਰਾਂ

Advertisement
Spread information

ਅਧਿਆਪਕਾਂ ਵੱਲੋਂ 25 ਸਤੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਇਨਸਾਫ ਰੈਲੀ” ਦਾ ਐਲਾਨ

ਓ.ਡੀ.ਐੱਲ. ਅਧਿਆਪਕਾਂ ਦੇ ਰੈਗੂਲਰ ਆਰਡਰ ਅਤੇ 180 ਈ.ਟੀ.ਟੀ. ਨੂੰ ਮੂਲ ਭਰਤੀ ਦੇ ਲਾਭ ਦੇਣ ਦੀ ਮੰਗ

ਡੀ.ਟੀ.ਐੱਫ. ਤੇ ਸਹਿਯੋਗੀਆਂ ਵੱਲੋਂ ਅਧਿਆਪਕ ਵਰਗ ਨੂੰ ਸੰਘਰਸ਼ ਦਾ ਭਰਵਾਂ ਹਿੱਸਾ ਬਣਨ ਦੀ ਅਪੀਲ


ਹਰਿੰਦਰ ਨਿੱਕਾ , ਬਰਨਾਲਾ,23 ਅਗਸਤ 2022
     ਸਕੂਲ ਸਿੱਖਿਆ ਵਿਭਾਗ ਵੱਲੋਂ ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ (3442, 7654, 5178 ਭਰਤੀ) ਦੇ 8 ਸਾਲਾਂ ਤੋਂ ਰੋਕੇ ਰੈਗੂਲਰ ਆਰਡਰਾਂ ਜਾਰੀ ਕਰਵਾਉਣ ਅਤੇ 180 ਈ.ਟੀ.ਟੀ. ਅਧਿਆਪਕਾਂ ‘ਤੇ ਮੂਲ ਭਰਤੀ (4500 ਅਤੇ 2005 ਈਟੀਟੀ ਭਰਤੀ) ਦੀਆਂ ਸੇਵਾ ਸ਼ਰਤਾਂ ਤਹਿਤ ਪੰਜਾਬ ਤਨਖਾਹ ਸਕੇਲ ਤੇ ਪਿਛਲੀ ਸਰਵਿਸ ਦੇ ਸਾਰੇ ਲਾਭ ਬਹਾਲ ਕਰਵਾਉਣ ਸੰਬੰਧੀ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ, ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ, ਓ.ਡੀ.ਐੱਲ. (3442, 7654) ਅਧਿਆਪਕ ਯੂਨੀਅਨ ਅਤੇ 6505 ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋਸੀਏਸ਼ਨ (ਜੈ ਸਿੰਘ ਵਾਲਾ) ਦੇ ਆਗੂਆਂ ਦੀ ਭਰਵੀਂ ਮੀਟਿੰਗ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, 6505 ਈ.ਟੀ.ਟੀ. ਦੇ ਸੂਬਾ ਆਗੂ ਕਮਲ ਠਾਕੁਰ ਅਤੇ ਓ.ਡੀ.ਐੱਲ. ਅਧਿਆਪਕਾਂ ਦੇ ਸੂਬਾ ਆਗੂ ਬਲਜਿੰਦਰ ਗਰੇਵਾਲ ਦੀ ਸਾਂਝੀ ਅਗਵਾਈ ਵਿੱਚ ਹੋਈ। ਜਿਸ ਵਿੱਚ 25 ਸਤੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਚੋਣ ਹਲਕੇ ਆਨੰਦਪੁਰ ਸਾਹਿਬ ਵਿੱਚ ਸੂਬਾ ਪੱਧਰੀ ਇਨਸਾਫ ਰੈਲੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
     ਇਸ ਸੰਬੰਧੀ ਜਾਣਕਾਰੀ ਦਿੰਦਿਆ ਸੂਬਾ ਮੀਤ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਨਿਰਮਲ ਚੁਹਾਣਕੇ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ 3442 ਅਤੇ 7654 ਭਰਤੀਆਂ ਵਿਚਲੇ ਸੈਂਕੜੇ ਹੋਰਨਾਂ ਓ.ਡੀ.ਐੱਲ. ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾ ਚੁੱਕਾ ਹੈ, ਹਜ਼ਾਰਾਂ ਅਧਿਆਪਕਾਂ ਦੀ ਪ੍ਰੋਮੋਸ਼ਨ ਵੀ ਹੋ ਚੁੱਕੀ ਹੈ, ਪ੍ਰੰਤੂ ਬੇਇਨਸਾਫ਼ੀ ਅਤੇ ਪੱਖਪਾਤ ਕਰਦਿਆਂ 125 ਦੇ ਕਰੀਬ ਅਧਿਆਪਕਾਂ ਦੇ ਰੈਗੂਲਰ ਆਰਡਰਾਂ ਨੂੰ ਅਧਿਕਾਰ ਖੇਤਰ ਤੋਂ ਬਾਹਰ ਦੀ ਡਿਗਰੀ ਹੋਣ ਦੇ ਹਵਾਲੇ ਤਹਿਤ 8 ਸਾਲਾਂ ਤੋਂ ਪੈਂਡਿੰਗ ਰੱਖਿਆ ਹੋਇਆ ਹੈ, ਜਦ ਕਿ ਸਾਲ 2019 ਵਿੱਚ ਹਾਈ ਕੋਰਟ ਵੱਲੋਂ ਵੀ ਇਨ੍ਹਾਂ ਅਧਿਆਪਕਾਂ ਦੇ ਪੱਖ ਵਿੱਚ ਫ਼ੈਸਲਾ ਸੁਣਾਉਂਦਿਆਂ ਰੈਗੂਲਰਾਈਜ਼ੇਸ਼ਨ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸੇ ਤਰ੍ਹਾਂ ਸਾਲ 2016 ਵਿੱਚ ਹੋਈ 4500 ਅਤੇ 2005 ਈ.ਟੀ.ਟੀ. ਅਸਾਮੀਆਂ ਦੀ ਰੈਗੂਲਰ ਭਰਤੀ ਵਿੱਚੋਂ 180 ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਜਬਰੀ ਖਤਮ ਕਰਦਿਆਂ ਮੁੱਢਲੀ ਭਰਤੀ ਦੀਆਂ ਸੇਵਾ ਸ਼ਰਤਾਂ ਤੋਂ ਵੱਖ ਕਰ ਦਿੱਤਾ ਗਿਆ ਅਤੇ ਨਿਯਮਾਂ ਤੋਂ ਉਲਟ  ਨਵੇਂ ਤਨਖਾਹ ਸਕੇਲ ਮੜ੍ਹ ਦਿੱਤੇ ਗਏ ਹਨ। ਇਹਨਾਂ ਦੋਨੋਂ ਗੰਭੀਰ ਮਾਮਲਿਆਂ ਨੂੰ ਪੀੜਤ ਅਧਿਆਪਕਾਂ ਨਾਲ ਘੋਰ ਬੇਇਨਸਾਫ਼ੀ ਤੇ ਪੱਖਪਾਤ ਮੰਨਦੇ ਹੋਏ ਫ਼ੈਸਲਾ ਕੀਤਾ ਗਿਆ ਕਿ 1 ਅਤੇ 2 ਸਤੰਬਰ 2022 ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਪ੍ਰਾਇਮਰੀ ਅਤੇ ਸੈਕੰਡਰੀ) ਰਾਹੀਂ ਸਮੂਹਿਕ ਰੂਪ ਵਿੱਚ ਸਿੱਖਿਆ ਮੰਤਰੀ ਦੇ ਨਾਂ ਦੋ-ਨੁਕਾਤੀ ਮੰਗ ਪੱਤਰ ਭੇਜੇ ਜਾਣਗੇ। 13 ਸਤੰਬਰ ਨੂੰ ਵੱਡੇ ਸਮੂਹ ਦੇ ਰੂਪ ਆਨੰਦਪੁਰ ਸਾਹਿਬ ਵਿਖੇ ਪ੍ਰਸ਼ਾਸ਼ਨ ਰਾਹੀਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਂ ਸੰਘਰਸ਼ ਦਾ ਨੋਟਿਸ ਦਿੱਤਾ ਜਾਵੇਗਾ। 25 ਸਤੰਬਰ ਨੂੰ ਸਿੱਖਿਆ ਮੰਤਰੀ ਦੇ ਚੋਣ ਹਲਕੇ ਆਨੰਦਪੁਰ ਸਾਹਿਬ ਵਿਖੇ ਸੂਬੇ ਭਰ ‘ਚੋਂ ਹਜ਼ਾਰਾਂ ਅਧਿਆਪਕਾਂ ਦੀ ਸ਼ਮੂਲੀਅਤ ਵਾਲੀ “ਇਨਸਾਫ ਰੈਲੀ” ਕੀਤੀ ਜਾਵੇਗੀ ਅਤੇ ਮੰਗਾਂ ਪ੍ਰਤੀ ਹਾਂ ਪੱਖੀ ਪ੍ਰਤੀਕਿਰਿਆ ਨਾ ਮਿਲਣ ਦੀ ਸੂਰਤ ਵਿੱਚ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।
Advertisement
Advertisement
Advertisement
Advertisement
Advertisement
error: Content is protected !!