ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਹੋਈ ਮੁੱਖ ਮੰਤਰੀ ਨਿਵਾਸ ਵਿਖੇ ਪੁਲੀਸ ਨਾਲ ਝੜਪ
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੇ ਕੀਤਾ ਮੁੱਖ ਮੰਤਰੀ ਨਿਵਾਸ ਦਾ ਘਿਰਾਓ
ਪਰਦੀਪ ਕਸਬਾ , 31 ਜੁਲਾਈ, ਸੰਗਰੂਰ 2022
ਪਿਛਲੇ ਲੰਮੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵਲੋਂ ਅੱਜ ਬੀ.ਐੱਸ.ਐੱਨ.ਐੱਲ. ਪਾਰਕ ਵਿਖੇ ਸੂਬਾ ਪੱਧਰੀ ਇੱਕਠ ਕੀਤਾ ਗਿਆ । ਜਿਸ ਦੌਰਾਨ ਵੱਖ ਵੱਖ ਜ਼ਿਲ੍ਹਿਆਂ ਤੋਂ ਬੇਰੁਜ਼ਗਾਰ ਅਧਿਆਪਕ ਸੰਗਰੂਰ ਵਿਖੇ ਪਹੁੰਚੇ । ਪਹਿਲਾਂ ਪੁਲੀਸ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਕਿ ਤੁਹਾਡੀ ਅੱਜ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ । ਪਰ ਪ੍ਰਸ਼ਾਸਨ ਵੱਲੋਂ ਅੱਜ ਕੋਈ ਵੀ ਮੀਟਿੰਗ ਨਹੀਂ ਕਰਾਈ ਗਈ । ਜਿਸ ਤੋਂ ਭੜਕੇ ਬੇਰੁਜ਼ਗਾਰ ਅਧਿਆਪਕ ਆਪਣੀਆਂ ਗੱਡੀਆਂ ਸਿੱਧੇ ਮੁੱਖ ਮੰਤਰੀ ਨਿਵਾਸ ਤੇ ਪਹੁੰਚੇ ਤੇ ਜਦੋਂ ਬੇਰੁਜ਼ਗਾਰ ਅਧਿਆਪਕ ਅੱਗੇ ਵਧਣ ਲੱਗੇ ਤਾਂ ਪੁਲੀਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨਾਲ ਝੜਪ ਕੀਤੀ ਗਈ ।
ਇਸ ਮੌਕੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਨਿਰਮਲ ਜ਼ੀਰਾ, ਸਲਿੰਦਰ ਕੰਬੋਜ,ਮਨੀ ਸੰਗਰੂਰ ਕੁਲਦੀਪ ਖੋਖਰ, ਜੱਗਾ ਬੋਹਾ,ਤੇ ਗੁਰਪ੍ਰੀਤ ਫ਼ਾਜ਼ਿਲਕਾ ਅਸੋਕ ਬਾਵਾ ਨੇ ਕਿਹਾ ਕਿ 6635 ਈਟੀਟੀ ਅਧਿਆਪਕਾਂ ਦੀ ਦੂਜੀ ਲਿਸਟ ਜਾਰੀ ਕੀਤੀ ਜਾਵੇ, 5994 ਈਟੀਟੀ ਅਧਿਆਪਕਾਂ ਦੀ ਭਰਤੀ ਦਾ ਇਸ਼ਤਿਹਾਰ 16 ਦਸੰਬਰ ਨੂੰ ਜਾਰੀ ਹੋ ਚੁੱਕਿਆ ਸੀ ਪਰ ਲਗਾਤਾਰ 7 ਮਹੀਨਿਆਂ ਤੋਂ ਬਾਅਦ ਵੀ ਉਸ ਦਾ ਆਨਲਾਈਨ ਪੋਰਟਲ ਨਹੀਂ ਖੋਲ੍ਹਿਆ ਗਿਆ , 2364 ਈਟੀਟੀ ਅਧਿਆਪਕਾਂ ਦੀ ਭਰਤੀ ਹਾਲੇ ਤੱਕ ਮੁੜ ਬਹਾਲ ਨਹੀਂ ਹੋਈ ਤੇ ਉਮਰ ਹੱਦ ਪਾਰ ਕਰ ਚੁੱਕੇ ਉਮੀਦਵਾਰਾਂ ਨੂੰ ਉਮਰ ਹੱਦ ਵਿਚ ਛੋਟ ਦਿੱਤੀ ਜਾਵੇ । ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਮੰਨ ਕੇ ਜਲਦੀ ਹੱਲ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ. ਤਿੱਖੇ ਰੂਪ ਵਿੱਚ ਸੰਘਰਸ਼ ਕੀਤੇ ਜਾਣਗੇ । ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ ।