ਪੰਜਵੇ ਸਾਲ ਰਿਜ਼ਰਵ ਕੋਟੇ ਦੀ ਜ਼ਮੀਨ ਲੈਣ ਚ ਹੋਏ ਖੇਤ ਮਜ਼ਦੂਰ ਸਫ਼ਲ
ਪਰਦੀਪ ਕਸਬਾ , ਸੰਗਰੂਰ, 1 ਜੁਲਾਈ 2022
ਪਿੰਡ ਛਾਜਲਾ ਵਿਖੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਅਗਵਾਈ ਹੇਠ ਪਿੰਡ ਦਾ ਸਮੂਹ ਦਲਿਤ ਭਾਈਚਾਰਾ ਰਿਜ਼ਰਵ ਕੋਟੇ ਦੀ ਜ਼ਮੀਨ ਲੈਣ ਚ ਕਾਮਯਾਬ ਹੋਇਆ ਹੈ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਸਕੱਤਰ ਧਰਮਪਾਲ ਸਿੰਘ ਅਤੇ ਬਲਾਕ ਆਗੂ ਭੋਲਾ ਸਿੰਘ ਛਾਜਲਾ ਨੇ ਕਿਹਾ ਕਿ ਪਿੰਡ ਦਾ ਸਮੂਹ ਦਲਿਤ ਭਾਈਚਾਰਾ ਪਿਛਲੇ ਪੰਜ ਸਾਲਾਂ ਤੋਂ ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਤੇ ਸਾਂਝੇ ਤੌਰ ਤੇ ਖੇਤੀ ਕਰਦਾ ਆ ਰਿਹਾ ਹੈ।
ਪਿੰਡ ਵਿਚ ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਦੋ ਏਕੜ ਹੈ । ਪਿੰਡ ਦੇ ਸਮੂਹ ਦਲਿਤ ਭਾਈਚਾਰੇ ਵਲੋਂ ਅਪਣੇ ਪਸ਼ੂਆਂ ਦੇ ਲਈ ਹਰਾ ਚਾਰਾ ਬੀਜਿਆ ਜਾਂਦਾ ਹੈ ਅਤੇ ਜਿਸ ਵਿੱਚ ਤਕਰੀਬਨ 60 ਪਰਿਵਾਰਾਂ ਵੱਲੋਂ ਹਿੱਸੇਦਾਰੀ ਕੀਤੀ ਜਾਂਦੀ ਹੈ।ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਲੈਣ ਨਾਲ ਖੇਤ ਮਜ਼ਦੂਰ ਔਰਤਾਂ ਦਾ ਮਾਣ ਸਨਮਾਨ ਚ ਵਾਧਾ ਹੋਇਆ ਹੈ ਕਿਉਂਕਿ ਉਨ੍ਹਾਂ ਨੂੰ ਹੁਣ ਬੇਗਾਨੀਆਂ ਵੱੱਟਾ ਤੇ ਨਹੀਂ ਜਾਣਾ ਪੈਂਦਾ ।
ਹੁਣ ਉਹ ਆਪਣੇ ਖੇਤ ਵਿੱਚ ਜਾ ਕੇ ਮਾਣ ਸਨਮਾਨ ਨਾਲ ਹਰਾ ਚਾਰਾ ਲੈ ਕੇ ਆਉਂਦੀਆਂ ਹਨ।ਅਖੀਰ ਉਪਰ ਆਗੂਆਂ ਨੇ ਆਮ ਆਦਮੀ ਪਾਰਟੀ ਵੱਲੋਂ ਪੇਸ਼ ਕੀਤੇ ਬਜਟ ਨੂੰ ਮਜ਼ਦੂਰ ਵਿਰੋਧੀ ਦੱਸਿਆ ਕਿਉਂਕਿ ਇਸ ਬਜਟ ਵਿਚ ਖੇਤ ਮਜ਼ਦੂਰਾਂ ਬਾਰੇ ਕੁਝ ਵੀ ਨਹੀਂ।ਇਸ ਮੌਕੇ ਸੂਬਾ ਸਿੰਘ, ਕ੍ਰਿਸ਼ਨ ਸਿੰਘ ਮੰਗੂ ਸਿੰਘ ਅਤੇ ਦਰਬਾਰਾ ਸਿੰਘ ਆਦਿ ਹਾਜ਼ਰ ਸਨ।